ਸੁਖਬੀਰ ਬਾਦਲ ਨੇ “ਆਪ” ਤੇ ਸੇਧਿਆ ਨਿਸ਼ਾਨਾ, ਕਿਹਾ ਕਿ …
ਮਾਨਸਾ ,25 ਮਾਰਚ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਕਿਸਾਨਾਂ ਨੂੰ ਔਖੇ ਵੇਲੇ ਖੁਦਕੁਸ਼ੀਆਂ ਵਾਸਤੇ ਮਜਬੂਰ ਕਰ ਰਹੀ ਹੈ ਤੇ ਉਹਨਾਂ ਨੂੰ 22 ਫਸਲਾਂ ’ਤੇ ਐਮ ਐਸ ਪੀ ਦੇਣ ਦੇ ਕੀਤੇ ਵਾਅਦੇ ਦੇ ਬਾਵਜੂਦ ਔਕੜਾਂ ਵਿਚ ਕੋਈ ਵੀ ਰਾਹਤ ਪ੍ਰਦਾਨ ਨਹੀਂ ਕਰ ਰਹੀ ਤੇ ਨਾ ਹੀ ਦਾਲਾਂ ਖਰੀਦ ਰਹੀ ਹੈ ਹਾਲਾਂਕਿ ਇਸ ਮਾਮਲੇ ਵਿਚ ਵਾਰ ਵਾਰ ਸਰਕਾਰੀ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਪਿਛਲੇ ਸਾਲ ਆਏ ਹੜ੍ਹਾਂ ਵਿਚ ਹੋਏ ਵੱਡੇ ਨੁਕਸਾਨ ਦੇ ਬਾਵਜੂਦ ਮੁਆਵਜ਼ਾ ਨਹੀਂ ਦਿਂਤਾ ਗਿਆ।
ਫਰੀਦਕੋਟ ਵਿਚ ਦੋ ਕਿਸਾਨ ਭਰਾਵਾਂ ਜਸਵਿੰਦਰ ਤੇ ਜਸਕਰਨ ਵੱਲੋਂ ਕਰਜ਼ਈ ਹੋਣ ਕਾਰਨ ਖੁਦਕੁਸ਼ੀ ਕਰਨ ’ਤੇ ਗੰਭੀਰ ਚਿੰਤਾ ਤੇ ਅਫਸੋਸ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਪਰ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ’ਮੂੰਗੀ’ ਦੀ ਫਸਲ ਦੀ ਖਰੀਦ ਵੀ ਐਮ ਐਸ ਪੀ ’ਤੇ ਨਹੀਂ ਹੋਈ ਤੇ ਨਾ ਹੀ ਕਪਾਹ, ਮੱਕੀ ਤੇ ਆਲੂਆਂ ਦੀ ਖਰੀਦ ਹੋਈ ਸਗੋਂ ਸਰਕਾਰ ਮੰਦੇ ਭਾਅ ਇਹਨਾਂ ਦੀ ਵਿਕਰੀ ਰੋਕਣ ਵਿਚ ਵੀ ਨਾਕਾਮ ਰਹੀ। ਉਹਨਾਂ ਕਿਹਾ ਕਿ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਕੀਤੇ ਐਲਾਨ ਮੁਤਾਬਕ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਵਿਚ ਵੀ ਨਾਕਾਮ ਰਹੀ ਹੈ ਤੇ ਇਸਨੇ ਪਿਛਲੇ ਸਾਲ ਆਏ ਹੜ੍ਹਾਂ ਵਿਚ 4 ਲੱਖ ਏਕੜ ਵਿਚ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ।
ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਸੀਨੀਅਰ ਆਗੂ ਪ੍ਰੇਮ ਅਰੋੜਾ ਦੇ ਨਾਲ ਮਿਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਕੋਲ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਜ਼ਾ ਇਸ਼ਤਿਹਾਰਬਾਜ਼ੀ ’ਤੇ 4400 ਕਰੋੜ ਰੁਪਏ ਖਰਚ ਕੀਤੇ ਹਨ ਤੇ ਦਾਅਵਾ ਕੀਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਚ ਨੰਬਰ ਇਕ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਕੌਮੀ ਅੰਕੜੇ ਦੱਸਦੇ ਹਨ ਕਿ ਪੰਜਾਬ ਸਕੂਲ ਸਿੱਖਿਆ ਵਿਚ ਹੋਰ ਰਾਜਾਂ ਦੇ ਮੁਕਾਬਲੇ 18ਵੇਂ ਨੰਬਰ ’ਤੇ ਹੈ। ਉਹਨਾਂ ਨਾਲ ਹੀ ਕਿਹਾ ਕਿ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਮੁੱਖ ਮੰਤਰੀ ਨੂੰ ਆਪਣੀ ਧੀ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਣ ’ਤੇ ਵਿਸ਼ਵਾਸ ਨਹੀਂ ਹੈ ਤੇ ਉਹ ਸਭ ਤੋਂ ਮਹਿੰਗੇ ਸਕੂਲ ਵਿਚ ਆਪਣੀ ਧੀ ਨੂੰ ਪੜ੍ਹਾ ਰਹੇ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਖਿੱਤੇ ਵਿਚ ਵਿਸ਼ਵ ਸਕਿੱਲ ਸਿੱਖਲਾਈ ਯੂਨੀਵਰਸਿਟੀ ਸਥਾਪਿਤ ਕਰੇਗੀ। ਉਹਨਾਂ ਕਿਹਾ ਕਿ ਇਹ ਯੂਨੀਵਰਸਿਟੀ ਹਰ ਸਾਲ ਇਕ ਲੱਖ ਵਿਦਿਆਰਥੀਆਂ ਨੂੰ ਸਿੱਖਲਾਈ ਦੇਵੇਗੀ ਅਤੇ ਹਰ ਜ਼ਿਲ੍ਹੇ ਵਿਚ ਕੇਂਦਰ ਸਥਾਪਿਤ ਕਰੇਗੀ ਤਾ ਜੋ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਚੰਗੀਆਂ ਤਨਖਾਹਾਂ ਮਿਲਣਗੀਆਂ।
Share this content:



Post Comment