ਸਿਵਲ ਸੁਸਾਇਟੀ ਮੋਗਾ ਨੇ ਡੀ ਐਮ ਕਾਲਜ ਦੇ ਗੇਟ ਅੱਗੇ ਕਰਵਾਇਆ ਹਵਨ- ਯੱਗ
*ਡੀ ਐਮ ਕਾਲਜ ਦਾ ਸਤਾਬਦੀ ਸਮਾਗਮ ਧੂਮਧਾਮ ਨਾਲ ਮਨਾਇਆ ਜਾਵੇਗਾ- ਕੁਲਬੀਰ ਸਿੰਘ ਸਿੱਧੂ
*ਹਵਨ-ਯੱਗ ਨਾਲ ਪੈਦਾ ਹੋਈ ਸ਼ੁੱਧਤਾ ਕਾਲਜ ਮੈਨੇਜਿੰਗ ਕਮੇਟੀ ਦੀ ਸੋਚ ਸ਼ੁੱਧ ਕਰੇਗੀ – ਨਿਰੰਜਨ ਸਿੰਘ
ਮੋਗਾ, 1 ਮਈ (ਗਿਆਨ ਸਿੰਘ/ਏ.ਡੀ. ਪੀ ਨਿਊਜ਼) – ਸਿਵਲ ਸੁਸਾਇਟੀ ਮੋਗਾ ਵੱਲੋਂ ਡੀ ਐਮ ਕਾਲਜ ਮੈਨੇਜਿੰਗ ਕਮੇਟੀ ਅਧੀਨ ਚਲਦੀਆਂ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਦਾ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ ਤੇ ਉਨ੍ਹਾਂ ਵੱਲੋਂ ਅੱਜ ਕਾਲਜ ਦੇ ਗੇਟ ਅੱਗੇ ਹਵਨ-ਯੱਗ ਕਰਵਾ ਕੇ ਸਮਾਜ ਅਤੇ ਮੈਨੇਜਿੰਗ ਕਮੇਟੀ ਨੂੰ ਇੱਕ ਵਧੀਆ ਸੁਨੇਹਾ ਦਿੱਤਾ। ਇਸ ਹਵਨ-ਯੱਗ ਦੀਆਂ ਆਹੂਤੀਆਂ ਨਾਲ ਵਾਤਾਵਰਨ ਵਿੱਚ ਸ਼ੁੱਧਤਾ ਦਾ ਅਹਿਸਾਸ ਹੋ ਰਿਹਾ ਹੈ ਤੇ ਮੇਰੀ ਇਹ ਕਾਮਨਾ ਹੈ ਕਿ ਇਸ ਸ਼ੁੱਧਤਾ ਨਾਲ ਇਨ੍ਹਾਂ ਸਿੱਖਿਆ ਸੰਸਥਾਵਾਂ ਤੇ ਕਾਬਜ ਮੈਨੇਜਿੰਗ ਕਮੇਟੀ ਅਹੁਦੇਦਾਰਾਂ ਦੇ ਮਨਾਂ ਵਿੱਚ ਵੀ ਸ਼ੁੱਧਤਾ ਆਵੇ ਤੇ ਉਹ ਮਿਲ ਬੈਠ ਕੇ ਆਪਸੀ ਝਗੜੇ ਨਿਬੇੜ ਲੈਣ ਤੇ ਸਾਨੂੰ ਇਸ ਵਿੱਚ ਦਖਲ ਦੇਣ ਦੀ ਲੋੜ ਨਾਂ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਤਾ ਇੰਨਫੋਰਸਮੈਟ ਡੀਪਾਰਟਮੈਟ(ਈ ਡੀ) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਹਵਨ-ਯੱਗ ਦੀ ਸਮਾਪਤੀ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਹ ਝਗੜਾ ਸਿਰਫ ਅਹੁਦੇਦਾਰਾਂ ਦੇ ਨਿੱਜੀ ਮੁਫਾਦਾਂ ਨੂੰ ਲੈ ਕੇ ਹੈ ਜੋ ਇੱਕ ਕਮਰੇ ਵਿੱਚ ਬੈਠ ਕੇ ਨਿਪਟਾਇਆ ਜਾ ਸਕਦਾ ਹੈ। ਅਦਾਲਤਾਂ ਵਿੱਚ ਅਜਿਹੇ ਝਗੜੇ ਦਹਾਕਿਆਂ ਤੱਕ ਚਲਦੇ ਰਹਿੰਦੇ ਹਨ ਜਿਸ ਨਾਲ ਇਨ੍ਹਾਂ ਸੰਸਥਾਵਾਂ ਦਾ ਨੁਕਸਾਨ ਹੋਣਾ ਤੈਅ ਹੈ। ਇਸ ਮੌਕੇ ਡੀ ਐਮ ਕਾਲਜ ਦੇ ਸਾਬਕਾ ਵਿਦਿਆਰਥੀ ਸਾਬਕਾ ਆਈ ਏ ਐਸ ਕੁਲਬੀਰ ਸਿੰਘ ਸਿੱਧੂ ਸਾਬਕਾ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ ਨੇ ਕਾਲਜ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼ਤਾਬਦੀ ਸਮਾਗਮ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਾਲਜ ਦੀ ਸ਼ਾਨੋ ਸ਼ੌਕਤ ਨਾਲ ਸਬੰਧਤ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਲੰਪੀਅਨ ਬਲਵੀਰ ਸਿੰਘ ਸਮੇਤ ਅਨੇਕਾਂ ਮਹਾਨ ਸਖਸ਼ੀਅਤਾਂ ਇਸ ਕਾਲਜ ਦੀ ਦੇਣ ਹਨ ਜੋ ਅੱਜ ਇਸ ਦੀ ਦੁਰਦਸ਼ਾ ਵੇਖ ਕੇ ਪ੍ਰੇਸ਼ਾਨ ਹਨ ਤੇ ਬਿਨਾਂ ਸ਼ੱਕ ਸਿਵਲ ਸੁਸਾਇਟੀ ਮੋਗਾ ਵੱਲੋਂ ਵਿੱਢੀ ਮੁਹਿੰਮ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹਨ।
ਉਨ੍ਹਾਂ ਰਾਏ ਬਹਾਦਰ ਮਥੁਰਾ ਦਾਸ ਸਮੇਤ ਉਨ੍ਹਾਂ ਸਖਸ਼ੀਅਤਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੇ ਉਦਮ ਅਤੇ ਦਾਨ ਨਾਲ ਇਹ ਸੰਸਥਾਵਾਂ ਹੋੰਦ ਵਿੱਚ ਆਈਆਂ ਸਨ। ਉਨ੍ਹਾਂ ਪ੍ਰਸਾਸ਼ਨ ਨੂੰ ਇਸ ਵਿੱਚ ਦਖਲਅੰਦਾਜ਼ੀ ਕਰਨ ਅਤੇ ਐਡਮਨਿਸਟ੍ਰੇਟਰ ਲਗਾਉਣ ਦੀ ਮੰਗ ਕੀਤੀ। ਇਸ ਮੌਕੇ 97 ਸਾਲਾ ਸਾਬਕਾ ਵਿਦਿਆਰਥੀ ਜੋਧ ਸਿੰਘ, ਅਜੇ ਗੋਰਾ ਸੂਦ, ਲੇਖਕ ਗੁਰਮੇਲ ਬੌਡੇ, ਪਰਮਪਾਲ ਸਿੰਘ ਤਖਤੂਪੁਰਾ, ਗੀਤਾ ਆਰੀਆ ਨੇ ਵੀ ਆਪਣੇ ਸੰਬੋਧਨ ਵਿੱਚ ਮੋਗੇ ਦੀਆਂ ਇਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਲਈ ਅੱਗੇ ਆਉਣ ਲਈ ਕਿਹਾ। ਇਸ ਮੌਕੇ ਆਰੀਆ ਸਮਾਜੀ ਸ਼੍ਰੀ ਜਗਦੀਸ਼ ਅੱਗਰਵਾਲ, ਦੇਵ ਪ੍ਰਿਆ ਤਿਆਗੀ, ਗੀਤਾ ਆਰੀਆ, ਸਮਨ ਮਲਹੋਤਰਾ, ਵਿਜੇ ਸੂਦ ਨੇ ਜੱਜਮਾਨ ਬਣ ਕੇ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ ਅਤੇ ਪੰਡਿਤ ਸ਼੍ਰੀ ਦਿਵਾਕਰ ਭਾਰਤੀ ਨੇ ਪਵਿੱਤਰ ਮੰਤਰਾਂ ਦਾ ਜਾਪਣ ਕੀਤਾ।
ਸਮਾਗਮ ਦੀ ਸਮਾਪਤੀ ਮੌਕੇ ਡਾ ਕੁਲਦੀਪ ਸਿੰਘ ਗਿੱਲ ਨੇ ਬਾਹਰੋਂ ਆਏ ਹੋਏ ਮਹਿਮਾਨਾਂ, ਆਰੀਆ ਸਮਾਜੀਆਂ ਅਤੇ ਮੋਗਾ ਸ਼ਹਿਰ ਦੇ ਸੁਹਿਰਦ ਲੋਕਾਂ ਦਾ ਹਵਨ-ਯੱਗ ਵਿੱਚ ਹਿੱਸਾ ਲੈਣ ਲਈ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਪਵਨ ਕੁਮਾਰ ਥਾਪਰ’ ਲੇਖਕ ਸ਼੍ਰੀ ਕੇ ਐਲ ਗਰਗ, ਗੁਰਦੇਵ ਸਿੰਘ ਦੌਧਰ, ਜਤਿੰਦਰਪਾਲ ਸਿੰਘ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਸਮਾਜ ਸੇਵਿਕਾ ਜਸ ਢਿੱਲੋਂ, ਸਰਬਜੀਤ ਕੌਰ ਮਾਹਲਾ, ਸੁਰਿੰਦਰ ਬਾਵਾ, ਗੈਰੀ ਪਟਵਾਰੀ, ਤਰਸੇਮ ਸਿੰਘ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੇ ਸੁਸਾਇਟੀ ਮੈਂਬਰ ਹਾਜਰ ਸਨ।
Share this content:


Post Comment