Loading Now

ਅਗਲੀ ਰੁਤ ਮੇਂ…

ਅਗਲੀ ਰੁਤ ਮੇਂ…

ਮੈਨੂੰ ਕਾਲਜ ’ਚ ਬਤੌਰ ਕੱਚਾ ਪ੍ਰੋਫੈਸਰ ਪੜ੍ਹਾਉਂਦਿਆਂ ਹਾਲੇ ਦੋ ਕੁ ਮਹੀਨੇ ਹੀ ਹੋਏ ਸਨ ਕਿ ਸਟਾਫ਼ ਰੂਮ ਦਾ ਮਾਹੌਲ ਮੈਨੂੰ ਚੁਭਣ ਲੱਗ ਪਿਆ। ਸਟਾਫ ਰੂਮ ’ਚ ਬੈਠਣ ਵਾਲੇ ਅਧਿਆਪਕ ਜਾਂ ਤਾਂ ਖਰੀਦੇ ਪਲਾਟਾਂ ਦੀ ਧੀਮੀ ਰਫ਼ਤਾਰ ਨਾਲ ਵਧ ਰਹੀਆਂ ਕੀਮਤਾਂ ’ਤੇ ਪ੍ਰੇਸ਼ਾਨ ਹੁੰਦੇ ਰਹਿੰਦੇ ਜਾਂ ਕਾਰਾਂ ਦੇ ਮਾਡਲਾਂ ਬਾਰੇ ਵਿਚਾਰਦੇ ਰਹਿੰਦੇ। ਕੁਝ ਟਿਊਸ਼ਨਾਂ ਦੇ ਘਟ ਰਹੇ ਬੈਚਾਂ ਬਾਰੇ ਚਿੰਤਾ ਕਰਦੇ। ਇਕ ਦੋ ਜਣੇ ਕੈਬਿਨ ’ਚ ਬੈਠੇ ਸਿਗਰਟ ਫੂਕਦੇ ਰਹਿੰਦੇ। ਮਹਿਲਾ ਅਧਿਆਪਕਾਂ ਦੇ ਫੰਡੇ ਕਲੀਅਰ ਸਨ। ਪੰਜ ਪ੍ਰੋਫੈਸਰਨੀਆਂ ਦੀਆਂ ਗੱਲਾਂ ਘਰ ਪਰਿਵਾਰ ਦੁਆਲੇ ਘੁੰਮਦੀਆਂ। ਇਸ ਸਾਰੇ ਦ੍ਰਿਸ਼ ’ਚੋਂ ਕਿਤਾਬਾਂ ਗ਼ੈਰਹਾਜ਼ਰ ਸਨ, ਚਿੰਤਨ ਗਵਾਚਿਆ ਹੋਇਆ ਸੀ ਅਤੇ ਸਮਕਾਲੀ ਮਸਲਿਆਂ ਉੱਪਰ ਗੱਲ ਕਰਨ ਨੂੰ ਬਹਿਸਬਾਜ਼ੀ ਸਮਝਿਆ ਜਾਂਦਾ ਸੀ। ਮੈਂ ਜਿਨ੍ਹਾਂ ਪ੍ਰੋਫ਼ੈਸਰਾਂ ਤੋਂ ਪੜ੍ਹਿਆ ਜਾਂ ਜਿਨ੍ਹਾਂ ਨੂੰ ਪਹਿਲਾਂ ਮਿਲਿਆ ਸਾਂ ਉਹ ਵਿਦਵਤਾ ਨਾਲ ਭਰੇ ਹੋਏ ਸਨ। ਪਰ ਕਾਲਜ ਵਿੱਚ ਮੈਨੂੰ ਅਜਿਹੇ ਪ੍ਰੋਫੈਸਰ ਕਿਧਰੇ ਨਾ ਦਿਖਦੇ। ਮੈਂ ਡਰੇ ਹੋਏ ਜਵਾਕ ਵਾਂਗ ਆਲਾ-ਦੁਆਲਾ ਦੇਖਦਾ।

ਆਖ਼ੀਰ ਮੈਂ ਇਕ ਕਮਰੇ ’ਚ ਬੈਠਣ ਲੱਗਿਆ, ਜਿਹੜਾ ਐੱਨ ਐੱਸ ਐੱਸ ਦਾ ਦਫ਼ਤਰ ਸੀ ਤੇ ਯੂਨਿਟ ਇੰਚਾਰਜ ਨੂੰ ਅਲਾਟ ਕੀਤਾ ਹੋਇਆ ਸੀ। ਮੈਂ ਵੀਹ ਪੱਚੀ ਕਿਤਾਬਾਂ ਵੀ ਓਥੇ ਰੱਖ ਲਈਆਂ ਤੇ ਆਪਣੇ ਪੜ੍ਹਨ ਲਿਖਣ ਦਾ ਜੁਗਾੜ ਫਿੱਟ ਕਰ ਲਿਆ। ਇਕ ਦਿਨ ਜਦੋਂ ਮੈਂ ਆਪਣੀ ਕਲਾਸ ਲੈਣ ਗਿਆ ਹੋਇਆ ਸੀ ਤਾਂ ਦੌਰੇ ਚੜ੍ਹਿਆ ਪ੍ਰਿੰਸੀਪਲ ਉਸ ਕਮਰੇ ’ਚ ਫੇਰਾ ਮਾਰ ਗਿਆ। ਉਹਨੇ ਉਲੱਦ-ਪੁਲੱਦ ਕਰਕੇ ਉਹ ਕਿਤਾਬਾਂ ਵੀ ਜਾਚੀਆਂ ਜੋ ਮੈਂ ਪੜ੍ਹ ਰਿਹਾ ਸਾਂ। ਉਨ੍ਹਾਂ ਵਿੱਚ ਚੀ ਗਵੇਰਾ ਦੀਆਂ ਹਿੰਦੀ ਵਿੱਚ ਅਨੁਵਾਦ ਹੋਈਆਂ ਚਿੱਠੀਆਂ ਸਨ, ਜੋ ਉਹਨੇ ਆਪਣੀ ਦੂਜੀ ਬੀਵੀ ਨੂੰ ਲਿਖੀਆਂ ਸਨ। ਤੀਜੇ ਖੌਰੇ ਚੌਥੇ ਦਿਨ ਕੱਚੇ ਪ੍ਰੋਫ਼ੈਸਰਾਂ ਦੀ ਮੀਟਿੰਗ ਵਿੱਚ ਪ੍ਰਿੰਸੀਪਲ ਨੇ ਰੁੱਖਾ ਜਿਹਾ ਸਵਾਲ ਪੁੱਛਿਆ:

ਵੋਹ ਐੱਨ ਐੱਸ ਐੱਸ ਵਾਲੇ ਰੂਮ ਮੇਂ ਕੌਨ ਬੈਠਾ ਕਰਤਾ ਹੈ…?

ਮੈਂ ਕਿਹਾ ‘‘ਜੀ, ਮੈਂ ਬਹਿੰਦਾ ਹੁੰਨਾ।’’

‘‘ਅੱਛਾ, ਵਹਾਂ ਕਿਤਾਬੇਂ ਕਿਸਕੀ ਪੜੀ ਹੈਂ।’’

‘‘ਉਹ ਵੀ ਮੇਰੀਆਂ ਹੀ ਨੇ ਸਰ।’’

ਮੈਨੂੰ ਸ਼ੱਕ ਪੈ ਗਿਆ ਕਿ ਉਨ੍ਹਾਂ ਨੂੰ ਇਤਰਾਜ਼ ਕਿਤਾਬਾਂ ਉੱਪਰ ਹੀ ਹੋਇਆ ਹੋਣਾ। ਪ੍ਰਿੰਸੀਪਲ ਨੂੰ ਸ਼ਾਇਦ ਇਕ ਕੱਚੇ ਪ੍ਰੋਫ਼ੈਸਰ ਕੋਲੋਂ ਇੰਨੇ ਸਿੱਧੇ ਜਵਾਬ ਦੀ ਆਸ ਉੱਕਾ ਹੀ ਨਹੀਂ ਸੀ। ਉਹ ਬੋਲਿਆ, ‘‘ਵਹਾਂ ਤੋ ਚੀ ਗਵੇਰਾ ਕੀ ਕਿਤਾਬ ਭੀ ਥੀ, ਤੁਮ ਪੜ੍ਹ ਰਹੇ ਹੋ? ਵੋ ਤੋ ਖ਼ਤਰਨਾਕ ਆਦਮੀ ਥਾ.. ਉਸਕੀ ਕਿਤਾਬ ਪੜ੍ਹਨੇ ਕੀ ਕਯਾ ਜ਼ਰੂਰਤ ਹੈ..?’’

ਇਕ ਪਲ ਲਈ ਬੜੀਆਂ ਗੱਲਾਂ ਮੇਰੇ ਦਿਮਾਗ ’ਚ ਬਿਜਲੀ ਵਾਂਗ ਕੌਂਧ ਗਈਆਂ। ਨੌਕਰੀ ਤੋਂ ਕੱਢਿਆ ਜਾਣਾ, ਪ੍ਰਿੰਸੀਪਲ ਦੀਆਂ ਨਜ਼ਰਾਂ ਵਿੱਚ ਬੁਰਾ ਪ੍ਰਭਾਵ, ਮੈਨੇਜਮੈਂਟ ਵੱਲੋਂ ਪਾਬੰਦ ਕੀਤੇ ਜਾਣਾ, ਅਧਿਆਪਨ ਦਾ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ… ਵਗੈਰਾ ਵਗੈਰਾ।

ਪਤਾ ਨਹੀਂ ਕਿਸ ਚੀਜ਼ ਨੇ ਮੈਨੂੰ ਅੰਦਰੋਂ ਤਕੜਾ ਰੱਖਿਆ ਤੇ ਮੈਂ ਠਰ੍ਹੰਮੇ ਨਾਲ ਕਿਹਾ, ‘‘ਡਾ. ਸਾਬ੍ਹ, ਉਹਨੇ ਆਪਣੀ ਬੀਵੀ ਨੂੰ ਪਿਆਰ ਭਰੀਆਂ ਕਵਿਤਾਵਾਂ ਲਿਖੀਆਂ। ਜੰਗ ਤੇ ਇਕੱਲਤਾ ਵਿੱਚ ਘਿਰਿਆ ਬੰਦਾ ਕਿਸੇ ਔਰਤ ਕੋਲੋਂ ਭਾਵੁਕ ਸਹਾਰਾ ਤਲਾਸ਼ਦਾ ਕਵਿਤਾ ਲਿਖਦਾ ਹੈ.. ਇਹ ਕਵਿਤਾ ਤਾਂ ਸਗੋਂ ਸਾਡੇ ਸਮਾਜ ਲਈ ਚੰਗੀ ਗੱਲ ਹੈ, ਸਰ।’’

ਪ੍ਰਿੰਸੀਪਲ ਸਰ ਕੁਝ ਬੋਲੇ ਨਹੀਂ। ਉਨ੍ਹਾਂ ਦੇ ਹਾਵ ਭਾਵ ਵੀ ਨਹੀਂ ਬਦਲੇ। ਬਸ ਚੁੱਪ ਰਹੇ।

ਅਗਲੇ ਸਾਲ ਜੁਲਾਈ ਵਿੱਚ ਜਦੋਂ ਦੁਬਾਰਾ ਭਰਤੀ ਲਈ ਇੰਟਰਵਿਊ ਹੋਈ ਤਾਂ ਮੈਨੂੰ ਪ੍ਰਿੰਸੀਪਲ ਸਰ ਆਖਣ ਲੱਗੇ, ‘‘ਆਪ ਚੀ ਗਵੇਰਾ ਕੀ ਕੋਈ ਕਵਿਤਾ ਸੁਨਾਓ…।’’

ਮੈਂ ਚੀ ਦੀ ਮਸ਼ਹੂਰ ਕਵਿਤਾ ‘ਅਗਲੀ ਰੁਤ ਮੇਂ’ ਸੁਣਾਈ

ਅਗਰ ਜੰਗ ਸੇ ਵਾਪਿਸ ਨਹੀਂ ਆਯਾ ਮੈਂ

ਤੋ ਸਮਝ ਲੇਨਾ

ਕਿ ਮੇਰੀ ਹੱਡੀਆਂ ਕਹੀਂ ਰਾਖ਼ ਬਨ ਗਈਂ ਹੈਂ

ਮੇਰੇ ਜਿਸਮ ਕੇ ਤਮਾਮ ਖ਼ੂਨ ਕੋ ਬਹਾ ਲੇ ਗਯਾ ਹੋਗਾ ਪਾਨੀ

ਮੇਰੇ ਮਸਤਿਸ਼ਕ ਮੇਂ ਗੂੰਜਤੇ ਗੀਤ ਘੁਲ ਗਏ ਹੋਂਗੇ ਫ਼ਿਜ਼ਾ ਮੇਂ

ਬਸ ਬਚ ਗਈ ਹੋਗੀ ਮੇਰੀ ਫੌਜੀ ਵਰਦੀ

ਅਗਲੀ ਬਸੰਤ

ਜਬ ਬਾਰਿਸ਼ ਕੇ ਬਾਦ

ਮੱਟੀ ਨਮ ਹੋਗੀ

ਅੰਕੁਰਿਤ ਹੋਂਗੇ ਪੌਧੇ

ਖਿਲੇਂਗੇ ਨਯੇ ਫੂਲ

ਤਬ ਏਕ ਫੂਲ ਤੋੜ ਕਰ

ਮੇਰੀ ਫੌਜੀ ਵਰਦੀ ਮੇਂ ਟਾਂਗ ਦੇਨਾ

ਤੁਮ੍ਹੇਂ ਇਨਕਲਾਬ ਕੀ ਖ਼ੁਸ਼ਬੂ

ਮਹਿਸੂਸ ਹੋਗੀ।

ਮੈਨੂੰ ਨਹੀਂ ਪਤਾ ਪ੍ਰਿੰਸੀਪਲ ਸਰ ਖ਼ੁਸ਼ ਹੋਏ ਜਾਂ ਖਿਝੇ, ਪਰ ਮੈਂ ਉਸ ਸਾਲ ਵੀ ਓਸੇ ਕਾਲਜ ਵਿੱਚ ਪੜ੍ਹਾ ਰਿਹਾ ਸਾਂ।

ਸੰਪਰਕ: 94654-64502

Share this content:

Post Comment