Loading Now

ਹਥਿਆਰਾਂ ਦੀ ਖ਼ੂਫ਼ੀਆ ਜਾਣਕਾਰੀ ਲੀਕ ਹੋਣ ‘ਤੇ ਟਰੰਪ ਨੇ ਅਮਰੀਕੀ ਟਾਪ ਅਧਿਕਾਰੀਆਂ ਦੇ ਪੌਲੀਗ੍ਰਾਫ ਟੈਸਟ ਦਾ ਦਿੱਤਾ ਹੁਕਮ

ਹਥਿਆਰਾਂ ਦੀ ਖ਼ੂਫ਼ੀਆ ਜਾਣਕਾਰੀ ਲੀਕ ਹੋਣ ‘ਤੇ ਟਰੰਪ ਨੇ ਅਮਰੀਕੀ ਟਾਪ ਅਧਿਕਾਰੀਆਂ ਦੇ ਪੌਲੀਗ੍ਰਾਫ ਟੈਸਟ ਦਾ ਦਿੱਤਾ ਹੁਕਮ

ਵਾਸ਼ਿੰਗਟਨ, 5 ਸਤੰਬਰ – ਅਮਰੀਕੀ ਸਰਕਾਰ ਦੇ ਜਾਂਚਕਰਤਾਵਾਂ ਨੇ ਪੱਤਰਕਾਰਾਂ ਨੂੰ ਖੁਫੀਆ ਜਾਣਕਾਰੀ ਲੀਕ ਹੋਣ ਦੇ ਮਾਮਲੇ ‘ਚ ਜੌਇੰਟ ਸਟਾਫ ਦੇ ਲਗਭਗ 50 ਮੈਂਬਰਾਂ ਦਾ ਪੌਲੀਗ੍ਰਾਫ ਯਾਨੀ ਲਾਈ ਡਿਟੈਕਟਰ ਟੈਸਟ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਸੰਵੇਦਨਸ਼ੀਲ ਜਾਂਚ ਅਮਰੀਕਾ ਦੇ ਉੱਨਤ ਹਥਿਆਰਾਂ, ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਪੈਟ੍ਰਿਯਟ ਇੰਟਰਸੈਪਟਰ ਵਰਗੇ ਮਹੱਤਵਪੂਰਨ ਜੰਗੀ ਸਾਮਾਨ ਦੇ ਘਟਦੇ ਭੰਡਾਰ ਨਾਲ ਜੁੜੀ ਗੁਪਤ ਜਾਣਕਾਰੀ ਲੀਕ ਹੋਣ ’ਤੇ ਕੇਂਦਰਿਤ ਸੀ। ਸੀਬੀਐੱਸ ਨਿਊਜ਼ ਮੁਤਾਬਕ, ਅਗਸਤ ‘ਚ ਕੀਤੇ ਗਏ ਇਨ੍ਹਾਂ ਟੈਸਟਾਂ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਸੀ ਕਿ ਕੀ ਫੌਜੀ ਅਧਿਕਾਰੀਆਂ ਜਾਂ ਨਾਗਰਿਕ ਕਰਮਚਾਰੀਆਂ ਨੇ ਮੀਡੀਆ ਨੂੰ ਕੋਈ ਖੁਫੀਆ ਜਾਣਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਗਰਮੀਆਂ ਦੀ ਸ਼ੁਰੂਆਤ ‘ਚ ਵੀ ਅਮਰੀਕੀ ਸੈਂਟਰਲ ਕਮਾਂਡ ਅਤੇ ਹੋਰ ਕੰਬੈਟੈਂਟ ਕਮਾਂਡਾਂ ਦੇ ਕਈ ਦਰਜਨ ਅਧਿਕਾਰੀਆਂ ਦਾ ਇਸੇ ਤਰ੍ਹਾਂ ਦਾ ਟੈਸਟ ਕੀਤਾ ਗਿਆ ਸੀ।

ਟਾਪ-ਸੀਕ੍ਰੇਟ ਜਾਣਕਾਰੀ ਜਾਂ ਵਿਸ਼ੇਸ਼ ਪ੍ਰੋਗਰਾਮਾਂ ਤੱਕ ਪਹੁੰਚ ਰੱਖਣ ਵਾਲੇ ਅਧਿਕਾਰੀਆਂ ਦੀ ਸਿਕਿਊਰਿਟੀ ਕਲੀਅਰੈਂਸ ਨੂੰ ਮੁੜ ਪ੍ਰਮਾਣਿਤ ਕਰਨ ਲਈ ਹਰ ਕੁਝ ਸਾਲਾਂ ਬਾਅਦ ਨਿਯਮਿਤ ਤੌਰ ’ਤੇ ਪੌਲੀਗ੍ਰਾਫ ਟੈਸਟ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ‘ਚ ਜਿੰਨੇ ਲੋਕਾਂ ਦਾ ਟੈਸਟ ਕੀਤਾ ਗਿਆ, ਉਹ ਗਿਣਤੀ ਬਹੁਤ ਅਸਧਾਰਨ ਸੀ। ਦਿ ਨਿਊਯਾਰਕ ਟਾਈਮਜ਼ ਮੁਤਾਬਕ, ਅਮਰੀਕੀ ਜੌਇੰਟ ਸਟਾਫ ‘ਚ ਲਗਭਗ 1500 ਤੋਂ 2000 ਅਧਿਕਾਰੀ ਅਤੇ ਕਰਮਚਾਰੀ ਹਨ, ਜੋ ਦੁਨੀਆ ਭਰ ਦੇ ਕੰਬੈਟੈਂਟ ਕਮਾਂਡਰਾਂ ਨਾਲ ਓਪਰੇਸ਼ਨ, ਨੀਤੀ ਅਤੇ ਜੰਗੀ ਯੋਜਨਾਵਾਂ ਦਾ ਤਾਲਮੇਲ ਕਰਦੇ ਹਨ। ਪੈਂਟਾਗਨ ਦੇ ਬੁਲਾਰੇ ਸੀਨ ਪਾਰਨੇਲ ਨੇ ਕਿਹਾ ਕਿ ਵਿਭਾਗ ਅੰਦਰੂਨੀ ਕਰਮਚਾਰੀਆਂ ਜਾਂ ਜਾਂਚ ਨਾਲ ਜੁੜੇ ਮਾਮਲਿਆਂ ’ਤੇ ਟਿੱਪਣੀ ਨਹੀਂ ਕਰਦਾ। ਹਾਲਾਂਕਿ, ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖੁਫੀਆ ਜਾਣਕਾਰੀ ਲੀਕ ਹੋਣ ਦੇ ਸਾਰੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਉਸੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ।
ਲੀਕ ਨੂੰ ਲੈ ਕੇ ਟਰੰਪ ਦੀ ਨਾਰਾਜ਼ਗੀ

ਸੀਬੀਐੱਸ ਨਿਊਜ਼ ਮੁਤਾਬਕ, ਨਾਮ ਨਾ ਛਾਪਣ ਦੀ ਸ਼ਰਤ ’ਤੇ ਗੱਲ ਕਰਨ ਵਾਲੇ ਤਿੰਨ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਲੀਕਾਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਬਹੁਤ ਨਾਰਾਜ਼ ਸਨ। ਹਥਿਆਰਾਂ ਨਾਲ ਜੁੜੀ ਖੁਫੀਆ ਜਾਣਕਾਰੀ ਤੱਕ ਸਿਰਫ਼ ਬਹੁਤ ਘੱਟ ਲੋਕਾਂ ਦੀ ਪਹੁੰਚ ਸੀ। ਇਸ ਕਾਰਨ ਇਹ ਚਿੰਤਾ ਪੈਦਾ ਹੋਈ ਕਿ ਕਿਤੇ ਕੋਈ ਵਿਅਕਤੀ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਦੇ ਏਜੰਟ ਵਜੋਂ ਤਾਂ ਕੰਮ ਨਹੀਂ ਕਰ ਰਿਹਾ। ਹਾਲਾਂਕਿ, ਸਾਰੇ ਸੀਨੀਅਰ ਅਧਿਕਾਰੀਆਂ ਦਾ ਪੌਲੀਗ੍ਰਾਫ ਟੈਸਟ ਨਹੀਂ ਕੀਤਾ ਗਿਆ। ਇੱਕ ਸੀਨੀਅਰ ਪੈਂਟਾਗਨ ਅਧਿਕਾਰੀ ਨੇ ਦੱਸਿਆ ਕਿ ਜੌਇੰਟ ਚੀਫ਼ਸ ਆਫ਼ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਦਾ ਪੌਲੀਗ੍ਰਾਫ ਟੈਸਟ ਨਹੀਂ ਹੋਇਆ ਸੀ। ਸੂਤਰਾਂ ਮੁਤਾਬਕ, ਮੀਡੀਆ ਨੂੰ ਜਾਣਕਾਰੀ ਲੀਕ ਕਰਨ ਦਾ ਪਤਾ ਲਗਾਉਣ ਲਈ ਪੁੱਛੇ ਗਏ ਵਿਸ਼ੇਸ਼ ਸਵਾਲਾਂ ‘ਚ ਕੋਈ ਵੀ ਵਿਅਕਤੀ ਫੇਲ ਨਹੀਂ ਹੋਇਆ।

ਲੀਕ ਰੋਕਣ ਲਈ ਟਾਸਕ ਫੋਰਸ ਦਾ ਗਠਨ

ਪੌਲੀਗ੍ਰਾਫ ਟੈਸਟਾਂ ਦਾ ਇਹ ਦਾਇਰਾ ਉਸ ਸਮੇਂ ਵਧਾਇਆ ਗਿਆ, ਜਦੋਂ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਜੁਲਾਈ ‘ਚ ਐਲਾਨ ਕੀਤਾ ਸੀ ਕਿ ਪੈਂਟਾਗਨ ਅਤੇ ਨਿਆਂ ਵਿਭਾਗ ਨੇ ਸ਼ੱਕੀ ਤਰੀਕੇ ਨਾਲ ਜਾਣਕਾਰੀ ਲੀਕ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ’ਤੇ ਮੁਕੱਦਮਾ ਚਲਾਉਣ ਲਈ ਸਾਂਝੀ ਟਾਸਕ ਫੋਰਸ ਬਣਾਈ ਹੈ। ਹੈਗਸੇਥ ਨੇ ਕਿਹਾ ਸੀ ਕਿ ਜਦੋਂ ਵਿਭਾਗ ਦੀ ਕੋਈ ਜਾਣਕਾਰੀ ਲੀਕ ਹੁੰਦੀ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਨਿਆਂ ਵਿਭਾਗ ਅਤੇ ਐੱਫਬੀਆਈ ਸਮੇਤ ਹੋਰ ਜਾਂਚ ਏਜੰਸੀਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਨ ਯੋਗ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਸੀ ਕਿ ਲੀਕ ਹੋਈ ਜਾਣਕਾਰੀ ਲੋਕਾਂ ਦੀ ਜਾਨ ਨੂੰ ਖ਼ਤਰੇ ‘ਚ ਪਾ ਸਕਦੀ ਹੈ। ਪੌਲੀਗ੍ਰਾਫ ਟੈਸਟਾਂ ਦੇ ਇਸ ਤਾਜ਼ਾ ਦੌਰ ‘ਚ ਐੱਫਬੀਆਈ ਸ਼ਾਮਲ ਨਹੀਂ ਸੀ। ਇਸ ਦੀ ਬਜਾਏ ਅਮਰੀਕੀ ਫੌਜ ਨੇ ਖੁਦ ਇਹ ਜਾਂਚ ਕੀਤੀ।

Share this content:

Post Comment