ਸੁਪਰੀਮ ਕੋਰਟ ਵੱਲੋਂ ਮੁਸਲਿਮ ਭਾਈਚਾਰੇ ਨੂੰ ਜੁਮੇ ਦੀ ਨਮਾਜ਼ ਲਈ ਵੱਖਰੀ ਥਾਂ ਮੁਹੱਈਆ ਕਰਵਾਉਣ ਦੇ ਹੁਕਮ
ਮੱਧ ਪ੍ਰਦੇਸ਼ ਦੇ ਧਾਰ ਸਥਿਤ ਵਿਵਾਦਤ ਭੋਜਸ਼ਾਲਾ ਕੰਪਲੈਕਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੰਤਿਮ ਫ਼ੈਸਲਾ ਆਉਣ ਤੱਕ ਮੁਸਲਿਮ ਭਾਈਚਾਰੇ ਨੂੰ ਜੁਮੇ ਦੀ ਨਮਾਜ਼ ਲਈ ਵਿਵਾਦਤ ਸਥਾਨ ਦੇ ਬਿਲਕੁਲ ਨੇੜੇ ਵੱਖਰੀ ਖੁੱਲ੍ਹੀ ਥਾਂ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਨਮਾਜ਼ ਦੁਪਹਿਰ ਇੱਕ ਤੋਂ ਤਿੰਨ ਵਜੇ ਵਿਚਾਲੇ ਅਦਾ ਕੀਤੀ ਜਾ ਸਕੇਗੀ।
ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਇਸ ਮਾਮਲੇ ਨੂੰ ਬੇਹੱਦ ਸੰਵੇਦਨਸ਼ੀਲ ਦੱਸਦਿਆਂ ਦੋਵਾਂ ਧਿਰਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਅਦਾਲਤ ਨੇ ਪੁਰਾਤੱਤਵ ਸਰਵੇਖਣ ਵਿਭਾਗ (ਏ ਐੱਸ ਆਈ) ਨੂੰ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਵਿਵਾਦਤ ਥਾਂ ’ਤੇ ਕੋਈ ਢਾਂਚਾਗਤ ਤਬਦੀਲੀ ਨਾ ਕਰਨ ਦੇ ਹੁਕਮ ਦਿੱਤੇ ਹਨ।
ਮੁਸਲਿਮ ਧਿਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਭੋਜਸ਼ਾਲਾ ਕੰਪਲੈਕਸ ਨੂੰ ਮਾਤਾ ਸਰਸਵਤੀ ਮੰਦਰ ਐਲਾਨਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚ ਕੀਤੀ ਸੀ। ਹਾਈ ਕੋਰਟ ਦੇ ਇਸ ਫ਼ੈਸਲੇ ਨੇ 2003 ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਸੀ ਜਿਸ ਤਹਿਤ ਹਿੰਦੂਆਂ ਨੂੰ ਮੰਗਲਵਾਰ ਪੂਜਾ ਕਰਨ ਅਤੇ ਮੁਸਲਮਾਨਾਂ ਨੂੰ ਸ਼ੁੱਕਰਵਾਰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ। ਹਿੰਦੂ ਇਸ ਨੂੰ ਸਰਸਵਤੀ ਮੰਦਰ ਅਤੇ ਮੁਸਲਮਾਨ ਇਸ ਨੂੰ 11ਵੀਂ ਸਦੀ ਦੀ ਕਮਾਲ ਮੌਲਾ ਮਸਜਿਦ ਕਹਿੰਦੇ ਹਨ।ਸੁਣਵਾਈ ਦੌਰਾਨ ਮੁਸਲਿਮ ਧਿਰ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇੱਥੇ ਪਿਛਲੇ 700 ਸਾਲਾਂ ਤੋਂ ਨਮਾਜ਼ ਅਦਾ ਕੀਤੀ ਜਾ ਰਹੀ ਹੈ ਅਤੇ ਪੁਰਾਣੀ ਵਿਵਸਥਾ ਬਹਾਲ ਹੋਣੀ ਚਾਹੀਦੀ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਪੁਰਾਣੀ ਸਥਿਤੀ ਬਹਾਲ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਪ੍ਰਸ਼ਾਸਨਿਕ ਮੁਸ਼ਕਲਾਂ ਪੈਦਾ ਹੋਣਗੀਆਂ। ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਉਹ ਇਸ ਮਸਲੇ ਦੀ ਰੋਜ਼ਾਨਾ ਸੁਣਵਾਈ ਕਰ ਕੇ ਜਲਦੀ ਹੱਲ ਕੱਢਣ ਲਈ ਤਿਆਰ ਹੈ।
Share this content:



Post Comment