ਸਿੱਖ ਜਰਨੈਲ ਅਕਾਲੀ ਫੂਲਾ ਸਿੰਘ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸਲ ਵਿਚ ਵਿਸਥਾਰ ਦੇਣ ਲਈ ਆਪਾ ਕੁਰਬਾਨ ਕਰਨ ਵਾਲੇ 96ਵੇਂ ਕਰੋੜੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਸਿੱਖ ਜਗਤ ਕਦੇ ਵੀ ਭੁੱਲ ਨਹੀਂ ਸਕਦਾ। ਇਸ ਮਹਾਨ ਯੋਧੇ, ਸਿੱਖ ਜਰਨੈਲ, ਸਿਦਕੀ ਸਿੱਖ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਥੋੜ੍ਹੀ ਦੂਰ ਪੱਛਮ ਵਾਲੇ ਪਾਸੇ ਸਥਿਤ ਸ਼ੀਹਾਂ ਪਿੰਡ ਵਿਚ ਪਿਤਾ ਈਸ਼ਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰ ਕੌਰ ਦੀ ਕੁੱਖ ਤੋਂ ਜਨਵਰੀ 1760 ਈਸਵੀ ਵਿਚ ਹੋਇਆ ਸੀ। ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਕੁੱਪ ਰਹੀੜੇ ਦੇ ਸਥਾਨ ’ਤੇ ਵੱਡੇ ਘੱਲੂਘਾਰੇ ਦੌਰਾਨ ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕੀਤਾ, ਉਸ ਸਮੇਂ ਈਸ਼ਰ ਸਿੰਘ (ਪਿਤਾ ਜੀ ਅਕਾਲੀ ਬਾਬਾ ਫੂਲਾ ਸਿੰਘ) ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਤੇ ਥੋੜ੍ਹੇ ਸਮੇਂ ਬਾਅਦ ਬਾਕੀ ਸ਼ਹੀਦ ਸਿੰਘਾਂ ਨਾਲ ਹੀ ਸੱਚਖੰਡ ਜਾ ਬਿਰਾਜੇ।
ਬੁੱਢਾ ਦਲ ਦੇ ਬਾਨੀ ਬਾਬਾ ਨਰੈਣ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਬਚਪਨ ਵਿਚ ਹੀ ਧਾਰਮਿਕ ਗ੍ਰੰਥਾਂ ਦੇ ਅਧਿਐਨ ਦੇ ਨਾਲ-ਨਾਲ ਸ਼ਸਤਰ ਵਿੱਦਿਆ, ਘੋੜ ਸਵਾਰੀ ਅਤੇ ਜੰਗੀ ਕਰਤੱਬਾਂ ਵਿਚ ਨਿਪੁੰਨ ਕੀਤਾ। ਪੂਰਨ ਰੂਪ ਵਿਚ ਤਿਆਗੀ ਬਿਰਤੀ ਤੇ ਬੰਦਗੀ ਦੇ ਮਾਲਕ ਅਕਾਲੀ ਫੂਲਾ ਸਿੰਘ ਨੇ ਆਪਣਾ ਸਾਰਾ ਘਰ-ਬਾਰ ਅਤੇ ਜਾਇਦਾਦ ਆਪਣੇ ਛੋਟੇ ਭਰਾ ਸੰਤਾ ਸਿੰਘ ਨੂੰ ਸੌਂਪ ਕੇ ਨਿਹੰਗ ਸਿੰਘ ਸਜ ਕੇ ਸ਼ਹੀਦਾਂ ਦੀ ਮਿਸਲ ਵਿਚ ਸ਼ਾਮਲ ਹੋ ਕੇ ਸਿੱਖ ਪੰਥ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ। ਜਦੋਂ ਸੰਨ 1800 ’ਚ ਬਾਬਾ ਨਰੈਣ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਅਕਾਲੀ ਫੂਲਾ ਸਿੰਘ ਨੂੰ ਜਥੇਦਾਰ ਥਾਪਿਆ ਗਿਆ। ਜਥੇਦਾਰੀ ਸੰਭਾਲਣ ਤੋਂ ਬਾਅਦ ਬਾਬਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪਾਵਨ ਸਰੋਵਰ ਦੀ ਸੇਵਾ ਲਈ ਸ੍ਰੀ ਅੰਮ੍ਰਿਤਸਰ ਪੁੱਜੇ।
ਇਸ ਤੋਂ ਬਾਅਦ ਉਨ੍ਹਾਂ ਨੇ ਸਥਾਈ ਤੌਰ ’ਤੇ ਅੰਮ੍ਰਿਤਸਰ ਵਿਖੇ ਰਿਹਾਇਸ਼ ਰੱਖਣੀ ਸ਼ੁਰੂ ਕਰ ਦਿੱਤੀ। ਇਸੇ ਰਿਹਾਇਸ਼ ਵਾਲੀ ਜਗ੍ਹਾ ਉੱਤੇ ਹੁਣ ਬੁਰਜ ਅਕਾਲੀ ਫੂਲਾ ਸਿੰਘ (ਛਾਉਣੀ ਨਿਹੰਗ ਸਿੰਘਾਂ) ਹੈ ਜੋ ਮੌਜੂਦਾ ਮੁਖੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਪ੍ਰਬੰਧ ਹੇਠ ਹੈ। ਜਨਵਰੀ 1802 ’ਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ’ਤੇ ਕਬਜ਼ੇ ਲਈ ਭੰਗੀ ਸਰਦਾਰਾਂ ਉੱਤੇ ਹਮਲਾ ਕੀਤਾ ਤਾਂ ਅਕਾਲੀ ਫੂਲਾ ਸਿੰਘ ਨੇ ਦੋਵਾਂ ਧਿਰਾਂ ਵਿਚਕਾਰ ਸੁਲ੍ਹਾ ਕਰਵਾ ਦਿੱਤੀ। ਸਿੱਖ ਰਾਜ ਦੀਆਂ ਸਰਹੱਦਾਂ ਦੇ ਵਾਧੇ ਲਈ ਨੌਸ਼ਹਿਰੇ ਦੀ ਆਖ਼ਰੀ ਲੜਾਈ ਵਿਚ ਸੂਰਮਗਤੀ ਅਤੇ ਅਦੁੱਤੀ ਬਹਾਦਰੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਹਾਰ ਨੂੰ ਜਿੱਤ ਵਿਚ ਬਦਲਦਿਆਂ ਅਕਾਲੀ ਫੂਲਾ ਸਿੰਘ ਨੇ 14 ਮਾਰਚ 1823 ਨੂੰ ਸ਼ਹਾਦਤ ਦਿੱਤੀ। ਬਾਬਾ ਜੀ ਦਾ ਸ਼ਹੀਦੀ ਅਸਥਾਨ ਨੌਸ਼ਹਿਰਾ ਤੋਂ 6 ਕਿੱਲੋਮੀਟਰ ਦੂਰ ਲੁੰਡਾ ਦਰਿਆ (ਕਾਬਲ ਨਦੀ) ਦੇ ਕੰਢੇ ਅਕੋੜਾ ਖਟਕ (ਸਰਹੱਦੀ ਸੂਬਾ) ਪਾਕਿਸਤਾਨ ਵਿਚ ਮੌਜੂਦ ਹੈ। ਬਾਬਾ ਜੀ ਦੀ ਯਾਦ ਵਿਚ ਪੂਸਾ ਰੋਡ ਦਿੱਲੀ ਵਿਖੇ ਇਕ ਗੁਰੂ-ਘਰ ਅਤੇ ਸਕੂਲ ਚੱਲ ਰਿਹਾ ਹੈ।
Share this content:



Post Comment