Loading Now

ਅਮਰੀਕਾ ਵੱਲੋਂ ‘ਬਰਥ ਟੂਰਿਜ਼ਮ’ ਖ਼ਿਲਾਫ਼ ਸਖ਼ਤ ਕਾਰਵਾਈ

ਅਮਰੀਕਾ ਵੱਲੋਂ ‘ਬਰਥ ਟੂਰਿਜ਼ਮ’ ਖ਼ਿਲਾਫ਼ ਸਖ਼ਤ ਕਾਰਵਾਈ

ਵਾਸ਼ਿੰਗਟਨ, 14 ਅਗਸਤ – ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ‘ਬਰਥ ਟੂਰਿਜ਼ਮ’ (ਬੱਚੇ ਨੂੰ ਜਨਮ ਦੇਣ ਲਈ ਵਿਦੇਸ਼ ਯਾਤਰਾ) ਖ਼ਿਲਾਫ਼ ਇੱਕ ਨਵੀਂ ਮੁਹਿੰਮ ਤਹਿਤ ਉਸ ਨੇ ਵਿਦੇਸ਼ੀ ਨਾਗਰਿਕਾਂ ਦੇ 600 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਵਿਭਾਗ ਨੇ ਕਿਹਾ ਕਿ ਉਸ ਨੇ ‘ਬਰਥ ਟੂਰਿਜ਼ਮ ਪ੍ਰਿਵੈਂਸ਼ਨ ਟਾਸਕ ਫੋਰਸ’ ਬਣਾਈ ਹੈ। ਇਸ ਦਾ ਮਕਸਦ ਅਜਿਹੇ ਵੀਜ਼ਾ ਧਾਰਕਾਂ ਦੀ ਪਛਾਣ ਕਰਨਾ ਹੈ, ਜੋ ਬੱਚੇ ਨੂੰ ਜਨਮ ਦੇਣ ਲਈ ਅਮਰੀਕਾ ਗਏ ਸਨ ਤੇ ਉਨ੍ਹਾਂ ਲੋਕਾਂ ਦਾ ਪਤਾ ਲਗਾਉਣਾ ਹੈ, ਜਿਨ੍ਹਾਂ ਨੇ ਅਜਿਹੀ ਯਾਤਰਾ ‘ਚ ਮਦਦ ਕੀਤੀ ਸੀ। ਵਿਭਾਗ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕੋਲ ਵੀਜ਼ੇ ਰੱਦ ਕਰਨ ਦਾ ਅਧਿਕਾਰ ਹੈ। ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇ ਅਗਸਤ ਨੂੰ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਹੁਕਮ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ’ਚ ‘ਬਰਥ ਟੂਰਿਜ਼ਮ’ ਦੀ ਪਰਿਭਾਸ਼ਾ ਅਜਿਹੇ ਵਿਦੇਸ਼ੀ ਨਾਗਰਿਕ ਵਜੋਂ ਕੀਤੀ ਗਈ ਹੈ, ਜੋ ਅਮਰੀਕੀ ਧਰਤੀ ‘ਤੇ ਬੱਚੇ ਨੂੰ ਜਨਮ ਦੇਣ ਦੇ ਮਕਸਦ ਨਾਲ ਗੈਰ-ਪ੍ਰਵਾਸੀ ਵੀਜ਼ੇ ‘ਤੇ ਆਉਂਦਾ ਹੈ।

ਅਧਿਕਾਰੀਆਂ ਨੇ ਕਈ ਮਾਮਲਿਆਂ ਦਾ ਜ਼ਿਕਰ ਕੀਤਾ। ਇੱਕ ਜੋੜੇ ਨੇ ਅਮਰੀਕਾ ‘ਚ ਦੋ ਬੱਚਿਆਂ ਨੂੰ ਜਨਮ ਦੇਣ ਲਈ ਯਾਤਰਾ ਕਰਦਿਆਂ ਕਾਨਫਰੰਸ ਅਤੇ ਖਰੀਦਦਾਰੀ ਦੀਆਂ ਛੁੱਟੀਆਂ ਦਾ ਬਹਾਨਾ ਬਣਾਇਆ। ਉਨ੍ਹਾਂ ਨੇ ਦੋ ਵੱਖ-ਵੱਖ ਵੀਜ਼ਾ ਅਰਜ਼ੀਆਂ ‘ਚ ਆਪਣੇ ਮਕਸਦ ਬਾਰੇ ਝੂਠ ਬੋਲਿਆ ਅਤੇ ਦੂਜੀ ਅਰਜ਼ੀ ਦੌਰਾਨ ਇੱਕ ਬੱਚਾ ਹੋਣ ਦੀ ਗੱਲ ਲੁਕਾਈ। ਉਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ। ਇੱਕ ਹੋਰ ਮਾਮਲੇ ‘ਚ, ਇੱਕ ਵਿਦੇਸ਼ੀ ਸਰਕਾਰੀ ਅਧਿਕਾਰੀ ਨੇ ਇੱਕ ਹਫ਼ਤੇ ਦੀ ਅਧਿਕਾਰਤ ਯਾਤਰਾ ਲਈ ਵੀਜ਼ਾ ਮੰਗਿਆ। ਇਸ ਦੀ ਬਜਾਏ, ਉਹ ਤਿੰਨ ਮਹੀਨੇ ਤੱਕ ਦੇਸ਼ ‘ਚ ਰਹੀ ਅਤੇ ਜਾਣ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ। ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ।

Share this content:

Post Comment