Loading Now

ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ

ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ

ਜਲੰਧਰ, 10 ਅਗਸਤ – ਐਤਵਾਰ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂਅ ਉੱਪਰ ਬਣ ਰਹੇ ਅਧਿਐਨ ਕੇਂਦਰ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਪਦਮਸ੍ਰੀ ਨਿਰੰਜਨ ਦਾਸ ਮਹਾਰਾਜ ਅਤੇ ਸਮੁੱਚੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਡੇਰਿਆਂ ਨਾਲ ਸੰਬੰਧਤ ਸੰਤਾਂ-ਮਹਾਂਪੁਰਸ਼ਾਂ ਵੱਲੋਂ ਰੱਖਿਆ ਗਿਆ। ਮੁੱਖ ਮੰਤਰੀ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਅਤੇ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਅਸ਼ੀਰਵਾਦ ਲੈਣ ਉਪਰੰਤ ਉਨ੍ਹਾ ਦੇ ਨਾਲ ਅਧਿਐਨ ਕੇਂਦਰ ਸਥਾਨ ‘ਤੇ ਪਹੁੰਚੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੰਤ-ਮਹਾਂਪੁਰਸ਼ਾਂ ਨਾਲ ਨੀਂਹ ਪੱਥਰ ਰੱਖਿਆ! ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਵੱਲੋਂ ਮੁੱਖ ਮੰਤਰੀ ਮਾਨ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਅਤੇ ਲੋਈ ਭੇਟ ਕੀਤੀ ਗਈ। ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਮੁੱਖ ਮੰਤਰੀ ਮਾਨ, ਸੰਤ ਨਿਰੰਜਨ ਦਾਸ ਸਮੇਤ ਸਮੁੱਚੇ ਸਾਧੂ ਸਮਾਜ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650 ਸਾਲਾ ਗੁਰਪੁਰਬ ਮਨਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਉਲੀਕੇ ਹੋਏ ਕਾਰਜਾਂ ਬਾਰੇ ਚਾਨਣਾ ਪਾਇਆ ਗਿਆ!

ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ। ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਆਵੇਗੀ, ਜਿਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ‘ਤੇ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ‘ਤੇ ਖਰਚ ਕੀਤੇ ਗਏ ਹਨ, ਜਦੋਂ ਕਿ ਇਸ ਦੀ ਉਸਾਰੀ ਲਈ ਲੋੜੀਂਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾਵੇਗਾ।ਇਸ ਕੇਂਦਰ ਵਿੱਚ ਇੱਕ ਤਿੰਨ-ਮੰਜ਼ਲਾ ਪ੍ਰਸ਼ਾਸਨਿਕ ਅਤੇ ਅਧਿਆਪਨ (ਐਡਮਿਨ ਤੇ ਟੀਚਿੰਗ) ਬਲਾਕ, ਲੜਕੇ ਅਤੇ ਲੜਕੀਆਂ ਲਈ ਤਿੰਨ-ਮੰਜ਼ਲਾ ਹੋਸਟਲ (ਹਰੇਕ ਹੋਸਟਲ ਵਿੱਚ 54 ਵਿਦਿਆਰਥੀਆਂ ਦੇ ਰਹਿਣ ਦੀ ਸਹੂਲਤ) ਅਤੇ ਅਧਿਆਪਕਾਂ ਅਤੇ ਸਟਾਫ਼ ਲਈ ਦੋ-ਮੰਜ਼ਲਾ ਇਮਾਰਤ ਹੋਵੇਗੀ। ਇਹ ਕੇਂਦਰ ਬੱਚਿਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ, ਫਲਸਫੇ ਅਤੇ ਸਿੱਖਿਆਵਾਂ ਦਾ ਅਧਿਐਨ ਕਰਨ ਲਈ ਵਿਸ਼ੇਸ਼ ਸਥਾਨ ਪ੍ਰਦਾਨ ਕਰੇਗਾ ਅਤੇ ਅਜਿਹੀ ਖੋਜ ਨੂੰ ਉਤਸ਼ਾਹਤ ਕਰੇਗਾ, ਜੋ ਉਨ੍ਹਾਂ ਦੇ ਗਿਆਨ ਅਤੇ ਸੰਦੇਸ਼ ਦੇ ਪ੍ਰਕਾਸ਼ ਨੂੰ ਦੁਨੀਆ ਭਰ ਵਿੱਚ ਫੈਲਾਏ।

ਇਸ ਮੌਕੇ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650 ਵੇਂ ਗੁਰਪੁਰਬ ਨੂੰ ਵੱਡੇ ਪੱਧਰ ਉਪਰ ਮਨਾਉਣ ਲਈ 100 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਸਰਕਾਰ ਵੱਲੋਂ 23 ਜ਼ਿਲ੍ਹਿਆਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਫਲਸਫੇ ਤੇ ਡਾਕੂਮੈਂਟਰੀ ਫਿਲਮਾਂ ਪਿੰਡ-ਪਿੰਡ ਵੈਨਾਂ ਭੇਜ ਕੇ ਦਿਖਾਈਆਂ ਜਾ ਰਹੀਆਂ ਹਨ। ਮਾਨ ਨੇ ਕਿਹਾ, “’ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਮੈਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਏਨੇ ਵੱਡੇ ਪੱਧਰ ‘ਤੇ ਮਨਾਉਣ ਦਾ ਸੁਭਾਗ ਮਿਲਿਆ ਹੈ। ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਬੇਮਿਸਾਲ ਢੰਗ ਨਾਲ ਮਨਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਗੁਰੂ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫੈਲਾਉਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਹਰ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਸਮਾਨਤਾਵਾਦੀ ਸਮਾਜ ਦੀ ਕਲਪਨਾ ਕੀਤੀ ਸੀ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਲ ਭਰ ਚੱਲਣ ਵਾਲੇ ਸਮਾਗਮ ਉਲੀਕੇ ਗਏ ਹਨ।

Share this content:

Post Comment