Loading Now

ਸੋਸ਼ਲ ਮੀਡੀਆ ਦੀ ਜਜ਼ਬਾਤੀ ਭੀੜ ਕ੍ਰਾਂਤੀਕਾਰੀ ਅੰਦੋਲਨ ਨਹੀਂ ਬਣੇਗੀ

ਸੋਸ਼ਲ ਮੀਡੀਆ ਦੀ ਜਜ਼ਬਾਤੀ ਭੀੜ ਕ੍ਰਾਂਤੀਕਾਰੀ ਅੰਦੋਲਨ ਨਹੀਂ ਬਣੇਗੀ

ਭਾਰਤ ਦਾ ਨੌਜਵਾਨ ਤਬਕਾ ਅੱਜ ਗਹਿਰੀ ਅਸੰਤੁਸ਼ਟੀ ਵਿੱਚ ਹੈ। ਪੇਪਰ ਲੀਕ, ਬੇਰੁਜ਼ਗਾਰੀ, ਭਰੋਸੇ ਦੀ ਘਾਟ ਅਤੇ ਇੱਕ ਅਜਿਹੇ ਸਿਸਟਮ ਤੋਂ ਜੋ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ — ਇਹ ਸਾਰੀਆਂ ਗੱਲਾਂ ਸੱਚ ਹਨ। ਕਾਕਰੋਚ ਜਨਤਾ ਪਾਰਟੀ ਵਰਗੀਆਂ ਲਹਿਰਾਂ ਇਸੇ ਗੁੱਸੇ ਦੀ ਉਪਜ ਹਨ। ਕੇਂਦਰੀ ਕੈਬਨਿਟ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਨੌਜਵਾਨ ਇਕੱਠੇ ਹੋਣ ਤਾਂ ਸਰਕਾਰ ਨੂੰ ਝੁਕਾਇਆ ਵੀ ਜਾ ਸਕਦਾ ਹੈ। ਪਰ ਇੱਥੇ ਹੀ ਸਵਾਲ ਖੜ੍ਹਾ ਹੁੰਦਾ ਹੈ — ਕੀ ਇਹ ਅਸਲ ਤਬਦੀਲੀ ਹੈ, ਜਾਂ ਸਿਰਫ਼ ਇੱਕ ਚਿਹਰਾ ਬਦਲਣਾ? ਕੀ ਐਨੇ ਲਹੂ ਵੀਟਵੇਂ ਸੰਘਰਸ਼ ਨਾਲ ਵਿਵਸਥਾ ਬਦਲੀ? ਨਹੀਂ। ਸੋਸ਼ਲ ਮੀਡੀਆ ਰਾਹੀਂ ਜਜ਼ਬਾਤੀ ਭੀੜ ਇਕੱਠੀ ਕੀਤੀ ਜਾ ਸਕਦੀ ਹੈ। ਰੈਲੀਆਂ ਹੋ ਸਕਦੀਆਂ ਹਨ, ਹੈਸ਼ਟੈਗ ਵਾਇਰਲ ਹੋ ਸਕਦੇ ਹਨ ਅਤੇ ਛੋਟੀਆਂ ਜਿੱਤਾਂ ਵੀ ਮਿਲ ਸਕਦੀਆਂ ਹਨ। ਇੱਥੋਂ ਤੱਕ ਕਿ ਪਾਰਟੀ ਵੀ ਬਣਾਈ ਜਾ ਸਕਦੀ ਹੈ ਅਤੇ ਕੁਝ ਸਮੇਂ ਲਈ ਚੋਣਾਂ ਵੀ ਜਿੱਤੀਆਂ ਜਾ ਸਕਦੀਆਂ ਹਨ — ਆਮ ਆਦਮੀ ਪਾਰਟੀ ਇਸਦੀ ਉਦਾਹਰਣ ਹੈ। ਪਰ ਵਿਵਸਥਾ ਪਹਿਲਾਂ ਦੀ ਤਰ੍ਹਾਂ ਬਦਸਤੂਰ ਕਾਇਮ ਰਹਿੰਦੀ ਹੈ। ਪਰ ਬਿਨਾਂ ਸਪਸ਼ਟ ਵਿਚਾਰ ਧਾਰਾ ਦੇ ਇਸ ਤੋਂ ਅੱਗੇ ਜਾਣਾ ਔਖਾ ਹੈ। ਲੱਖਾਂ ਫਾਲੋਅਰਜ਼ ਹੋਣਾ ਇੱਕ ਗੱਲ ਹੈ, ਪਰ ਉਨ੍ਹਾਂ ਵਿੱਚੋਂ ਕਿੰਨੇ ਲੋਕ ਅਸਲ ਵਿੱਚ ਪ੍ਰਤੀਬੱਧ ਕਾਰਕੁੰਨ ਹਨ — ਇਹ ਵੱਖਰੀ ਗੱਲ ਹੈ। ਜਜ਼ਬਾਤੀ ਰੌਂਅ ਵਿੱਚ ਵਹਿ ਕੇ ਕੋਈ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਉਂਦੀ। ਤਬਦੀਲੀ ਲਈ ਠੋਸ ਵਿਚਾਰਧਾਰਾ, ਪਰਿਪੱਕ ਸੋਚ, ਕਠਿਨ ਮਿਹਨਤ ਅਤੇ ਵੱਡਾ ਤਿਆਗ ਚਾਹੀਦਾ ਹੈ। ਜਦੋਂ ਕੋਈ ਸਪੱਸ਼ਟ ਮੰਜ਼ਲ ਨਾ ਹੋਵੇ, ਕੋਈ ਰੋਡਮੈਪ ਨਾ ਹੋਵੇ, ਅਤੇ ਬਸਪਾ ਸੁਪ੍ਰੀਮੋ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਤੇ ਭੈਣ ਕੁਮਾਰੀ ਮਾਇਆਵਤੀ ਜੀ ਵਰਗਾ ਕੋਈ ਸਿਰੜੀ, ਤਿਆਗੀ ਪ੍ਰਤੀਬਧ ਆਗੂ ਸਾਹਮਣੇ ਨਾ ਹੋਵੇ ਜੋ ਲੰਮੀ ਲੜਾਈ ਲਈ ਤਿਆਰ ਹੋਵੇ ਤਾਂ ਲੋਕਾਂ ਨੂੰ ਜ਼ਿਆਦਾ ਦੇਰ ਤੱਕ ਗੁਮਰਾਹ ਨਹੀਂ ਰੱਖਿਆ ਜਾ ਸਕਦਾ।

ਇਕ ਮੁੱਦੇ ਤੇ ਕੀਤਾ ਅੰਦੋਲਨ ਮੁੱਦਾ ਖ਼ਤਮ ਹੁੰਦਿਆਂ ਇੱਕ ਦਿਨ ਖ਼ਤਮ ਹੋ ਜਾਂਦਾ ਹੈ ਜਿਵੇਂ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ। ਫਿਰ ਸਵਾਲ ਉੱਠਦਾ ਹੈ — ਹੁਣ ਕੀ? ਜੇ ਉੱਤਰ ਸਿਰਫ਼ ਇਹ ਹੋਵੇ ਕਿ “ਸਿਸਟਮ ਖ਼ਰਾਬ ਹੈ”, ਤਾਂ ਉਹ ਭੀੜ ਛੇਤੀ ਖਿੰਡ ਪੁੰਡ ਜਾਂਦੀ ਹੈ। ਅਸਲ ਤਬਦੀਲੀ ਉਦੋਂ ਹੁੰਦੀ ਹੈ ਜਦੋਂ ਲੋਕਾਂ ਨੂੰ ਇਹ ਸਪੱਸ਼ਟ ਹੋਵੇ ਕਿ ਬਦਲਣਾ ਕੀ ਹੈ, ਕਿਵੇਂ ਬਦਲਣਾ ਹੈ, ਅਤੇ ਬਦਲਣ ਤੋਂ ਬਾਅਦ ਕੀ ਬਣਾਉਣਾ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਨੇ ਦਿਖਾਇਆ ਸੀ ਕਿ ਜਨਤਕ ਗੁੱਸਾ ਕਿੰਨਾ ਤਾਕਤਵਰ ਹੋ ਸਕਦਾ ਹੈ। ਉਸ ਤੋਂ ਆਮ ਆਦਮੀ ਪਾਰਟੀ ਨਿਕਲੀ। ਪਰ ਉਸ ਤੋਂ ਬਾਅਦ ਵੀ ਇਹੀ ਸਵਾਲ ਖੜ੍ਹੇ ਰਹੇ — ਵਿਚਾਰਧਾਰਾ ਕੀ ਹੈ? ਲੰਮੀ ਯੋਜਨਾ ਕੀ ਹੈ? ਅਤੇ ਆਗੂਆਂ ਵਿੱਚ ਉਹ ਤਿਆਗ ਕਿੱਥੇ ਹੈ ਜੋ ਲੋਕਾਂ ਨੂੰ ਦਹਾਕਿਆਂ ਤੱਕ ਜੋੜੀ ਰੱਖ ਸਕੇ? ਸੋਸ਼ਲ ਮੀਡੀਆ ਰਾਹੀਂ ਰਾਤੋ ਰਾਤ ਜਜ਼ਬਾਤੀ ਭੀੜ ਇਕੱਠੀ ਕਰਕੇ ਬਣਾਈ ਗਈ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਵੀ ਇਸੇ ਰਾਹ ’ਤੇ ਜਾ ਸਕਦੀ ਹੈ। ਜੇ ਇਹ ਸਿਰਫ਼ ਜਜ਼ਬਾਤੀ ਲਹਿਰ ਬਣੀ ਰਹੀ, ਤਾਂ ਇਹ ਵੀ ਉਸੇ ਹੱਦ ਤੱਕ ਹੀ ਪਹੁੰਚੇਗੀ ਜਿੱਥੇ ਬਹੁਤ ਸਾਰੀਆਂ ਲਹਿਰਾਂ ਰੁਕ ਜਾਂਦੀਆਂ ਹਨ। ਮੇਲਿਆਂ ਵਰਗੀ ਭੀੜ ਕ੍ਰਾਂਤੀ ਨਹੀਂ ਕਰ ਸਕਦੀ। ਨੌਜਵਾਨਾਂ ਦਾ ਗੁੱਸਾ ਜਾਇਜ਼ ਹੈ। ਸਿਸਟਮ ਖ਼ਰਾਬ ਹੈ — ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਗੁੱਸੇ ਨੂੰ ਤਬਦੀਲੀ ਵਿੱਚ ਬਦਲਣ ਲਈ ਸਿਰਫ਼ ਰੈਲੀਆਂ ਅਤੇ ਰੀਲਜ਼ ਕਾਫ਼ੀ ਨਹੀਂ। ਅਸਲ ਲੋੜ ਹੈ —ਸਪੱਸ਼ਟ ਵਿਚਾਰਧਾਰਾ, ਲੰਮੀ ਯੋਜਨਾ,ਕਠਿਨ ਮਿਹਨਤ ਅਤੇ ਉਹ ਆਗੂ ਜੋ ਲੋਕਾਂ ਨੂੰ ਸਿਰਫ਼ ਭੜਕਾਉਣ ਦੀ ਬਜਾਏ ਉਨ੍ਹਾਂ ਨੂੰ ਨਾਲ ਲੈਕੇ ਲੰਮੀ ਲੜਾਈ ਲੜਨ ਲਈ ਤਿਆਰ ਹੋਣ। ਬਿਨਾਂ ਇਨ੍ਹਾਂ ਚੀਜ਼ਾਂ ਦੇ, ਭਾਵੇਂ ਲੱਖਾਂ ਲੋਕ ਇਕੱਠੇ ਹੋ ਜਾਣ, ਉਹ ਭੀੜ ਹੀ ਰਹੇਗੀ ਜੋ ਕ੍ਰਾਂਤੀਕਾਰੀ ਅੰਦੋਲਨ ਨਹੀਂ ਬਣੇਗੀ ਅਤੇ ਤਬਦੀਲੀ ਤਾਂ ਦੂਰ ਦੀ ਗੱਲ ਹੈ।

Share this content:

Post Comment