ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਅਨੂਪ ਸਿੰਘ ਵਿਰਦੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 31 ਅਗਸਤ 2026 – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਮੰਚ ਦੇ ਪੂਰਵ ਸਰਪ੍ਰਸਤ ਸ. ਅਨੂਪ ਸਿੰਘ ਵਿਰਦੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਮਨਮੋਹਨ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਅੰਮ੍ਰਿਤ ਲਾਲ ਮੰਨਣ, ਕੁਲਵੰਤ ਸਿੰਘ ਅਣਖੀ, ਇੰਜ. ਹਰਜਾਪ ਸਿੰਘ ਔਜਲਾ, ਹਰਦੀਪ ਸਿੰਘ ਚਾਹਲ ,ਪ੍ਰਧਾਨ ਸੁਰਿੰਦਰਜੀਤ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਰਾਜਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਯੋਗੇਸ਼ ਕਾਮਰਾ ਤੇ ਸਮੂਹ ਮੈਂਬਰਾਨ ਵਲੋਂ ਕਿਹਾ ਗਿਆ ਹੈ ਕਿ ਸ. ਅਨੂਪ ਸਿੰਘ ਵਿਰਦੀ ਬਹੁਤ ਨੇਕ ਦਿੱਲ ਇਨਸਾਨ ਸਨ। ਉਹ ਅੰਮ੍ਰਿਤਸਰ ਵਿਕਾਸ ਮੰਚ ਦੇ ਬਾਨੀਆਂ ਵਿੱਚੋਂ ਇੱਕ ਸਨ।ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਰਹਿੰਦੇ ਸਨ। ਉਹ ਪਿੰਡ ਡੇਹਰੀਵਾਲਾ (ਬਲਾਕ ਤਰਸਿੱਕਾ) ਦੇ ਜੰਮਪਲ ਸਨ। ਉਨ੍ਹਾਂ ਦੇ ਪਿਤਾ ਜੀ ਨੇ ਈਸਟ ਮੋਹਨ ਨਗਰ ਵਿੱਚ ਵਿਰਦੀ ਸ਼ਟਲ ਨਾਂ ਹੇਠ ਇੱਕ ਕਾਰਖਾਨਾ ਲਾਇਆ, ਜਿਸ ਦੀਆਂ ਬਣੀਆਂ ਸ਼ਟਲਾਂ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿੱਚ ਬਰਾਮਦ ਕੀਤੀਆਂ ਜਾਂਦੀਆਂ ਸਨ।
ਉਨ੍ਹਾਂ ਦੀ ਸਰਪ੍ਰਸਤੀ ਤੇ ਸ. ਹਰਮੋਹਨ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਚਲੀਆਂ ਪਸ਼ੂਆਂ ਦੀਆਂ ਡੇਅਰੀਆਂ ਸ਼ਹਿਰੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ ਸਕੀਮ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਪਾ ਕੇ ਲਾਗੂ ਕਰਵਾਈ। ਮੰਚ ਵੱਲੋਂ ਅੰਮ੍ਰਿਤਸਰ ਸ਼ਹਿਰ ਦਾ ਸਥਾਪਨਾ ਦਿਵਸ 1997 ਵਿੱਚ ਮਨਾਉਣਾ ਸ਼ੁਰੂ ਕੀਤਾ ਗਿਆ ਤੇ ਸੁਵੀਨੀਅਰ ਪ੍ਰਕਾਸ਼ਿਤ ਕਰਨ ਦੀ ਪਿਰਤ ਪਾਈ ਗਈ। ਆਪ ਨੇ ਸੁਵੀਨੀਅਰ ਪ੍ਰਕਾਸ਼ਿਤ ਕਰਨ ਲਈ ਸ. ਪ੍ਰੀਤਮ ਸਿੰਘ ਕਲਸੀ, ਸ. ਜਸਪਾਲ ਸਿੰਘ ਨਿਉ ਇੰਡੀਆ, ਸ.ਓਂਕਾਰ ਸਿੰਘ ਸੰਧੂ ਤੇ ਹੋਰ ਉਦਯੋਗਪਤੀਆਂ ਨੂੰ ਨਾਲ ਲੈ ਕੇ ਮਾਇਕ ਸਹਾਇਤਾ ਇਕਤੱਰ ਕੀਤੀ।
ਆਪ ਨੇ 1991 ਤੋਂ 1996 ਤੀਕ ਬਤੌਰ ਅੰਮ੍ਰਿਤਸਰ ਨਗਰ ਨਿਗਮ ਦੇ ਮੈਂਬਰ ਬਣ ਕੇ ਬਹੁਤ ਸਾਰੇ ਕੰਮ ਕਰਵਾਏ। ਰਾਮਗੜ੍ਹੀਆ ਸੰਸਥਾਵਾਂ ਨਾਲ ਮਿਲ ਕੇ ਕਈ ਕੰਮ ਕਰਵਾਏ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਵਿਚਲੇ ਬੁੰਗਾ ਰਾਮਗੜ੍ਹੀਆ ਦਾ ਪੁਨਰ ਨਿਰਮਾਣ ਕਰਵਾਉਣਾ ,ਈਸਟ ਮੋਹਨ ਨਗਰ ਦਾ ਨਾਂ ਬਦਲ ਕੇ ਸ.ਜੱਸਾ ਸਿੰਘ ਰਾਮਗੜ੍ਹੀਆ ਨਗਰ ਰੱਖਵਾਉਣਾ, 100 ਫੁੱਟੀ ਰੋਡ ‘ਤੇ ਜੱਸਾ ਸਿੰਘ ਰਾਮਗੜ੍ਹੀਆ ਗੇਟ ਬਣਵਾਉਣਾ, ਜੀ.ਟੀ. ਰੋਡ ‘ਤੇ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਲਗਵਾਉਣਾ, ਭਾਈ ਲਾਲੋ ਜੀ ਕਮਿਊਨਿਟੀ ਹਾਲ ਬਣਵਉਣਾ ਆਦਿ ਸ਼ਾਮਿਲ ਹਨ।ਆਪ ਨੇ ਗੁਰੂ ਕੀ ਨਗਰੀ ਦੀ ਸਭ ਤੋਂ ਪੁਰਾਣੀ ਸਿੱਖ ਜਥੇਬੰਦੀ ਸ੍ਰੀ ਗੁਰੂ ਸਿੰਘ ਸਭਾ ਦੇ ਬਤੌਰ ਮੈਂਬਰ 35 ਸਾਲ ਸੇਵਾ ਕੀਤੀਤੇ ਉਹ ਇਸਦੇ 12 ਸਾਲ ਪ੍ਰਧਾਨ ਵੀ ਰਹੇ। ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੇ ਇਹ ਸੇਵਾ ਪ੍ਰਸਿੱਧ ਵਿਦਵਾਨ ਤੇ ਸਿੱਖਿਆ ਸ਼ਾਸਤਰੀ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਸੌਂਪ ਦਿੱਤੀ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
Share this content:



Post Comment