Loading Now

ਹਨੇਰੇ ਤੋਂ ਚਾਨਣ ਵੱਲ ਤੋਰਦੀਆਂ ਕਿਤਾਬਾਂ

ਹਨੇਰੇ ਤੋਂ ਚਾਨਣ ਵੱਲ ਤੋਰਦੀਆਂ ਕਿਤਾਬਾਂ

ਪੁਰਾਣੇ ਸਮਿਆਂ ਤੋਂ ਹੀ ਕਿਤਾਬਾਂ ਮਨੁੱਖ ਦਾ ਮਾਰਗਦਰਸ਼ਨ ਕਰਦੀਆਂ ਆਈਆਂ ਹਨ। ਕਿਤਾਬਾਂ ਦੀ ਮਹੱਤਤਾ ਦੇ ਸਬੰਧ ਵਿੱਚ ਮਹਾਨ ਰੋਮਨ ਦਾਰਸ਼ਨਿਕ ਸਿਸਰੋ ਕਹਿੰਦਾ ਹੈ, “ਕਿਤਾਬਾਂ ਬਿਨਾਂ ਕਮਰਾ ਇਸ ਤਰ੍ਹਾਂ ਹੈ ਜਿਵੇਂ ਆਤਮਾ ਬਿਨਾਂ ਸਰੀਰ।’’ ਕਿਤਾਬਾਂ ਅਥਾਹ ਗਿਆਨ ਦਾ ਭੰਡਾਰ ਹਨ। ਇਹ ਮਨੁੱਖ ਨੂੰ ਗਿਆਨ, ਸੋਚ ਅਤੇ ਤਜਰਬਿਆਂ ਨਾਲ ਜੋੜਦੀਆਂ ਹਨ। ਜਿਸ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ਼ੀ ਚੇਤਨਾ ਅਤੇ ਵਿਕਾਸ ਲਈ ਕਿਤਾਬਾਂ ਦੀ ਲੋੜ ਹੁੰਦੀ ਹੈ।

ਕਿਤਾਬਾਂ ਮਨੁੱਖੀ ਜੀਵਨ ਦਾ ਵੱਡਮੁੱਲਾ ਖ਼ਜ਼ਾਨਾ ਹਨ। ਇਹ ਮਹਿਜ਼ ਕਾਗਜ਼ੀ ਪੰਨਿਆਂ ਦਾ ਇਕੱਠ ਨਹੀਂ, ਸਗੋਂ ਸਮੁੱਚੀ ਸੱਭਿਅਤਾ ਇਨ੍ਹਾਂ ਦੀ ਬੁੱਕਲ ਵਿੱਚ ਸਮੋਈ ਹੈ। ਕਿਤਾਬਾਂ ਨਾ ਸਿਰਫ਼ ਸਾਨੂੰ ਸੂਝਵਾਨ ਬਣਾਉਂਦੀਆਂ ਹਨ, ਸਗੋਂ ਉੱਤਮ ਚਰਿੱਤਰ ਦਾ ਨਿਰਮਾਣ ਵੀ ਕਰਦੀਆਂ ਹਨ। ਉੱਤਮ ਕਿਤਾਬਾਂ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀਆਂ ਹਨ। ਇਹ ਜੀਵਨ ਵਿੱਚ ਆਉਂਦੀਆਂ ਮੁਸ਼ਕਿਲਾਂ ਨਾਲ ਲੜਨ ਦਾ ਹੌਸਲਾ ਦਿੰਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਕਿਤਾਬਾਂ ਨਾਲ ਪਿਆਰ ਕਰਦਾ ਹੈ, ਉਹ ਕਦੇ ਇਕੱਲਾ ਨਹੀਂ ਹੁੰਦਾ।

ਕਿਤਾਬਾਂ ਨੇ ਮਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਦਿ ਕਾਲ ਤੋਂ ਹੀ ਕਿਤਾਬਾਂ ਗਿਆਨ ਦੇ ਪਸਾਰ ਦਾ ਸਭ ਤੋਂ ਭਰੋਸੇਯੋਗ ਸਾਧਨ ਰਹੀਆਂ ਹਨ। ਕਿਤਾਬਾਂ ਰਾਹੀਂ ਅਸੀਂ ਅਤੀਤ ਦੀਆਂ ਘਟਨਾਵਾਂ ਤੋਂ ਜਾਣੂ ਹੁੰਦੇ ਹੋਏ ਵਰਤਮਾਨ ਦੀ ਸਮਝ ਵਿਕਸਿਤ ਕਰਕੇ ਭਵਿੱਖ ਲਈ ਯੋਗ ਰਣਨੀਤੀ ਤਿਆਰ ਕਰਦੇ ਹਾਂ। ਇਤਿਹਾਸ, ਦਰਸ਼ਨ, ਵਿਗਿਆਨ, ਸਾਹਿਤ, ਧਰਮ, ਮਨੋਵਿਗਿਆਨ, ਸਮਾਜ ਸ਼ਾਸਤਰ ਅਤੇ ਕਲਾ ਵਰਗੇ ਵਿਸ਼ਿਆਂ ਦਾ ਵਿਆਪਕ ਗਿਆਨ ਕਿਤਾਬਾਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ।

Share this content:

Post Comment