Loading Now

ਹੈਲਥ ਸੁਪਰਵਾਈਜ਼ਰ ਦੀ ਲਾਸ਼ ਮਿਲਣ ਤੋਂ ਬਾਅਦ ਬੋਹਾ ’ਚ ਮੁਕੰਮਲ ਬੰਦ

ਹੈਲਥ ਸੁਪਰਵਾਈਜ਼ਰ ਦੀ ਲਾਸ਼ ਮਿਲਣ ਤੋਂ ਬਾਅਦ ਬੋਹਾ ’ਚ ਮੁਕੰਮਲ ਬੰਦ

ਮਾਨਸਾ, 15 ਜੂਨ – ਇੱਥੋਂ ਦੇ ਮਲਟੀ-ਪਰਪਜ਼ ਹੈਲਥ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਭਿੰਦਾ ਦੀ ਲਾਸ਼ ਮਿਲਣ ਤੋਂ ਮਾਨਸਾ ਜ਼ਿਲ੍ਹੇ ਦੇ ਬੋਹਾ ਕਸਬੇ ਵਿੱਚ ਸੋਮਵਾਰ ਨੂੰ ਮੁਕੰਮਲ ‘ਬੰਦ’ ਰੱਖਿਆ ਗਿਆ ਹੈ। ਉਸਦੀ ਮੌਤ ਨੇ ਵਸਨੀਕਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ ਅਤੇ ਉਸਦੇ ਪਰਿਵਾਰ ਨੇ ਬੁਢਲਾਡਾ ਤੋਂ ‘ਆਪ’ ਵਿਧਾਇਕ ਬੁੱਧ ਰਾਮ ਸਮੇਤ ਤਿੰਨ ਹੋਰਾਂ ‘ਤੇ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ’ਤੇ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਸਥਾਨਕ ਸਮੂਹਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਜਵਾਬ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਵਸਨੀਕਾਂ ਨੇ ਭਿੰਦਾ ਦੀ ਮੌਤ ਦੇ ਹਾਲਾਤਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਅਤੇ ਉਸਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੋਹਾ ਵਿਖੇ ਤਾਇਨਾਤ ਭਿੰਦਾ ਸ਼ੁੱਕਰਵਾਰ ਸ਼ਾਮ ਨੂੰ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ। ਐਤਵਾਰ ਨੂੰ ਉਸਦੀ ਲਾਸ਼ ਮੱਖੇਵਾਲਾ ਪਿੰਡ ਨੇੜੇ ਭਾਖੜਾ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਸੀ।

ਭਿੰਦਾ ਦੇ ਪਿਤਾ ਤਰਸੇਮ ਰਾਜ ਨੇ ਇਸ ਤੋਂ ਪਹਿਲਾਂ  ਟ੍ਰਿਬਿਊਨ ਸਮੂਹ ਨੂੰ ਦੱਸਿਆ ਸੀ ਕਿ ਪਰਿਵਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਧਾਇਕ, ਬੋਹਾ ਦੇ ਆਯੁਸ਼ਮਾਨ ਆਰੋਗਿਆ ਕੇਂਦਰ (ਪਹਿਲਾਂ ਆਮ ਆਦਮੀ ਕਲੀਨਿਕ) ਵਿੱਚ ਤਾਇਨਾਤ ਦੋ ਕਰਮਚਾਰੀ ਜਗਤਾਰ ਸਿੰਘ ਅਤੇ ਅਮਨ ਕੌਰ ਅਤੇ ਇੱਕ ਹੋਰ ਵਿਅਕਤੀ ਹਰੀ ਸਿੰਘ ਦਾ ਨਾਮ ਲਿਆ ਹੈ। ਪਰਿਵਾਰ ਅਨੁਸਾਰ ਭਿੰਦਾ ਸ਼ੁੱਕਰਵਾਰ ਸ਼ਾਮ ਨੂੰ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ ਸੀ ਅਤੇ ਆਪਣਾ ਮੋਬਾਈਲ ਫ਼ੋਨ ਨਾਲ ਨਹੀਂ ਲੈ ਗਿਆ ਸੀ। ਉਸਦਾ ਮੋਟਰਸਾਈਕਲ ਬਾਅਦ ਵਿੱਚ ਭਾਖੜਾ ਨਹਿਰ ਦੇ ਨੇੜੇ ਮਿਲਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਭਿੰਦਾ ਆਪਣੇ ਲਾਪਤਾ ਹੋਣ ਤੋਂ ਪਹਿਲਾਂ ਮਾਨਸਿਕ ਤਣਾਅ ਅਤੇ ਦਬਾਅ ਹੇਠ ਸੀ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਦੌਰਾਨ ਬੁੱਧ ਰਾਮ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਭਿੰਦਾ ਨਾਲ ਸਿਰਫ਼ ਕਿਸੇ ਮੁੱਦੇ ‘ਤੇ ਗੱਲ ਕੀਤੀ ਸੀ ਅਤੇ ਨਾ ਤਾਂ ਉਸ ਨੂੰ ਧਮਕਾਇਆ ਸੀ ਅਤੇ ਨਾ ਹੀ ਉਸ ‘ਤੇ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਭਿੰਦਾ ਦਾ ਸਮਰਥਨ ਕੀਤਾ ਹੈ ਅਤੇ ਉਸਦੀ ਬਦਲੀ ਝੂਨੀਰ ਤੋਂ ਬੋਹਾ ਕਰਵਾਉਣ ਵਿੱਚ ਵੀ ਮਦਦ ਕੀਤੀ ਸੀ। ਇਸ ਦੌਰਾਨ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਸ ਦੀ ਸਮੱਗਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲੀਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਲਾਸ਼ ਨੂੰ ਬੁਢਲਾਡਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਅਜੇ ਕੀਤਾ ਜਾਣਾ ਬਾਕੀ ਹੈ। ਕੁਝ ਸਿਆਸਤਦਾਨਾਂ ਦੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

Share this content:

Post Comment