ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਲਾਜ਼ਮੀ ਹੋਵੇਗੀ ਵਰਦੀ
ਚੰਡੀਗੜ੍ਹ, 22 ਮਈ – ਉੱਚ ਸਿੱਖਿਆ ਸੰਸਥਾਨਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੁਣ ਸਕੂਲ ਛੱਡਣ ਤੋਂ ਬਾਅਦ ਵੀ ਵਰਦੀ (ਯੂਨੀਫਾਰਮ) ਪਹਿਨਣ ਤੋਂ ਛੋਟ ਨਹੀਂ ਮਿਲੇਗੀ। ਉੱਤਰ ਪ੍ਰਦੇਸ਼ ਦੇ ਸਾਰੇ ਸਰਕਾਰੀ ਤੇ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੁਣ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੀ ਰਾਜਪਾਲ ਅਤੇ ਯੂਨੀਵਰਸਿਟੀਆਂ ਦੀ ਚਾਂਸਲਰ ਆਨੰਦੀਬੇਨ ਪਟੇਲ ਨੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਇਹ ਵੱਡਾ ਫੈਸਲਾ ਲੈਂਦਿਆਂ ਤੁਰੰਤ ਪ੍ਰਭਾਵ ਨਾਲ ਯੂਨੀਫਾਰਮ ਸਿਸਟਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੱਕ ਰਾਜ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਅਜਿਹਾ ਕੋਈ ਨਿਯਮ ਲਾਗੂ ਨਹੀਂ ਸੀ।
ਰਾਜਪਾਲ ਨੇ ਇਸ ਫੈਸਲੇ ਪਿੱਛੇ ਤਰਕ ਦਿੰਦਿਆਂ ਆਖਿਆ ਕਿ ਸਕੂਲਾਂ ਵਾਂਗ ਉੱਚ ਸਿੱਖਿਆ ਵਿੱਚ ਵੀ ਵਰਦੀ ਲਾਗੂ ਕਰਨ ਨਾਲ ਵਿਦਿਆਰਥੀਆਂ ਦਰਮਿਆਨ ਅਮੀਰ-ਗਰੀਬ ਜਾਂ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਵਿਤਕਰੇ ਅਤੇ ਆਪਸੀ ਵੱਖਰੇਵੇਂ ਦੀ ਸੰਭਾਵਨਾ ਖ਼ਤਮ ਹੋਵੇਗੀ ਅਤੇ ਸਾਰੇ ਵਿਦਿਆਰਥੀ ਬਰਾਬਰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਾਜਪਾਲ ਨੇ ਅਧਿਆਪਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਕੋਈ ਵੀ ਅਜਿਹਾ ਕਾਰਜ ਨਾ ਕਰਨ ਜਿਸ ਨਾਲ ਅਧਿਆਪਨ ਦੇ ਵੱਕਾਰ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਕਲਾਸਾਂ ਸਮੇਂ ਸਿਰ ਲਾਈਆਂ ਜਾਣ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ।
ਕੁੜੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਖ਼ਾਸ ਕੋਰਸਾਂ ’ਤੇ ਜ਼ੋਰ
ਰਾਜਪਾਲ ਆਨੰਦੀਬੇਨ ਪਟੇਲ ਨੇ ਮੀਟਿੰਗ ਦੌਰਾਨ ਉੱਚ ਸਿੱਖਿਆ ਨੂੰ ਰੁਜ਼ਗਾਰ ਮੁਖੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਯੂਨੀਵਰਸਿਟੀਆਂ ਨੂੰ ਨਵੇਂ ਵੋਕੇਸ਼ਨਲ (ਕਿੱਤਾਮੁਖੀ) ਕੋਰਸ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਦਿਆਰਥੀ, ਖ਼ਾਸ ਕਰਕੇ ਲੜਕੀਆਂ, ਖ਼ੁਦਮੁਖਤਿਆਰ ਬਣ ਸਕਣ। ਉਨ੍ਹਾਂ ਸੰਸਥਾਵਾਂ ਨੂੰ ਬਿਊਟੀਸ਼ੀਅਨ ਟ੍ਰੇਨਿੰਗ, ਮਹਿੰਦੀ, ਜੀਐੱਸਟੀ (GST), ਬਿੰਦੀ ਨਿਰਮਾਣ, ਅਕਾਊਂਟੈਂਸੀ ਅਤੇ ਮੋਟੇ ਅਨਾਜ (ਮਿਲਟਸ) ਅਧਾਰਿਤ ਖਾਣਾ ਤਿਆਰ ਕਰਨ ਵਰਗੇ ਸ਼ਾਰਟ-ਟਰਮ ਕੋਰਸ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਨੀਤੀ (NEP) ਨੂੰ ਡੂੰਘਾਈ ਨਾਲ ਲਾਗੂ ਕਰਨ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮੁੱਖ ਵਿਸ਼ਿਆਂ ਦੇ ਨਾਲ-ਨਾਲ ਯੋਗਾ, ਪੇਂਟਿੰਗ ਅਤੇ ਹੋਰ ਹੁਨਰ ਸਿੱਖਣ ਦੀ ਆਜ਼ਾਦੀ ਵੀ ਹੋਣੀ ਚਾਹੀਦੀ ਹੈ।
ਹੋਸਟਲਾਂ ਦੀ ਸੁਰੱਖਿਆ ਅਤੇ ਸ਼ਿਕਾਇਤ ਕਮੇਟੀਆਂ ਦਾ ਗਠਨ
ਮਹਿਲਾ ਕਾਲਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਚਾਂਸਲਰ ਨੇ ਹੋਸਟਲਾਂ ਦੀ ਹਾਲਤ ਸੁਧਾਰਨ ਅਤੇ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਦੇ ਪ੍ਰਭਾਵ ਤੋਂ ਦੂਰ ਰੱਖਣ ਲਈ ਯੋਗ ਅਗਵਾਈ ਦਿੱਤੀ ਜਾਵੇ। ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਸ਼ੇਸ਼ ਕਮੇਟੀਆਂ ਬਣਾਉਣ ਲਈ ਕਿਹਾ ਗਿਆ ਹੈ, ਜਿੱਥੇ ਲੜਕੇ ਅਤੇ ਲੜਕੀਆਂ ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਸਾਂਝੀਆਂ ਕਰ ਸਕਣ ਅਤੇ ਉਨ੍ਹਾਂ ਦਾ ਤੁਰੰਤ ਹੱਲ ਹੋ ਸਕੇ।
Share this content:



Post Comment