Loading Now

ਹਾਸਰਸ ਕਵਿਤਾ/ਚਾਚਾ-ਜੇ ਕਿਤੇ ਤੂੰ ਬਾਬਾ ਹੁੰਦਾ”/ਦਲਜੀਤ ਸਿੰਘ ਕਾਹਲੋਂ,ਸੁਪਰਡੈਂਟ

ਹਾਸਰਸ ਕਵਿਤਾ/ਚਾਚਾ-ਜੇ ਕਿਤੇ ਤੂੰ ਬਾਬਾ ਹੁੰਦਾ”/ਦਲਜੀਤ ਸਿੰਘ ਕਾਹਲੋਂ,ਸੁਪਰਡੈਂਟ

ਚਾਚਾ ਕਾਹਦਾ ਪਿੰਡ ਵਿੱਚ ਆਇਆ ।

ਸਾਰਾ ਪਿੰਡ ਏਨੇ ਪਿੱਛੇ ਲਾਇਆ ॥

ਬੱਚੇ,ਬੁੱਢੇ ਤੇ ਜਵਾਨ। ਆ ਗਏ ਸਾਰੇ ਵਿੱਚ ਮੈਦਾਨ॥

ਚਾਚਾ ਚਾਚਾ ਕਰਦੇ ਫਿਰਦੇ। ਪਾਣੀ ਇਹਦਾ ਭਰਦੇ ਫਿਰਦੇ॥

ਬੁੜੀਆਂ ਆਖਣ ਇਹਨੂੰ ,ਭਗਤ-ਚਾਚਾ!

ਬੱਚੇ ਆਖਣ ਇਹਨੂੰ ,ਜਗਤ-ਚਾਚਾ!

ਸਾਰਾ ਦਿਨ ਚਾਚਾ ਸੱਥ ਚਿ ਬਹਿੰਦਾ।

ਸੱਚੀ ਗੱਲ ਹਮੇਸ਼ਾ ਕਹਿੰਦਾ॥

ਥੜ੍ਹੇ ਤੇ ਪੱਕੀ ਲਾਈ ਸਟੇਜ।

ਇਕੱਠੇ ਕਰ ਲਏ ਕੁਰਸੀਆਂ ਮੇਜ਼॥

ਚਾਚਾ ਮਜਮਾ ਲਾਈ ਰੱਖਦਾ।

ਸੱਭਨਾਂ ਤਾਂਈਂ ਪਰਚਾਈ ਰੱਖਦਾ॥

ਸੁਣ ਬਚਨ ਚਾਚੇ ਦੇ, ਮਿਲਦੀ ਰਾਹਤ।

ਪੂਰੀ ਕਰਦਾ ,ਸੱਭ ਦੀ ਚਾਹਤ॥

ਖਿੱਚ ਚਾਚੇ ਦੀ ਬੱਚੇ ਆਉਣ ।

ਨੱਚਣ ਕੁੱਦਣ ਖੁਸ਼ੀ ਮਨਾਉਣ॥

ਸਾਰੇ ਪਿੰਡ ਪੈ ਗਿਆ ਖਲਾਰਾ।

ਚਾਚਾ ਹੋ ਗਿਆ ਹਰਮਨ-ਪਿਆਰਾ।

ਇੱਕ ਦਿਨ ਬੱਚੇ ਭੱਜਦੇ ਆਉਣ।

ਉੱਚੀ ਉੱਚੀ ਗੱਜਦੇ ਆਉਣ॥

ਵਿੱਚ ਸੱਥ ਦੇ ਸਾਰੇ ਵੜ ਗਏ।

ਕੋਲ ਚਾਚੇ ਦੇ ਆਣਕੇ ਖੜ੍ਹ ਗਏ॥

ਕਹਿੰਦੇ, ਚਾਚਾ ਸਾਨੂੰ ਫੁਰਨਾ ਆਇਆ।

ਅਸਾਂ ਵੀ ਤੇਰਾ ਗੀਤ ਬਣਾਇਆ॥

ਚਾਚਾ ਕਹਿੰਦਾ ਛੇਤੀ ਗਾਓ।

ਮੇਰਾ ਵੀ ਤੁਸੀਂ ਦਿੱਲ ਬਹਿਲਾਓ।

ਦਰੀ ਵਿਛਾਕੇ ਬਹਿ ਗਏ ਥੱਲੇ।

ਕਰਤੀ ਚਾਚੇ ਦੀ ਬੱਲੇ ਬੱਲੇ॥

ਉੱਚੀ ਉੱਚੀ ਲੱਗੇ ਗਾਉਣ।

ਹੱਸ ਹੱਸ ਟੱਪਣ ਭੰਗੜੇ ਪਾਉਣ॥

ਕਹਿੰਦੇ:-ਚਾਚਾ -ਜੇ ਕਿਤੇ ਤੂੰ ਬਾਬਾ ਹੁੰਦਾ।

ਜੱਗ ਵਿੱਚ ਤੇਰਾ ਦਾਬਾ ਹੁੰਦਾ॥

ਸੱਭ ਪਾਸੇ ਬੱਲੇ ਬੱਲੇ ਹੁੰਦੀ।

ਬੀ ਐਮ ਡਬਲਯੂ ਥੱਲੇ ਹੁੰਦੀ ॥

ਪਲਟੀ ਸਾਰੀ ਕਾਇਆ ਹੁੰਦੀ।

ਵਿੱਚ ਰਜਾਈਆਂ ਮਾਇਆ ਹੁੰਦੀ॥

ਨੌਕਰ ਚਾਕਰ ਕੰਮ ਪਿਆ ਕਰਦੇ।

ਲੀਡਰ ਤੇਰਾ ਪਾਣੀ ਭਰਦੇ ॥

ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ।

ਦਿਨ ਦਿਹਾੜੇ ਠੱਗੀਆਂ ਹੁੰਦੀਆਂ।

ਅਸੀਂ ਵੀ ਤੇਰੇ ਨਾਲ ਹੁੰਦੇ। .

ਤੇਰੇ ਭਾਈਵਾਲ ਹੁੰਦੇ॥

ਸੈਂਕੜੇ ਤੇਰੀਆਂ ਚੇਲੀਆਂ ਹੁੰਦੀਆਂ।

ਬੈਠੀਆਂ ਵਿੱਚ ਹਵੇਲੀਆਂ ਹੁੰਦੀਆਂ॥

ਅਟੈਚ ਸਵਿਮਿੰਗ ਪੂਲ ਹੁੰਦੇ।

ਆਪਾਂ ਸਾਰੇ ਕੂਲ ਹੁੰਦੇ।।

ਹਜ਼ਾਰਾਂ ਆਪਣੇ ਹੁੰਦੇ ਚੇਲੇ ।

ਪਿੰਡ ‘ਸਾਹਨੀ’ਵਿੱਚ ਹੁੰਦੇ ਮੇਲੇ॥

ਚੇਲੇ ਲੱਤਾਂ ਬਾਹਵਾਂ ਘੁੱਟਦੇ।

ਆਪਾਂ ਰਲ ਮਿਲ ਸੱਭ ਨੂੰ ਲੁੱਟਦੇ॥

ਥਾਂ ਥਾਂ ਆਪਣੇ ਡੇਰੇ ਹੁੰਦੇ।

ਜੈਡ ਪਲੱਸ ਚੁਫੇਰੇ ਹੁੰਦੇ॥

ਸਵਿੱਸ ਬੈਂਕਾਂ ਵਿੱਚ ਖਾਤੇ ਹੁੰਦੇ।

ਲੋਕ ਕੁਰਾਹੇ ਪਾਤੇ ਹੁੰਦੇ॥

ਖੁੱਲ੍ਹੇ ਛੱਡੇ ਵਾਲ ਹੁੰਦੇ।

ਆਪਾਂ ਬੜੇ ਖੁਸ਼ਹਾਲ ਹੁੰਦੇ॥

ਬੈੱਠਿਆਂ ਵੇਖ ਸਿੰਘਾਸਨ ਉੱਤੇ।

ਅਸੀਂ ਵੀ ਖੂਬ ਨਿਹਾਲ ਹੁੰਦੇ।

ਏਨੀ ਮਾਇਆ ਹੁੰਦੀ ਇਕੱਠੀ।

ਆਪਾਂ ਮਾਲਾ-ਮਾਲ ਹੁੰਦੇ॥

ਆਹੀ ਤੇਰੀ ਬੱਚਾ-ਫੌਜ ਹੁੰਦੀ ।

ਸਾਨੂੰ ਵੀ ਬੜੀ ਮੌਜ ਹੁੰਦੀ॥

ਲੱਤਾਂ ਬਾਹਵਾਂ ਤੇਰੀਆਂ ਘੁੱਟਦੇ।

ਨਾਲ ਤੇਰੇ ਲੋਕਾਂ ਨੂੰ ਲੁੱਟਦੇ॥

ਲਾਲ ਲਾਈਟ ਵਾਲੀ ਗੱਡੀ ਹੁੰਦੀ।

ਕਸਰ ਨਾ ਕੋਈ ਛੱਡੀ ਹੁੰਦੀ॥

ਹੂਟਰ ਪਏ ਵਜਾਈ ਜਾਂਦੇ।

ਸੱਭ ਪਾਸੇ ਆਪਾਂ ਛਾਈ ਜਾਂਦੇ।

ਸੱਭ ਪਾਸੇ ਚਾਚਾ ਛਾਈ ਜਾਂਦੇ॥

ਏਨੇ ਨੂੰ ਇੱਕ ਫੋਨ ਸੀ ਆਇਆ॥

ਚੱਕਿਆ ਫੋਨ ਤੇ ਕੰਨ ਨੂੰ ਲਾਇਆ।

ਸੁਣ ਫੋਨ ਚਾਚੀ ਦਾ ,ਘਰ ਵੱਲ ਨੱਸਦਾ।

ਬਾਏ ਬਾਏ ਕਰੇ ਤੇ ਜਾਵੇ ਹੱਸਦਾ॥

ਕਹਿੰਦੀ ਛਿਪ ਗਿਆ ਸੂਰਜ ਹੋਇਆ ਹਨੇਰਾ।

ਆਜਾ ਹੁਣ ਘਰ ਲਾ ਲੈ ਡੇਰਾ॥

ਜਾ ਛੱਕਿਆ ਲੰਗਰ, ਤੇ ਦੁੱਧ ਸੀ ਪੀਤਾ।

ਦੁੱਖ ਸੁੱਖ ਸਾਂਝਾ ,ਬੈਠ ਕੇ ਕੀਤਾ ॥

ਗੱਲਾਂ ਕਰਦੇ ਦੋਵੇਂ ਸੌਂ ਗਏ।

ਰੰਗਲੀ ਦੁਨੀਆਂ ਦੇ ਵਿੱਚ ਖੋ ਗਏ॥

ਰੰਗਲੀ ਦੁਨੀਆਂ ਦੇ ਵਿੱਚ ਖੋ ਗਏ॥

Diljit-singh-khalon ਹਾਸਰਸ ਕਵਿਤਾ/ਚਾਚਾ-ਜੇ ਕਿਤੇ ਤੂੰ ਬਾਬਾ ਹੁੰਦਾ”/ਦਲਜੀਤ ਸਿੰਘ ਕਾਹਲੋਂ,ਸੁਪਰਡੈਂਟ

ਅਜ਼ਾਦ ਮੀਡੀਆ ਯੂ.ਐਸ.ਏ

Share this content:

Post Comment