ਅਕਾਲ ਤਖ਼ਤ ਸਾਹਿਬ ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
ਅੰਮ੍ਰਿਤਸਰ, 17 ਅਕਤੂਬਰ – ਪੰਜਾਬ ਦੀ ਸਿਆਸਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਜੁੜਿਆ ਮਾਮਲਾ ਚਰਚਾ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਜੁੜੇ ਵਿਵਾਦ ਅਤੇ ਵਿਧਾਇਕ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ।
ਕੀ ਹੈ ਮਨਵਿੰਦਰ ਸਿੰਘ ਗਿਆਸਪੁਰਾ ਦਾ ਮਾਮਲਾ?
ਮੀਡੀਆ ਰਿਪੋਰਟਾਂ ਮੁਤਾਬਕ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਪੁਲਿਸ ਦੀ ਕਥਿਤ ਐਂਟਰੀ ਦੇ ਮਾਮਲੇ ਵਿੱਚ ‘ਆਪ’ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦੇਣ ਪਹੁੰਚੇ ਸਨ। ਇਸ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਕੱਤਰੇਤ ਅੰਦਰ ਜਾਣ ਤੋਂ ਰੋਕਿਆ ਗਿਆ। ਗਿਆਸਪੁਰਾ ਨੇ ਇਸ ਘਟਨਾ ਨੂੰ ਜਾਤੀ ਭੇਦਭਾਵ ਨਾਲ ਜੋੜਦਿਆਂ ਦੋਸ਼ ਲਗਾਏ, ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਪਹਿਲਾਂ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਮੱਦੇਨਜ਼ਰ ਰੋਕਿਆ ਗਿਆ ਸੀ।
ਆਪ’ ਆਗੂਆਂ ਨੂੰ ਵੀ ਕੀਤਾ ਗਿਆ ਸੀ ਤਲਬ
ਇਸ ਮਾਮਲੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਆਪ’ ਦੇ ਕਈ ਵਿਧਾਇਕਾਂ ਅਤੇ ਆਗੂਆਂ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਪੇਸ਼ੀ ਦੀ ਤਾਰੀਖ਼ ਵਿੱਚ ਤਬਦੀਲੀ ਕਰਕੇ 16 ਅਕਤੂਬਰ 2026 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਅੱਜ ਮਿਤੀ 30 ਅੱਸੂ ਨਾਨਕਸ਼ਾਹੀ ਸੰਮਤ 558 ਮੁਤਾਬਕ 16 ਅਕਤੂਬਰ 2026 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ, ਹਲਕਾ ਪਾਇਲ, ਲੁਧਿਆਣਾ ਦਾ ਮਾਮਲਾ ਵਿਚਾਰਿਆ ਗਿਆ। ਮਿਤੀ 12 ਅਕਤੂਬਰ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਧਾਇਕ ਤੇ ਸਿਆਸਤਦਾਨ ਆਏ ਸਨ, ਜਿਸ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਸ ਵੱਲੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਬਾਰੇ ਘਟੀਆ ਤੇ ਅਪਮਾਨਜਨਕ ਸ਼ਬਦਾਵਲੀ ਬੋਲਣ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਦਰ ਆਉਣ ਤੋਂ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਰੋਕਿਆ ਗਿਆ ਸੀ ਅਤੇ ਹਾਜਰ ਹੋਏ ਵਿਧਾਇਕਾਂ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ।
ਪਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਗੁਰੂ ਸਾਹਿਬ ਦੇ ਸਿਰਜੇ ਤਖ਼ਤ ਸਾਹਿਬ ਬਾਰੇ ਝੂਠ ਬੋਲਦਿਆਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਉੱਤੇ ਜਾਤੀ ਵਿਤਕਰੇ ਦੇ ਝੂਠੇ ਦੋਸ਼ ਲਗਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਅਤਿ ਘਟੀਆ ਸ਼ਬਦਵਾਲੀ ਵਰਤੀ ਗਈ ਜਿਸ ਨਾਲ ਦੁਨੀਆਂ ਵਿਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਖ਼ਾਲਸਾ ਪੰਥ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ।
Share this content:



Post Comment