Loading Now

ਹੜ੍ਹ ਦੀ ਮਾਰ ਹੇਠ ਆਏ ਨੇਪਾਲ ਨੂੰ ਭਾਰਤ ਨੇ ਭੇਜੀ ਪਹਿਲੀ ਖੇਪ

ਹੜ੍ਹ ਦੀ ਮਾਰ ਹੇਠ ਆਏ ਨੇਪਾਲ ਨੂੰ ਭਾਰਤ ਨੇ ਭੇਜੀ ਪਹਿਲੀ ਖੇਪ

ਨਵੀਂ ਦਿੱਲੀ, 27 ਅਗਸਤ – ਗੁਆਂਢੀ ਦੇਸ਼ ਨੇਪਾਲ ’ਚ ਤਿੱਬਤ ਵੱਲੋਂ ਆਏ ਭਿਆਨਕ ਹੜ੍ਹ ਤੋਂ ਬਾਅਦ ਭਾਰਤ ਨੇ ਸਭ ਤੋਂ ਪਹਿਲਾਂ ਮਦਦ ਦਾ ਹੱਥ ਵਧਾਇਆ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ਹਰ ਸੰਭਵ ਮਾਨਵੀ ਤੇ ਰਾਹਤ ਸਹਾਇਤਾ ਦਾ ਭਰੋਸਾ ਦਿੱਤਾ। ਇਸ ਤੋਂ ਕੁਝ ਹੀ ਘੰਟਿਆਂ ਬਾਅਦ ਫ਼ੌਜ ਦੇ ਜਹਾਜ਼ ਰਾਹੀਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਨੇਪਾਲ ਭੇਜ ਦਿੱਤੀ ਗਈ। ਇਸ ਦੌਰਾਨ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਮਦਦ ਲਈ ਚੀਨ ਦੇ ਵੀ ਸੰਪਰਕ ’ਚ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਾਲੇਂਦਰ ਸ਼ਾਹ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਹੜ੍ਹ ਕਾਰਨ ਜਾਨ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇੰਟਰਨੈੱਟ ਮੀਡੀਆ ’ਤੇ ਲਿਖਿਆ, ‘ਭਾਰਤ ਦੇ ਲੋਕ ਇਸ ਮੁਸ਼ਕਲ ਸਮੇਂ ’ਚ ਨੇਪਾਲ ’ਚ ਆਪਣੇ ਭੈਣਾਂ-ਭਰਾਵਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਨ। ਭਾਰਤ ਨੇਪਾਲ ਨੂੰ ਹਰ ਸੰਭਵ ਮਾਨਵੀ ਸਹਾਇਤਾ ਦੇਣ ਲਈ ਤਿਆਰ ਹੈ। ਸਾਡੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ’ਚ ਨੇੜਿਓਂ ਤਾਲਮੇਲ ਕਰ ਰਹੀਆਂ ਹਨ।’

ਵਿਦੇਸ਼ ਮੰਤਰਾਲੇ ਅਨੁਸਾਰ, ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਇੱਕ ਮੀਟਿੰਗ ਹੋਈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਸਥਿਤ ਦੋ ਹਵਾਈ ਫ਼ੌਜ ਅੱਡਿਆਂ (ਪਾਲਮ ਅਤੇ ਹਿੰਡਨ) ਤੋਂ ਰਾਹਤ ਸਮੱਗਰੀ ਲਿਜਾਣ ਲਈ ਤਿਆਰ ਰਹਿਣ ਦਾ ਨਿਰਦੇਸ਼ ਦਿੱਤਾ ਗਿਆ। ਰਾਤ ਕਰੀਬ 8:35 ਵਜੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਰਾਹਤ ਸਮੱਗਰੀ ਲੈ ਕੇ ਹਵਾਈ ਫ਼ੌਜ ਦਾ ਟਰਾਂਸਪੋਰਟ ਜਹਾਜ਼ ਸੀ-130ਜੇ ਕਾਠਮੰਡੂ ਲਈ ਰਵਾਨਾ ਹੋਇਆ। ਇੱਕ ਹੋਰ ਫ਼ੌਜੀ ਟਰਾਂਸਪੋਰਟ ਜਹਾਜ਼ ਵੀਰਵਾਰ ਸਵੇਰੇ ਕਾਠਮੰਡੂ ਭੇਜਿਆ ਜਾਵੇਗਾ। ਅਗਲੇ ਕੁਝ ਦਿਨਾਂ ’ਚ ਭਾਰਤ ਕੁਝ ਹੋਰ ਰਾਹਤ ਸਮੱਗਰੀ ਭੇਜ ਸਕਦਾ ਹੈ। ਭਾਰਤੀ ਹਵਾਈ ਫ਼ੌਜ ਨੇ ਆਪਣੇ ਟਰਾਂਸਪੋਰਟ ਜਹਾਜ਼ਾਂ ਦੇ ਬੇੜੇ (ਸੀ-17, ਸੀ-130ਜੇ ਅਤੇ ਸੀ-295 ਸ਼ਾਮਲ) ਨੂੰ ਤਿਆਰ ਰੱਖਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਕਸ ’ਤੇ ਦੱਸਿਆ ਕਿ ਭਾਰਤ ਨੇ ਮਾਨਵੀ ਸਹਾਇਤਾ ਅਤੇ ਆਫ਼ਤ ਰਾਹਤ ਦੇ ਤੌਰ ’ਤੇ ਨੇਪਾਲ ਨੂੰ 10 ਟਨ ਸਮੱਗਰੀ ਭੇਜੀ ਹੈ। ਇਸ ’ਚ ਕੰਬਲ, ਹਾਈਜੀਨ ਕਿੱਟ, ਸੋਲਰ ਲੈਂਪ ਅਤੇ ਦਵਾਈਆਂ ਸ਼ਾਮਲ ਹਨ।

ਰਸੂਵਾ ਤੋਂ ਲੰਘਦਾ ਹੈ ਕੈਲਾਸ਼ ਯਾਤਰਾ ਦਾ ਮੁੱਖ ਮਾਰਗ

ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਸਿਆਫ਼ਰੂਬੇਸੀ, ਤਿਮੁਰੇ ਅਤੇ ਰਸੂਵਾਗੜ੍ਹੀ ਸਰਹੱਦੀ ਖੇਤਰ ’ਚ ਹੜ੍ਹ ਆਇਆ ਹੋਇਆ ਹੈ। ਇਸ ਖੇਤਰ ’ਚੋਂ ਹੀ ਕੈਲਾਸ਼-ਮਾਨਸਰੋਵਰ ਯਾਤਰਾ ਦਾ ਮੁੱਖ ਸੜਕੀ ਮਾਰਗ ਲੰਘਦਾ ਹੈ। ਯਾਤਰੀ ਕਾਠਮੰਡੂ ਤੋਂ ਤਿਮੁਰੇ ਹੁੰਦੇ ਹੋਏ ਨੇਪਾਲ-ਚੀਨ ਸਰਹੱਦ ’ਤੇ ਸਥਿਤ ਰਸੂਵਾਗੜ੍ਹੀ ਪਹੁੰਚਦੇ ਹਨ ਅਤੇ ਫਿਰ ਤਿੱਬਤ ਦੇ ਕੇਰੁੰਗ ਇਲਾਕੇ ਤੋਂ ਹੁੰਦੇ ਹੋਏ ਦਾਰਚੇਨ ਅਤੇ ਕੈਲਾਸ਼ ਜਾਂਦੇ ਹਨ। ਇਸ ਨੂੰ ਨੇਪਾਲ ਤੋਂ ਕੈਲਾਸ਼ ਜਾਣ ਵਾਲਾ ਸਭ ਤੋਂ ਲੋਕਪ੍ਰਿਯ ਅਤੇ ਸਭ ਤੋਂ ਛੋਟਾ ਸੜਕੀ ਮਾਰਗ ਮੰਨਿਆ ਜਾਂਦਾ ਹੈ।

Share this content:

Post Comment