ਹੁਣ ਇੱਕ ਕਲਿੱਕ ’ਤੇ ਪਤਾ ਲੱਗੇਗਾ ਰੇਲਵੇ ਫਾਟਕ ਖੁੱਲ੍ਹਾ ਹੈ ਜਾਂ ਬੰਦ
ਸ੍ਰੀ ਮੁਕਤਸਰ ਸਾਹਿਬ, 15 ਦਸੰਬਰ – ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਹੁਣ ਰੇਲਵੇ ਫਾਟਕ ਬੰਦ ਹੋਣ ’ਤੇ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ। ਸ਼ਹਿਰ ਦੇ ਦੋ ਦੋਸਤਾਂ ਨੇ ਫਾਟਕ ਐਪ ਬਣਾਇਆ ਹੈ ਜਿਸ ’ਚ ਕੋਈ ਵੀ ਵਿਅਕਤੀ ਇਹ ਦੇਖ ਸਕਦਾ ਹੈ ਕਿ ਮੁਕਤਸਰ ਦਾ ਕਿਹੜਾ ਫਾਟਕ ਬੰਦ ਹੈ ਜਾਂ ਖੁੱਲਾ ਹੈ। ਜੇਕਰ ਬੰਦ ਹੈ ਤੇ ਉਹ ਕੋਈ ਦੂਸਰੇ ਰੋਡ ’ਤੇ ਜਾ ਸਕਦਾ ਹੈ। ਮੁਕਤਸਰ ਵਾਸੀ ਕਰਨ ਲੂਣਾ ਅਤੇ ਲਵਿਸ਼ ਚੁੱਘ ਨੇ ਦੱਸਿਆ ਕਿ ਮਈ 2024 ’ਚ ਕਰਨ ਲੂਣਾ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ ਸੀ ਅਤੇ ਉਨਾਂ ਨੂੰ ਮੁਕਤਸਰ ਦੇ ਬੂੜਾ ਗੁੱਜਰ ਰੋਡ ਤੋਂ ਹਸਪਤਾਲ ਕਾਰ ’ਚ ਲੈ ਕੇ ਜਾ ਰਹੇ ਸੀ।
ਇਸ ਦੌਰਾਨ ਟਰੇਨ ਦੇ ਆਉਣ ਦਾ ਸਮਾਂ ਹੋ ਗਿਆ ਸੀ ਅਤੇ ਫਾਟਕ ਬੰਦ ਕਰ ਦਿੱਤਾ ਗਿਆ। ਫਾਟਕ ਕਾਫੀ ਸਮਾਂ ਤੱਕ ਬੰਦ ਰਿਹਾ ਅਤੇ ਇਸ ਦੌਰਾਨ ਕਾਫੀ ਲੰਬਾ ਜਾਮ ਲੱਗ ਗਿਆ। ਸਾਡੀ ਕਾਰ ਜਾਮ ’ਚ ਫਸ ਗਈ ਅਤੇ ਇਥੋਂ ਨਿਕਲਣ ਦੇ ਲਈ ਕਾਫੀ ਸਮਾਂ ਲੱਗ ਗਿਆ। ਜਦੋਂ ਤੱਕ ਹਸਪਤਾਲ ਪਹੁੰਚੇ ਉਦੋਂ ਤੱਕ ਪਿਤਾ ਦੀ ਮੌਤ ਹੋ ਚੁੱਕੀ ਸੀ। ਉਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਏ ਕਿਉਂਕਿ ਜੇਕਰ ਰੇਲਵੇ ਫਾਟਕ ਖੁੱਲਾ ਹੁੰਦਾ ਅਤੇ ਉਹ ਸਮੇਂ ਸਿਰ ਹਸਪਤਾਲ ਪਹੁੰਚ ਜਾਂਦੇ ਤਾਂ ਪਿਤਾ ਦੀ ਜਾਨ ਵੀ ਬਚ ਸਕਦੀ ਸੀ। ਹੁਣ ਵੀ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਰੇਲਵੇ ਫਾਟਕ ਬੰਦ ਹੋਣ ’ਤੇ ਕਾਫੀ ਸਮਾਂ ਜਾਮ ’ਚ ਫਸੇ ਰਹਿੰਦੇ ਹਨ ਇਸ ਕਾਰਨ ਉਹ ਕਈ ਵਾਰ ਜ਼ਰੂਰੀ ਕੰਮਾਂ ਤੋਂ ਵੀ ਪਿੱਛੜ ਜਾਂਦੇ ਹਨ।
ਅਸੀਂ ਦੋਨਾਂ ਦੋਸਤਾਂ ਨੇ ਬੜਾ ਸੋਚ ਵਿਚਾਰ ਤੋਂ ਬਾਅਦ ਫਾਟਕ ਐਪ ਲਾਂਚ ਕੀਤਾ ਹੈ। ਇਹ ਐਪ ਲੋਕਾਂ ਨੂੰ ਕਾਫੀ ਸੁਵਿਧਾ ਦੇਵੇਗਾ। ਫਿਲਹਾਲ ਇਹ ਐਪ ਮੁਕਤਸਰ ਦੇ ਦੋਨਾਂ ਰੇਲਵੇ ਫਾਟਕ ਬੋੜਾ ਗੁੱਜਰ ਰੋਡ ਅਤੇ ਮੌੜ ਰੋਡ ਦੇ ਲਈ ਹੀ ਬਣਾਇਆ ਗਿਆ ਹੈ। ਰੇਲਵੇ ਫਾਟਕ ਬੰਦ ਹੋਣ ’ਤੇ ਘੰਟਿਆਂ ਤੱਕ ਹੋਣ ਵਾਲੀ ਪ੍ਰੇਸ਼ਾਣੀ ਤੋਂ ਹੁਣ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸਦਾ ਕਾਰਣ ਇਹ ਹੈ ਕਿ ਲੋਕਾਂ ਨੂੰ ਹੁਣ ਘਰ ਬੈਠੇ ਹੀ ਪਤਾ ਚੱਲ ਜਾਇਆ ਕਰੇਗਾ ਕਿ ਫਾਟਕ ਖੁੱਲਾ ਹੈ ਜਾਂ ਬੰਦ। ਇਸ ਤਰਾਂ ਫਾਟਕ ਬੰਦ ਹੋਣ ਦੀ ਸੂਰਤ ’ਚ ਲੋਕ ਸਮੇਂ ਅਨੁਸਾਰ ਘਰੋਂ ਕੰਮ ’ਤੇ ਨਿਕਲ ਕੇ ਸਮੇਂ ਸਿਰ ਪਹੁੰਚ ਸਕਣਗੇ। ਇੱਕ ਕਲਿੱਕ ਕਰਨ ’ਤੇ ਹੀ ਮੁਕਤਸਰ ਦੇ ਫਾਟਕਾਂ ਦੇ ਬੰਦ ਹੋਣ ਦੀ ਜਾਣਕਾਰੀ ਮਿਲ ਜਾਵੇਗੀ।
ਦੱਸ ਦਈਏ ਕਿ ਬੋੜਾ ਗੁੱਜਰ ਰੋਡ ਫਾਟਕ ਦੇ ਬੰਦ ਹੋਣ ’ਤੇ ਘੰਟਿਆਂ ਜਾਮ ਦੇ ਹਲਾਤ ਬਣ ਜਾਂਦੇ ਹਨ ਅਤੇ ਇਸ ਰੋਡ ’ਤੇ ਕਈ ਸਕੂਲ ਹੋਣ ਕਾਰਨ ਵਿਦਿਆਰਥੀ ਕਾਫੀ ਪ੍ਰੇਸ਼ਾਨ ਹੁੰਦੇ ਹਨ। ਉੱਥੇ ਹੀ ਆਮ ਲੋਕਾਂ ਨੂੰ ਵੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ ਪਰ ਹੁਣ ਲੋਕਾਂ ਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ ਕਿਉਂਕਿ ਲੋਕ ਫਾਟਕ ਐਪ ਜ਼ਰੀਏ ਘਰੋਂ ਨਿਕਲਣ ਸਮੇਂ ਫਾਟਕ ਬੰਦ ਹੋਣ ਦਾ ਸਟੇਟਸ ਚੈਕ ਕਰਕੇ ਨਿਕਲ ਸਕਣਗੇ ਤਾਂ ਸਮੱਸਿਆ ਨਹੀਂ ਆਵੇਗੀ ਅਤੇ ਸਮਾਂ ਵੀ ਬਚੇਗਾ। ਐਪ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨਾਂ ਕਰਨ ਲੂਣਾ ਤੇ ਲਵਿਸ਼ ਚੁੱਘ ਨੇ ਦੱਸਿਆ ਕਿ ਉਨਾਂ ਦੀ ਸੋਚ ਇਹੀ ਹੈ ਕਿ ਲੋਕ ਬੇਵਜ੍ਹਾ ਫਾਟਕ ’ਤੇ ਨਾ ਫਸੇ ਰਹਿਣ ਅਤੇ ਉਨਾਂ ਨੂੰ ਦਿੱਕਤਾਂ ਨਾ ਝੱਲਣੀਆਂ ਪੈਣ।
Share this content:



Post Comment