ਸੰਘਣੀ ਧੁੰਦ ਕਾਰਨ ਚੰਡੀਗੜ੍ਹ ਤੋਂ 21 ਉਡਾਣਾਂ ਰੱਦ
ਚੰਡੀਗੜ੍ਹ, 15 ਜਨਵਰੀ – ਸੰਘਣੀ ਧੁੰਦ, ਘੱਟ ਦਿਸਣ ਹੱਦ ਤੇ ਸੰਚਾਲਨ ਕਾਰਨਾਂ ਕਰਕੇ ਅੱਜ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 21 ਉਡਾਣਾਂ ਰੱਦ ਕਰਨੀਆਂ ਪਈਆਂ ਜਦੋਂਕਿ ਕਈ ਉਡਾਣਾਂ ਪੰਜ ਘੰਟੇ ਤੱਕ ਦੀ ਦੇਰੀ ਨਾਲ ਉੱਡੀਆਂ। ਤੜਕਸਾਰ ਤੇ ਦੇਰ ਸ਼ਾਮ ਨੂੰ ਉਡਾਣਾਂ ਦਾ ਸੰਚਾਲਨ ਲਗਪਗ ਠੱਪ ਹੋ ਗਿਆ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਯਾਤਰੀ ਅਜੇ ਵੀ ਆਪਣੀਆਂ ਉਡਾਣਾਂ ਦੀ ਉਡੀਕ ਕਰ ਰਹੇ ਸਨ।
ਮੁਹਾਲੀ ਹਵਾਈ ਅੱਡੇ ’ਤੇ ਅੱਜ 12 ਆਗਮਨ ਅਤੇ 9 ਰਵਾਨਗੀ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਤੋਂ ਪਹਿਲੀ ਉਡਾਣ ਹੈਦਰਾਬਾਦ ਲਈ ਦੁਪਹਿਰ 12:50 ਵਜੇ ਭਰੀ ਗਈ, ਜੋ ਕਿ ਆਪਣੇ ਸਮੇਂ ਤੋਂ ਛੇ ਘੰਟੇ 25 ਮਿੰਟ ਪਿੱਛੇ ਸੀ। ਰਾਤ 9:20 ਵਜੇ ਤੋਂ ਬਾਅਦ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਟ੍ਰਾਈਸਿਟੀ ਵਿੱਚ ਧੁੰਦ ਦੀ ਸੰਘਣੀ ਚਾਦਰ ਛਾਈ ਹੋਈ ਸੀ। ਜ਼ਿਆਦਾਤਰ ਰਵਾਨਗੀਆਂ ਤਿੰਨ ਤੋਂ ਚਾਰ ਘੰਟੇ ਦੇਰੀ ਨਾਲ ਸਨ। ਅਬੂ ਧਾਬੀ ਲਈ ਅੰਤਰਰਾਸ਼ਟਰੀ ਉਡਾਣ 2:40 ਵਜੇ ਦੀ ਥਾਂ 4:32 ਵਜੇ ਰਵਾਨਾ ਹੋਈ। ਦੁਬਈ ਦੀ ਉਡਾਣ ਸ਼ਾਮ 4:50 ਵਜੇ ਦੀ ਥਾਂ ਸ਼ਾਮ 5:38 ਵਜੇ ਰਵਾਨਾ ਹੋਈ।
Share this content:



Post Comment