Loading Now

ਅਕਾਲੀ-ਭਾਜਪਾ ਗੱਠਜੋੜ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ: ਭਗਵੰਤ ਮਾਨ

ਅਕਾਲੀ-ਭਾਜਪਾ ਗੱਠਜੋੜ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ: ਭਗਵੰਤ ਮਾਨ

ਰਈਆ, 29 ਅਗਸਤ – ਰੱਖੜ ਪੁੰਨਿਆ ’ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਰੋਹ ਮੌਕੇ ਅਨਾਜ ਮੰਡੀ ਰਈਆ ਵਿਚ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਗੁਰੂ ਤੇਗ ਬਹਾਦਰ ਦੇ ਫ਼ਲਸਫ਼ੇ ਅਤੇ ਸਾਚਾ ਗੁਰੂ ਲਾਧੋ ਰੇ ਦੇ ਸੰਦੇਸ਼ ਨਾਲ ਜੁੜੀ ਹੋਈ ਹੈ। ਇਸ ਮੌਕੇ  ਅਕਾਲੀ ਦਲ ’ਤੇ ਨਿਸ਼ਾਨੇ ਸੇਧਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਲੀਡਰਸ਼ਿਪ ਸੱਤਾ ਵਿੱਚ ਵਾਪਸੀ ਕਰਨ ਅਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਵਿੱਚ ਭਾਜਪਾ ਨਾਲ ਗੱਠਜੋੜ ਲਈ ‘ਪੱਬਾਂ ਭਾਰ’ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਅਤੇ ਬਰਬਾਦ ਕਰਨ ਲਈ ਭਾਜਪਾ-ਅਕਾਲੀ ਗੱਠਜੋੜ ਨੂੰ ਕਦੇ ਮੁਆਫ਼ ਨਹੀਂ ਕਰਨਗੇ, ਜਿਸ ਅਕਾਲੀ ਲੀਡਰਸ਼ਿਪ ਨੇ ਸੂਬੇ ਭਰ ਵਿੱਚ ਬੇਅਦਬੀਆਂ ਕਰਵਾਈਆਂ, ਦੋਸ਼ੀਆਂ ਨਾਲ ਸਬੰਧਿਤ ਸਬੂਤ ਨਸ਼ਟ ਕੀਤੇ, ਨਿਰਦੋਸ਼ ਲੋਕਾਂ ‘ਤੇ ਗੋਲ਼ੀਬਾਰੀ ਦੇ ਹੁਕਮ ਦਿੱਤੇ ਅਤੇ ਹੋਰ ਕਈ ਪਾਪ ਕੀਤੇ, ਉਹ ਹੁਣ ਪੰਜਾਬ ਦੀ ਸੱਤਾ ਵਿੱਚ ਵਾਪਸ ਆਉਣ ਲਈ ਕਾਹਲੀ ਹੋਏ ਪਏ ਹਨ। ਇਸ ਮਕਸਦ ਲਈ ਭਾਜਪਾ ਨਾਲ ਹੱਥ ਮਿਲਾਉਣ ਲਈ ਤਰਲੇ ਮਾਰ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਇਨ੍ਹਾਂ ਨੂੰ ਇੱਕ ਵਾਰ ਫਿਰ ਬਾਹਰ ਦਾ ਰਸਤਾ ਦਿਖਾਉਣਗੇ।

ਸ੍ਰੀ ਮਾਨ ਨੇ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਉਹ ਲੋਕਾਂ ਨਾਲ ਕੀਤੇ ਹਰ ਇੱਕ ਵਾਅਦੇ ਅਤੇ ਹਰ ਗਾਰੰਟੀ ਨੂੰ ਪੂਰਾ ਕਰਕੇ ਅੱਜ ਲੋਕਾਂ ਦੇ ਸਾਹਮਣੇ ਖੜ੍ਹੇ ਹਨ। ਕਾਂਗਰਸ ਅਤੇ ਅਕਾਲੀ ਦਲ ਦੋਵਾਂ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਨ੍ਹਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਅਤੇ ਅਕਾਲੀ ਦਲ ਉਹ ਸਿਉਂਕ ਸਨ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਅਤੇ ਸੂਬੇ ਨੂੰ ਤਰੱਕੀ ਦੇ ਰਾਹ ਤੋਂ ਪਛਾੜ ਦਿੱਤਾ। ਇਨ੍ਹਾਂ ਦੇ ਆਗੂ ਕਦੇ ਇੱਕ ਦੂਜੇ ਵਿਰੁੱਧ ਨਹੀਂ ਬੋਲਦੇ, ਪਰ ਮੇਰੇ ਖ਼ਿਲਾਫ਼ ਰੋਜ਼ ਜ਼ਹਿਰ ਉਗਲਦੇ ਹਨ ਕਿਉਂਕਿ ਮੈਂ ਇਨ੍ਹਾਂ ਦੇ ਦੋਗਲੇ ਚਿਹਰੇ ਨੂੰ ਲੋਕਾਂ ਸਾਹਮਣੇ ਬੇਨਕਾਬ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਆਖ਼ਰੀ ਸਾਹਾਂ ’ਤੇ ਹੈ ਅਤੇ ਜਲਦੀ ਹੀ ਸਿਆਸੀ ਅਖਾੜੇ ਵਿੱਚ ਆਪਣਾ ਸਭ ਕੁਝ ਗੁਆ ਚੁੱਕੀ ਹੋਵੇਗੀ। ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੀਆ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਡਾ. ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਹਰਭਜਨ ਸਿੰਘ ਈ ਟੀ ਓ ਸਾਰੇ ਕੈਬਨਿਟ ਮੰਤਰੀ, ਪੰਜਾਬ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਬਟਾਲਾ, ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਸੰਬੋਧਨ ਕੀਤਾ।

Share this content:

Post Comment