Loading Now

ਹੁਣ ਤੂੰ ਹੀ ਦੱਸ ! ਮੈਂ ਕਮਲਾ ਕੀਹਨੂੰ ਆਖਾਂ/ਡਾ. ਦੁਲਚਾ ਸਿੰਘ ਬਰਾੜ

ਹੁਣ ਤੂੰ ਹੀ ਦੱਸ ! ਮੈਂ ਕਮਲਾ ਕੀਹਨੂੰ ਆਖਾਂ/ਡਾ. ਦੁਲਚਾ ਸਿੰਘ ਬਰਾੜ

ਸੇਠ ਸ੍ਰੀ ਬਿੱਸ਼ਨ ਦਾਸ ਵੱਲੋਂ ਅੱਡ ਕੀਤਾ ਜਾਂ ਆਪੇ ਅੱਡ ਹੋਇਆ ਤੀਜਾ ਮੁੰਡਾ ਚਿੱਮਨਾ ਪਰਵਾਰ ਸਮੇਤ, ਸਾਡੇ ਅੰਦਰਲੇ ਘਰ ਦੇ ਨਾਲ ਲਗਦੇ ਕਿਸੇ ਜ਼ਿਮੀਦਾਰ ਦੇ ਖਾਲੀ ਪਏ (ਰਹਿਣ ਲਈ ਵੈਸੇ ਹੀ ਮੰਗੇ) ਘਰ ਵਿੱਚ, ਰਹਿਣ ਲੱਗ ਪਿਆ।

ਚਿੱਮਨਾ ਇੱਕ ਹਿੰਮਤੀ, ਮਿਹਨਤੀ, ਚੀਹੜਾ ਅਤੇ ਆਪਣੀ ਹੀ ਧੁੰਨ ਦਾ ਪੱਕਾ (ਇਕਹਿਰੀ ਹੱਡੀ ਵਾਲਾ) ਇਨਸਾਨ ਸੀ।‌ ਸਾਡੇ ਬਾਹਰਲੇ (ਮੇਰੇ ਸਵ. ਤਾਇਆ ਜੀ, ਸ. ਜਮੀਤ ਸਿੰਘ ਵਾਲੇ) ਘਰ ਵਿੱਚ, ਚੂਨੇ ਨਾਲ ਇੱਟਾਂ ਦੀ ਬਣੀ ਇੱਕ ਵੱਧੀਆ ਬੈਠਕ (ਜੋ ਅੱਜ ਵੀ ਹੈ) ਖ਼ਾਲੀ ਪਈ ਸੀ ਅਤੇ ਉਹਦਾ ਇਕ ਦਰਵਾਜਾ ਪਿੰਡ ਵਿਚਕਾਰਲੀ ਮੁੱਖ ਗ਼ਲੀ ਵਿੱਚ ਵੀ ਖੁੱਲ੍ਹਦਾ ਸੀ।

ਮੇਰੇ ਬਾਪੂ ਜੀ ਉਸ ਵੇਲੇ ਪਿੰਡ ਦੇ ਸਰਪੰਚ ਸਨ। ਉਨ੍ਹਾਂ ਨੇ ਅੱਡ ਹੋਏ ਚਿੱਮਨੇ ਨੂੰ, ਕੇਰਾਂ ਦੁਕਾਨ ਦਾ ਕੰਮ ਤੋਰਨ ਲਈ, ਉਹ ਬੈਠਕ ਦੇ ਦਿੱਤੀ। ਆਪਣੇ ਪਿਤਾ ਕੋਲੋਂ ਵੰਡੇ ਆਏ 4-5 ਸਮਾਨ ਵਾਲੇ ਪੀਪੇ ਅਤੇ ਕੁੱਝ ਹੋਰ ਸਮਗਰੀ ਉਸ ਬੈਠਕ ਵਿੱਚ ਰੱਖ ਕੇ, ਉਹਨੇ ਵੀ ਦੁਕਾਨ ਦਾ ਕੰਮ ਤੋਰ ਲਿਆ।

ਰੱਬੀ ਰਹਿਮਤ ਹੋਣ ਨਾਲ, ਕਿਸਮਤ ਦੇ ਧਨੀ ਚਿੱਮਨੇ ਦੀ ਦੁਕਾਨ ਵਵੱਧੀਆ ਚੱਲ ਪਈ। ਖੋਲੀ ਦੁਕਾਨ ਸਾਹਮਣੇ ਸ਼ਾਮ-ਸਵੇਰੇ, ਗਾਹਕਾਂ ਦੀ ਕਤਾਰ ਲੱਗਣ ਅਤੇ ਦਿਨ ਬ ਦਿਨ ਲੰਬੀ ਵੀ ਹੋਣ ਲੱਗ ਪਈ।

ਆਪਣੇ ਬਾਪੂ ਸੇਠ ਬਿੱਸ਼ਨ ਦਾਸ ਜੀ ਦੀ ਬਣੀ ਪੜ੍ਹਤ ਦੇ ਸਿਰ ‘ਤੇ, ਤੇਜ਼ ਬੁੱਧੀ ਦਾ ਮਾਲਕ ਅਤੇ ਹਿਮਤੀ ਚਿੱਮਨਾ, ਸ਼ਹਿਰੋਂ ਥੋਕ ਦੇ ਸਮਾਨ ਦੀਆਂ ਦੁਕਾਨਾਂ ਤੋਂ, ਲੋਕਾਂ ਦੀ ਮੰਗ ਮੁਤਾਬਿਕ, ਉੱਧਾਰ-ਸਧਾਰ ਕਰ ਕੇ, ਸਮਾਨ ਲਿਆਉਣ ਲੱਗ ਪਿਆ।

ਉਹਦੇ ਵੱਲੋਂ ਲਿਆਂਦੇ ਸਮਾਨ ਨਾਲ ਦੁਕਾਨ-ਨੁਮਾ ਬੈਠਕ ਭਰੀ ਵੀ ਲੱਗਣ ਲੱਗ ਪਈ ਅਤੇ ਉਹਦੇ ਵੱਲੋਂ ਲਿਆਂਦੇ ਸਮਾਨ ਦੀ ਵਿਕਰੀ ਵੀ ਨਾਲ ਦੀ ਨਾਲ ਅਤੇ ਧੜਾ-ਧੜ ਹੋਣ ਲੱਗ ਪਈ। ਇਸ ਤਰ੍ਹਾਂ ਦਿਨ ਬ ਦਿਨ ਉਹਦੇ ਮੁਨਾਫੇ ਵਿੱਚ ਵੀ ਵਾਧਾ ਹੋਣ ਲੱਗ ਪਿਆ l

ਥੋੜ੍ਹੇ ਹੀ ਅਰਸੇ ਬਾਅਦ ਚਿੱਮਨੇ ਨੇ , ਉਹੀ ਸਾਡੇ ਗੁਆਂਢ ਵਾਲਾ (ਰਹਿਣ ਲਈ ਮੰਗਿਆ) ਘਰ, ਉਹਦੇ ਮਾਲਕ ਜ਼ਿਮੀਦਾਰ ਤੋਂ ਮੁੱਲ ਖਰੀਦ ਲਿਆ। ਸਾਡੀ ਬੈਠਕ ਵਿਚੋਂ ਦੁਕਾਨ ਦਾ ਸਮਾਨ ਚੁੱਕ ਕੇ, ਉਹ ਆਪਣੇ ਖ਼ਰੀਦੇ ਘਰ ਦੇ, ਓਸੇ ਗ਼ਲੀ ਵਿਚ ਖੁੱਲਦੇ ਬਾਰ ਵਾਲੇ, ਦਰਵਾਜੇ ਵਿਚ ਲੈ ਲਿਆ।

ਉਹ ਦਰਵਾਜਾ ਸਾਡੇ ਵਾਲੀ ਬੈਠਕ ਤੋਂ ਕਾਫੀ ਵੱਡਾ ਸੀ । ਸੋ ਦੁਕਾਨ ਦਾ ਅਕਾਰ ਵੱਧਣਾ ਵੀ ਸੁਭਾਵਿਕ ਸੀ। ਘਰ ਅਤੇ ਦੁਕਾਨ ਇੱਕੋ ਥਾਂ ਤੇ ਹੋਣ ਨਾਲ, ਉਹਨੂੰ ਆਪ ਨੂੰ ਵੀ ਸਹੂਲਤ ਹੋ ਗਈ ਅਤੇ ਦੁਕਾਨ ਖੁੱਲੀ/ਬੰਦ ਹੋਣ ਵਾਲੇ ਝੰਜਟ ਤੋਂ ਮੁਕਤ ਹੋਣ ਨਾਲ, ਉਹਦੇ ਗਾਹਕਾਂ ਦੀ ਭੀੜ੍ਹ ਹੋਰ ਵੀ ਵੱਧਣ ਲੱਗ ਪਈ।

ਦੁਕਾਨ ਦੀ ਦਿਨਾਂ ‘ਚ ਹੀ ਵੱਧਣ ਲੱਗੀ ਆਮਦਨ ਦੇ ਹੁਲਾਰੇ ਵੀ ਆਉਣ ਲੱਗ ਪਏ। ਉਤਸ਼ਾਹਤ ਹੋਏ ਚਿੱਮਨੇ ਨੇ ਉਸ ਪੁਰਾਣੇ (ਪੱਕੇ ਬਣੇ) ਦਰਵਾਜੇ ਦੀ ਭੰਨ-ਤੋੜ ਅਤੇ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ।

ਦੁਕਾਨ ਦੀਆਂ ਜਰੂਰਤਾਂ ਨੂੰ ਮੱਦੇਨਜ਼ਰ ਰੱਖ ਕੇ, ਦਰਵਾਜੇ ਦੇ ਨਾਲ ਵਾਲੀ ਬੈਠਕ ਦਾ ਕੁੱਝ ਹਿੱਸਾ ਦਰਵਾਜੇ ਵਿਚ ਰਲਾ ਲਿਆ। ਦੁਕਾਨ ਦਾ ਸਮਾਨ , ਆਪਣੀ ਵਿਉਂਤ ਅਨੁਸਾਰ, ਵੱਖ-ਵੱਖ ਰੱਖਣ ਲਈ, ਲੱਕੜ ਦਾ ਕੰਮ ਕਰਵਾ ਕੇ ਰੱਖਣੇ ਵਗੈਰਾ ਵੀ ਬਣਾ ਲਏ।

ਪਿੰਡ ਦੇ ਹਿਸਾਬ ਨਾਲ ਪੇਂਡੂ ਔਰਤਾਂ ਦੀ ਸਹੂਲਤ ਲਈ, ਨਵੇਂ ਕੱਪੜੇ ਵਗੈਰਾ ਰੱਖਣ ਵਾਲਾ ਇੱਕ (ਖਾਨਿਆਂ ਵਾਲਾ) ਸ਼ਾਨਦਾਰ ਭਾਗ (Cabin) ਵੀ ਬਣਾ ਲਿਆ। ਉਹਨੇ ਦਕਾਨ-ਨੁਮਾ ਦਰਵਾਜੇ ਨੂੰ ਨਵਾਂ ਰੰਗ-ਰੋਗਨ ਕਰਵਾ ਕੇ, ਚਮਕਾਂ ਮਾਰਨ ਲਾ ਦਿੱਤਾ।

ਦੁਕਾਨ ਤੋਂ ਆਟੇ-ਚਾਹ ਪੱਤੀ, ਲੀੜੇ – ਕੱਪੜੇ, ਸੂਈ-ਧਾਗੇ, ਰੰਗ-ਰੋਗਨ, ਬਰੱਸ਼-ਕੂਚੀਆਂ, ਦਾਤੀ-ਖੁਰਪੇ, ਕਹੀ-ਕੁਹਾੜੀ, ਕਿੱਲ-ਮੇਖ, ਨੱਟ-ਬੋਲਟ, ਚਾਬੀ-ਪਾਨੇ ਵਗੈਰਾ, ਵਰਗਾ ਆਮ ਵਰਤੋਂ ਵਾਲਾ ਤਕਰੀਬਨ ਸਾਰਾ ਹੀ, ਸਮਾਨ ਮਿਲਣ ਲੱਗ ਪਿਆ।

ਉਹਨੇ ਦੁਕਾਨ ਵਿੱਚ ਹਿੰਗ-ਫਟਕੜੀ, ਗੁੱਗਲ-ਇਮਲੀ, ਹੱਡ ਭੰਨਣੀ-ਸਿਰ ਦੁੱਖਦੇ ਵਾਲੀ ਗੋਲੀ, ਖੰਗ-ਜ਼ੁਕਾਮ ਅਤੇ ਉੱਲਟੀਆਂ-ਦਸਤ ਦੀਆਂ ਗੋਲੀਆਂ ਵਗੈਰਾ ਵਾਲਾ ਮੁੱਢਲੀ ਸਿਹਤ-ਸੰਭਾਲ ਤੇ ਓਹੜ-ਪੋਹੜ ਦਾ ਕੰਮ ਚਲਾਊ ਪ੍ਰਬੰਧ ਵੀ ਕਰ ਲਿਆ।

ਸਕੂਲ ਪੜ੍ਹਦੇ ਬੱਚਿਆਂ ਦਾ ਖ਼ਿਆਲ ਕਰ ਕੇ, ਉਹਨੇ ਆਪਣੀ ਦੁਕਾਨ ਵਿੱਚ ਫੱਟੀ-ਗਾਚੀ, ਸਲੇਟ-ਸਲੇਟੀ, ਪੈਨ-ਪੈਨਸਿਲ, ਸ਼ਾਹੀ-ਪੱਤਰਾ/ਪੈਨਸਿਲ-ਘੱੜ, ਕਾਪੀ/ਕੈਦਾ-ਕਿਤਾਬ ਵਗੈਰਾ ਵੀ ਰੱਖ ਲਏ।

ਉਹਦੀ ਘਰੇ ਬਣੀ ਦੁਕਾਨ ਵਿੱਚੋਂ, ਪਿੰਡ ਦੇ ਲੋਕਾਂ ਦੀਆਂ ਉਸ ਵੇਲੇ ਵਾਲੀਆਂ ਤਕਰੀਬਨ ਸਾਰੀਆਂ ਲੋੜਾਂ ਹੀ ਪੂਰੀਆਂ ਹੋਣ ਲੱਗ ਪਈਆਂ। ਦੁਕਾਨ ਤੇ ਲੱਗੀ ਸਮਾਨ ਦੀ ਸ਼ਹਿਬਰ ਨੇ, ਸਿਰਫ਼ ਗਾਹਕਾਂ ਦੀ ਗਾਹਕੀ ਹੀ ਪੱਕੀ ਨਹੀਂ ਕੀਤੀ, ਸਗੋਂ ਪਿੰਡ ਵਾਸੀਆਂ ਨੂੰ ਆਮ ਵਰਤੋਂ ਵਾਲੇ ਸਮਾਨ ਦੀ ਖਰੀਦੋ-ਫਰੋਕਤ ਲਈ (ਤਕਰੀਬਨ) ਸ਼ਹਿਰ ਤੋਂ ਨਿਜਾਤ ਦਵਾ ਦਿੱਤੀ।

ਦੋ-ਚਾਰ ਨੇੜਲੇ ਪਿੰਡਾਂ ਤੋਂ ਵੀ ਕੁੱਝ ਘਰ ਉਹਦੇ ਪੱਕੇ ਗਾਹਕ ਬਣ ਗਏ। ਜੇ ਮੈਂ ਹੁਣ ਅੱਖਾਂ ਬੰਦ ਕਰ ਕੇ ਸਾਡੇ ਉਸ ਵੇਲੇ ਪਿੰਡ ਦੇ ਮਹੌਲ ਅਤੇ ਸੇਠ ਚਿੱਮਨ ਲਾਲ ਵੱਲੋਂ ਘਰ ਵਿਚ ਖੋਹਲ ਰੱਖੀ ਦੁਕਾਨ ਦਾ ਧਿਆਨ ਧਰ ਕੇ, ਓਹਨੂੰ ਪਿੰਡ ਸੁਖਣਾ ਅਬਲੂ ਦਾ (ਅਜੋਕੇ ਸ਼ਹਿਰੀ ਖਰੀਦ ਕੇਂਦਰ ਵਰਗਾ) “ਚਿੱਮਨਾ ਮਾਲ” (Chimmna Mall) ਵੀ ਕਹਿ ਦੇਵਾਂ ਤਾਂ ਸ਼ਾਇਦ, ਇਹ ਕੋਈ ਅੱਤਕਥਨੀ ਨਹੀਂ ਹੋਵੇਗੀ। ਮੈਨੂੰ ਸਿਆਣਿਆਂ ਦੀ ਕਹੀਆਂ ਦੋ ਹੇਠਾਂ ਵਾਲੀਆਂ ਗੱਲਾਂ,

“ਬੰਦਾ ਘਰੋਂ ਭਾਵੇਂ ਮਾੜਾ ਹੋਵੇ, ਉਹਦੀ ਕਿਸਮਤ ਮਾੜੀ ਨਾ ਲਿਖੀ ਹੋਵੇ।
ਅਤੇ
“ਹੇ ਮਾਇਆ ਤੇਰੇ ਤੀਨ ਨਾਮ, ਪਰਸੀ, ਪਰਸਾ ਤੇ ਪਰਸ ਰਾਮ।”,

ਉਦੋਂ ਵਾਲ਼ੇ ਵਾਲੇ (ਮੇਰੇ ਪਿੰਡ ਦੇ ਰਿਸ਼ਤੇ ਵਜੋਂ ਬਾਬੇ ਲਗਦੇ) ਸੇਠ ਚਿੱਮਨ ਲਾਲ ਦੇ ਰਾਸ ਆਈਆਂ ਲੱਗੀਆਂ। ਕਿਉਂਕੇ ਉਹ ਖੁਸ਼ਕਿਸਮਤ ਹੋਣ ਕਰ ਕੇ, ਆਰਥਿਕ ਪੱਖੋਂ ਪੂਰਾ ਖੁਸ਼ਹਾਲ ਹੋ ਗਿਆ ਸੀ।

ਮੇਰੇ ਪਿੰਡ ਦੇ ਉਹਨੂੰ “ਚਿੱਮਨਾ ਕਰਾੜ” ਕਹਿਣ ਵਾਲੇ ਲੋਕ, “ਚਿੱਮਨ ਲਾਲ” ਅਤੇ ਫੇਰ “ਸੇਠ ਚਿੱਮਨ ਲਾਲ” ਵੀ ਕਹਿਣ ਲੱਗ ਪਏ ਸਨ।

ਸੋ ਇੱਕ ਪਾਸੇ ਉਹ ਇਨਸਾਨ ਸੀ ਜਿਹੜ੍ਹਾ ਪਿੰਡ ਦੇ ਲੋਕਾਂ ਵੱਲੋਂ ਚਿੱਮਨੇ ਕਰਾੜ ਤੋਂ ਚਿੱਮਨ ਲਾਲ ਅਤੇ ਫੇਰ ਸੇਠ ਚਿਮਨ ਲਾਲ ਬਣਾ ਦਿੱਤਾ ਗਿਆ ਸੀ।

ਦੂਜ਼ੇ ਪਾਸੇ ਰੱਬ ਦਾ ਭੇਜਿਆ ਭਗਤ ਅਤੇ ਮਾਪਿਆਂ ਦਾ ਪਿਆਰਾ ਪੁੱਤ ਸ. ਧਰਮ ਸਿੰਘ ਸੀ, ਜਿਸਨੂੰ ਲੋਕਾਂ ਨੇ “ਧੰਮੀ ਕਮਲੇ” ਦਾ ਖ਼ਿਤਾਬ ਦੇ ਰੱਖਿਆ ਸੀ।

ਪਰ ਵਾਰੇ-ਵਾਰੇ ਜਾਈਏ ਓਸ ਪਰਵਰਦਿਗਾਰ ਦੇ ਨਿਆਰੇ ਰੰਗਾਂ ਦੇ !

ਧਰਮ ਸਿੰਘ ਤੋਂ ਲੋਕਾਂ ਵੱਲੋਂ ਬਣਾਇਆ “ਧੰਮੀ ਕਮਲਾ”, ਉਨ੍ਹਾਂ ਦੇ “ਚਿੱਮਨੇ ਕਰਾੜ” ਤੋਂ ਬਣਾਏ “ਸੇਠ ਚਿੱਮਨ ਲਾਲ” ਨੂੰ, ਮੇਰੇ ਸਾਹਮਣੇ, ਬਾ ਦਲੀਲ “ਕਿੱਡਾ ਕਮਲਾ” ਦੱਸ ਰਿਹਾ ਸੀ ਅਤੇ ਉਹ ਓਹਨੂੰ ਕਮਲ ਮਾਰਨ ਤੋਂ ਰੋਕਣ ਲਈ, ਮੇਰੇ ਕੋਲ ਗੁਹਾਰ ਵੀ ਲਗਾ ਰਿਹਾ ਸੀ।

ਇੰਨ੍ਹਾਂ ਸੋਚਾਂ ਵਾਲੀ ਉਧੇੜ-ਬੁਣ ਵਿੱਚ ਤੁਰੇ ਜਾਂਦੇ ਦੀ ਮੇਰੀ ਨਜ਼ਰ, ਸੇਠ ਚਿਮਨ ਲਾਲ ਜੀ ਦੇ ਸਾਹਮਣੇ ਚਮਕਾਂ (ਰੰਗ- ਰੋਗਨ ਕੀਤੇ) ਮਾਰਦੇ ਦਰਵਾਜੇ ਤੇ ਪੈ ਗਈ।

ਘਰ ਕੋਲ ਪਹੁੰਚਣ ਦੇ ਹੋਏ ਅਹਿਸਾਸ ਨੇ , ਮੇਰੇ ਖਿਆਲਾਂ ਦੀ ਲੜੀ ਵੀ ਤੋੜ ਦਿੱਤੀ। ਸੇਠ ਚਿਮਨ ਲਾਲ ਬਾਰੇ ਬਾਬੇ ਸ. ਧਰਮ ਸਿੰਘ ਦੇ ਕਹੇ ਸ਼ਬਦ,

“ਲੈ ਪੋਤਰਿਆ ਦੱਸ ! ਆਹ ਚਿੱਮਨਾ ਕਿੱਡਾ ਕਮਲਾ ਹੈ”,

ਮੇਰੇ ਕੰਨਾਂ ਵਿੱਚ ਫਿਰ ਗੂੰਜ ਉੱਠੇ।

ਮੈਂ ਝੁੱਕ ਕੇ ਧਰਤੀ ਨੂੰ ਨਮਸਕਾਰ ਕਰ ਕੇ, ਉੱਪਰ ਓਹਦੇ ਵੱਲ ਵੇਖਣ ਲੱਗ ਪਿਆ।

ਸੁਤੇ-ਸਿੱਧ ਮੇਰੇ ਮੂਹੋਂ ਆਪ ਮੁਹਾਰੇ ਨਿੱਕਲ ਗਿਆ,

“ਹੁਣ ਤੂੰ ਹੀ ਦੱਸ! ਮੈਂ ਕਮਲਾ ਕੀਹਨੂੰ ਆਖਾਂ?”

ਵਾਹਿਗੁਰੂ ਜੀ ਸਭ ਤੇ ਮਿਹਰ ਕਰਨ !🙏🏼

(ਸਮਾਪਤ)
ਨੋਟ:- ਇੱਕ ਨਿੱਜ ਵਾਪਰੀ ਘਟਨਾ ਤੇ ਆਧਾਰਿਤ ਪਹਿਲੀ ਵਾਰ (ਅਕਤੂਬਰ, 2022 ਵਿਚ ਲਿਖੀ) ਲਿਖੀ, ਇਸ ਲਿਖਤ ਦਾ ਸੋਧਿਆ ਰੂਪ ਦੇ ਕੇ, ਮੇਰੇ ਮਨੂਏ ਨੂੰ ਰਾਹਤ ਮਹਿਸੂਸ ਹੋ ਰਹੀ ਹੈ।

dalucha-singh-172x300 ਹੁਣ ਤੂੰ ਹੀ ਦੱਸ ! ਮੈਂ ਕਮਲਾ ਕੀਹਨੂੰ ਆਖਾਂ/ਡਾ. ਦੁਲਚਾ ਸਿੰਘ ਬਰਾੜ

ਡਾ. ਦੁਲਚਾ ਸਿੰਘ ਬਰਾੜ

ਮੋਬਾਈਲ +91 8847618831

05 ਮਈ (੨੨ ਵਿਸਾਖ), 2026

Share this content:

Post Comment