Loading Now

ਹਲਵਾਰਾ ਹਵਾਈ ਅੱਡੇ ਲਈ ਏਅਰ ਇੰਡੀਆ ਵੱਲੋਂ ਸਰਦੀਆਂ ਦਾ ਸ਼ਡਿਊਲ ਜਾਰੀ; ਸ਼ਨਿੱਚਰਵਾਰ ਸਵੇਰ ਦੀ ਉਡਾਣ ਕੀਤੀ ਬਾਹਰ

ਹਲਵਾਰਾ ਹਵਾਈ ਅੱਡੇ ਲਈ ਏਅਰ ਇੰਡੀਆ ਵੱਲੋਂ ਸਰਦੀਆਂ ਦਾ ਸ਼ਡਿਊਲ ਜਾਰੀ; ਸ਼ਨਿੱਚਰਵਾਰ ਸਵੇਰ ਦੀ ਉਡਾਣ ਕੀਤੀ ਬਾਹਰ

ਲੁਧਿਆਣਾ, 26 ਅਕਤੂਬਰ – ਏਅਰ ਇੰਡੀਆ ਵੱਲੋਂ ਹਲਵਾਰਾ ਹਵਾਈ ਅੱਡੇ ਲਈ ਸਰਦ ਰੁੱਤ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ 25 ਅਕਤੂਬਰ ਤੋਂ ਲਾਗੂ ਵੀ ਹੋ ਚੁੱਕਾ ਹੈ। ਪਰ ਅਹਿਮ ਗੱਲ ਇਹ ਹੈ ਕਿ ਏਅਰ ਇੰਡੀਆ ਨੇ ਸ਼ਨਿੱਚਰਵਾਰ ਸਵੇਰ ਦੀ ਉਡਾਣ ਨੂੰ ਇਸ ਸ਼ਡਿਊਲ ਵਿੱਚ ਸ਼ਾਮਲ ਨਹੀਂ ਕੀਤਾ ਹੈ। ਇਸ ਕਾਰਨ ਦਿੱਲੀ ਅਤੇ ਲੁਧਿਆਣਾ ਦਰਮਿਆਨ ਅਕਸਰ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਦੱਸਿਆ ਕਿ ਏਅਰ ਇੰਡੀਆ ਨੇ ਸ਼ਨਿੱਚਰਵਾਰ ਵਾਲੇ ਦਿਨ ਆਪਣੇ ਸ਼ਡਿਊਲ ਵਿੱਚੋਂ ਸਵੇਰ ਦੀ ਉਡਾਣ (AI 481/482) ਨੂੰ ਹਟਾ ਦਿੱਤਾ ਹੈ।

ਇਸ ਸਬੰਧੀ ਚਾਰਟਰਡ ਅਕਾਊਂਟੈਂਟ ਅੰਕੁਰ ਮਹਾਜਨ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਨੂੰ ਲੰਮੇ ਸਮੇਂ ਤੋਂ ਹਵਾਈ ਸੰਪਰਕ ਦੀ ਲੋੜ ਸੀ ਅਤੇ ਇਸ ਹਵਾਈ ਅੱਡੇ ਦੀ ਬੇਸਬਰੀ ਨਾਲ ਉਡੀਕ ਸੀ। ਉਨ੍ਹਾਂ ਕਿਹਾ, “ਅਕਸਰ ਸਫ਼ਰ ਕਰਨ ਵਾਲੇ ਯਾਤਰੀ ਵਜੋਂ ਮੈਨੂੰ ਲੱਗਦਾ ਹੈ ਕਿ ਅਧਿਕਾਰੀ ਹਵਾਈ ਅੱਡੇ ਅਤੇ ਇਸ ਦੇ ਸੰਚਾਲਨ ਵਿੱਚ ਘੱਟ ਦਿਲਚਸਪੀ ਲੈ ਰਹੇ ਹਨ। ਏਅਰ ਇੰਡੀਆ ਵੱਲੋਂ ਸਰਦ ਰੁੱਤ ਦੇ ਸ਼ਡਿਊਲ ਵਿੱਚ ਸ਼ਨਿੱਚਰਵਾਰ ਦੀ ਇੱਕ ਉਡਾਣ ਬੰਦ ਕਰਨਾ ਗਲਤ ਹੈ। ਸਰਕਾਰ ਅਤੇ ਅਧਿਕਾਰੀਆਂ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਹਵਾਈ ਅੱਡੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਅਤੇ ਇਸ ਦਾ ਹਾਲ ਵੀ ਸਾਹਨੇਵਾਲ ਹਵਾਈ ਅੱਡੇ ਵਰਗਾ ਨਾ ਹੋਵੇ।”

Share this content:

Post Comment