Loading Now

ਹੁਣ ਅੰਗਰੇਜ਼ੀ ਦੇ ਨਾਲ ਪੰਜਾਬੀ ਵੀ ਬਣੇਗੀ ਖੋਜ ਦੀ ਭਾਸ਼ਾ

ਹੁਣ ਅੰਗਰੇਜ਼ੀ ਦੇ ਨਾਲ ਪੰਜਾਬੀ ਵੀ ਬਣੇਗੀ ਖੋਜ ਦੀ ਭਾਸ਼ਾ

ਚੰਡੀਗੜ੍ਹ/ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.), ਅੰਮ੍ਰਿਤਸਰ ਨੇ ਪੰਜਾਬੀ-ਫਸਟ ਐਜੂਕੇਸ਼ਨ, ਰੀਸਰਚ ਐਂਡ ਗਵਰਨੈਂਸ ਪਾਲਿਸੀ 2026 ਨੂੰ ਮਨਜ਼ੂਰੀ ਦੇ ਕੇ ਇੱਕ ਇਤਿਹਾਸਕ ਅਤੇ ਲੋਕ-ਕੇਂਦ੍ਰਿਤ ਕਦਮ ਚੁੱਕਿਆ ਹੈ, ਜਿਸ ਤਹਿਤ ਵਿਸ਼ਵਵਿਆਪੀ ਅਕਾਦਮਿਕ ਮਿਆਰਾਂ ਨਾਲ ਸਮਝੌਤਾ ਕੀਤੇ ਬਗੈਰ ਪੰਜਾਬੀ (ਗੁਰਮੁਖੀ) ਨੂੰ ਉਚੇਰੀ ਸਿੱਖਿਆ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਇਸ ਫੈਸਲੇ ਦਾ ਐਲਾਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਉਚੇਰੀ ਸਿੱਖਿਆ ਨੂੰ ਸਮਾਜ ਨਾਲ ਮੁੜ ਜੋੜਨਾ ਅਤੇ ਵਿਦਿਆਰਥੀਆਂ ਲਈ ਉਸ ਭਾਸ਼ਾ ਵਿੱਚ ਸਿੱਖਣ ਦੀ ਸਹੂਲਤ ਦੇਣਾ ਹੈ ਜਿਸ ਨੂੰ ਉਹ ਸਭ ਤੋਂ ਵਧੀਆ ਢੰਗ ਨਾਲ ਸਮਝਦੇ ਹਨ।
ਅਜਿਹੇ ਸਮੇਂ ਜਦੋਂ ਉਚੇਰੀ ਸਿੱਖਿਆ ਕਾਫ਼ੀ ਹੱਦ ਤੱਕ ਸਮਾਜ ਤੋਂ ਨਿੱਖੜ ਕੇ ਰਹਿ ਗਈ ਹੋਵੇ, ਇਹ ਨੀਤੀ ਯੂਨੀਵਰਸਿਟੀਆਂ ਨੂੰ ਸਥਾਨਕ ਲੋਕਾਂ ਦੀ ਭਾਸ਼ਾ ਨਾਲ ਮੁੜ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਜੀ.ਐਨ.ਡੀ.ਯੂ. ਵੱਲੋਂ ਇਸ ਨੀਤੀ ਦੀ ਪੇਸ਼ਕਸ਼ ਦੇ ਨਾਲ ਪ੍ਰਮੁੱਖ ਖੋਜ ਕਾਰਜ – ਜਿਵੇਂ ਕਿ ਪੀਐਚਡੀ ਥੀਸਸ, ਖੋਜ ਨਿਬੰਧ (ਡੈਜਰਟੇਸ਼ਨਜ਼), ਪ੍ਰੋਜੈਕਟ ਰਿਪੋਰਟਾਂ ਅਤੇ ਫੰਡਿਡ ਰਿਸਰਚ ਆਊਟਪੁੱਟਜ਼ – ਪ੍ਰਾਇਮਰੀ ਅਕਾਦਮਿਕ ਭਾਸ਼ਾ (ਆਮ ਤੌਰ ‘ਤੇ ਅੰਗਰੇਜ਼ੀ) ਅਤੇ ਪੰਜਾਬੀ (ਗੁਰਮੁਖੀ) ਦੋਵਾਂ ਵਿੱਚ ਜਮ੍ਹਾਂ ਕਰਨਾ ਲਾਜ਼ਮੀ ਹੋਵੇਗਾ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਕਦਮ ਜਿੰਨਾ ਸਰਲ ਹੈ, ਓਨਾ ਹੀ ਸਮਰੱਥਾਵਾਨ ਵੀ ਹੈ: ਪੰਜਾਬ ਵਿੱਚ ਜਨਮੀ ਸਿੱਖਿਆ ਨਾ ਸਿਰਫ਼ ਵਿਸ਼ਵ ਪੱਧਰ ਤੇ ਸਗੋਂ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ, ਨੀਤੀ ਘਾੜਿਆਂ ਅਤੇ ਨਾਗਰਿਕਾਂ ਲਈ ਵੀ ਪਹੁੰਚਯੋਗ ਹੋਣੀ ਚਾਹੀਦੀ ਹੈ।
ਵਿਸ਼ਵ ਪੱਧਰੀ ਗਿਆਨ ਅਤੇ ਸਥਾਨਕ ਪਹੁੰਚ

ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਜਮ੍ਹਾਂ ਕਰਵਾਏ ਜਾਣ ਵਾਲੇ ਅਕਾਦਮਿਕ ਪ੍ਰਾਜੈਕਟ ਸਿਰਫ਼ ਦਿਖਾਵੇ ਵਜੋਂ ਨਹੀਂ ਹੋਣਗੇ, ਸਗੋਂ ਉਨ੍ਹਾਂ ਦਾ ਅਕਾਦਮਿਕ ਤੌਰ ‘ਤੇ ਸਹੀ, ਮੂਲ ਖੋਜ ਪ੍ਰਤੀ ਕੇਂਦਰਿਤ ਹੋਣ ਅਤੇ ਸਪੱਸ਼ਟਤਾ ਤੇ ਸ਼ੁੱਧਤਾ ਲਈ ਮੁਲਾਂਕਣ ਕੀਤਾ ਜਾਵੇਗਾ। ਜਿਥੇ ਰਿਸਰਚ ਕੁਆਲਿਟੀ ਦਾ ਮੁਲਾਂਕਣ ਮੁੱਖ ਤੌਰ ‘ਤੇ ਅਕਾਦਮਿਕ ਪ੍ਰਾਜੈਕਟ ਜਮ੍ਹਾਂ ਕਰਵਾਉਣ ਲਈ ਲਾਗੂ ਮੁੱਖ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਰਹੇਗਾ, ਉਥੇ ਹੀ ਪੰਜਾਬੀ ਭਾਸ਼ਾ ਵਿੱਚ ਜਮ੍ਹਾਂ ਕਰਵਾਇਆ ਜਾਣ ਵਾਲਾ ਕੰਮ ਇਹ ਯਕੀਨੀ ਬਣਾਏਗਾ ਕਿ ਵਿਚਾਰਾਂ, ਇਨੋਵੇਸ਼ਨਜ਼ ਅਤੇ ਖੋਜ ਕਾਰਜਾਂ ਨੂੰ ਭਾਸ਼ਾ ਸਬੰਧੀ ਰੁਕਾਵਟਾਂ ਦਾ ਸਾਹਮਣਾ ਨਾ ਕਰਨਾ ਪਵੇ।

Share this content:

Post Comment