ਅਧਿਆਪਕਾਂ ਨੂੰ ਹਰ ਸਾਲ ਲੈਣੀ ਪਵੇਗੀ 50 ਘੰਟਿਆਂ ਦੀ ਟ੍ਰੇਨਿੰਗ, ਨਹੀਂ ਤਾਂ ਰੁਕੇਗੀ ਤਰੱਕੀ ਤੇ ਇੰਕਰੀਮੈਂਟ
ਨਵੀਂ ਦਿੱਲੀ, 25 ਨਵੰਬਰ – ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਹੁਣ ਆਪਣੀ ਕਾਰਜਕੁਸ਼ਲਤਾ ਵਧਾਉਣ ਲਈ ਹਰ ਸਾਲ ਲਾਜ਼ਮੀ ਤੌਰ ‘ਤੇ 50 ਘੰਟੇ ਦੀ ਸਿਖਲਾਈ ਲੈਣੀ ਪਵੇਗੀ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਤਨਖ਼ਾਹ ਵਾਧੇ, ਤਰੱਕੀ ਅਤੇ ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਲਾਭ ਨਹੀਂ ਮਿਲੇਗਾ। ਸਿੱਖਿਆ ਮੰਤਰਾਲੇ ਨੇ ਕੇਂਦਰੀ ਅਤੇ ਨਵੋਦਿਆ ਸਕੂਲਾਂ ਵਿਚ ਇਸ ਨੂੰ ਲਾਗੂ ਕਰਨਾ ਸ਼ੁਰੂ ਕਰਨ ਦੇ ਨਾਲ ਹੀ ਸੂਬਿਆਂ ਨੂੰ ਵੀ ਇਸ ‘ਤੇ ਸਖ਼ਤੀ ਨਾਲ ਅਮਲ ਕਰਵਾਉਣ ਲਈ ਕਿਹਾ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਹਰਿਆਣਾ, ਤ੍ਰਿਪੁਰਾ ਅਤੇ ਬਿਹਾਰ ਵਰਗੇ ਸੂਬਿਆਂ ਵਿਚ ਅਧਿਆਪਕ ਸਿਖਲਾਈ ਦੀ ਮੁਹਿੰਮ ਤੇਜ਼ ਹੋ ਗਈ ਹੈ। ਇਸ ਦੇ ਘੇਰੇ ਵਿਚ ਸਰਕਾਰੀ ਅਤੇ ਨਿੱਜੀ ਦੋਵਾਂ ਸਕੂਲਾਂ ਦੇ ਅਧਿਆਪਕ ਹੋਣਗੇ।
ਤਿੰਨ ਪੜਾਵਾਂ ’ਚ ਮਿਲੇਗੀ ਇਹ ਸਿਖਲਾਈ
ਪਹਿਲਾ ਪੜਾਅ :
ਇਹ 24 ਘੰਟਿਆਂ ਦਾ ਹੋਵੇਗਾ, ਜੋ ਗਿਆਨ ਅਤੇ ਅਧਿਆਪਨ ਅਭਿਆਸ ‘ਤੇ ਆਧਾਰਿਤ ਹੋਵੇਗਾ। ਇਸ ਵਿਚ ਬੱਚਿਆਂ ਨੂੰ ਖੇਡ-ਖੇਡ ਅਤੇ ਕਹਾਣੀ ਦੀ ਸ਼ੈਲੀ ਵਿਚ ਪੜ੍ਹਾਉਣ, ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਆਦਿ ਬਾਰੇ ਦੱਸਿਆ ਅਤੇ ਸਿਖਾਇਆ ਜਾਵੇਗਾ। ਇਸ ਦੇ ਨਾਲ ਹੀ ਏਆਈ ਅਤੇ ਡਿਜੀਟਲ ਟੂਲਜ਼ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਦੂਜਾ ਪੜਾਅ :
ਇਹ 14 ਘੰਟਿਆਂ ਦਾ ਹੋਵੇਗਾ, ਜੋ ਪੇਸ਼ੇਵਰ ਵਿਕਾਸ ‘ਤੇ ਆਧਾਰਿਤ ਹੋਵੇਗਾ। ਇਸ ਵਿਚ ਤਣਾਅ ਪ੍ਰਬੰਧਨ ਅਤੇ ਕਲਾਸ ਰੂਮ ਨੂੰ ਕਿਵੇਂ ਖ਼ੁਸ਼ਨੁਮਾ ਰੱਖਿਆ ਜਾਵੇ, ਬੱਚਿਆਂ ਦੀ ਰੁਚੀ ਦੀ ਪਛਾਣ ਕਰ ਕੇ ਕਰੀਅਰ ਕਾਊਂਸਲਿੰਗ ਕਰਨ, ਬੱਚਿਆਂ ਨੂੰ ਆਪਸ ਵਿਚ ਮਿਲਜੁਲ ਕੇ ਰਹਿਣ ਅਤੇ ਬੈਠਣ ਆਦਿ ਦੀ ਸਿੱਖਿਆ ਦਿੱਤੀ ਜਾਵੇਗੀ।
ਤੀਜਾ ਪੜਾਅ :
ਇਹ 12 ਘੰਟਿਆਂ ਦਾ ਹੋਵੇਗਾ। ਇਸ ਵਿਚ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਕਿਵੇਂ ਜੋੜਿਆ ਜਾਵੇ, ਇਸ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਵਿਚ ਮਾਨਸਿਕ ਸਿਹਤ, ਸਾਈਬਰ ਸੁਰੱਖਿਆ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਦੇ ਨਾਲ ਦਿਵਿਆਂਗ ਅਤੇ ਹਰ ਵਰਗ ਦੇ ਬੱਚਿਆਂ ਨੂੰ ਨਾਲ ਲੈ ਕੇ ਚੱਲਣ, ਲਿੰਗਕ ਸੰਵੇਦਨਸ਼ੀਲਤਾ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Share this content:



Post Comment