Loading Now

ਸਿਡਨੀ ਬੀਚ ’ਤੇ ਯਹੂਦੀ ਜਸ਼ਨਾਂ ਦੌਰਾਨ ਹਮਲਾ, 11 ਮੌਤਾਂ

ਸਿਡਨੀ ਬੀਚ ’ਤੇ ਯਹੂਦੀ ਜਸ਼ਨਾਂ ਦੌਰਾਨ ਹਮਲਾ, 11 ਮੌਤਾਂ

ਨਵੀਂ ਦਿੱਲੀ, 15 ਦਸੰਬਰ – ਆਸਟ੍ਰੇਲੀਆ ਦੇ ਸਿਡਨੀ ਦੇ ਬੋਂਡੀ ਬੀਚ ‘ਤੇ ਯਹੂਦੀਆਂ ਦੇ ਇਕ ਸਮਾਗਮ ਦੌਰਾਨ ਬੰਦੂਕਧਾਰੀ ਪਿਉ-ਪੁੱਤ ਵੱਲੋਂ ਚਲਾਈਆਂ ਗੋਲੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ, ਜਿਨ੍ਹਾਂ ਵਿਚ ਦਸ ਸਾਲਾ ਬੱਚੀ ਤੇ ਇਕ ਸ਼ੂਟਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ। ਪੁਲੀਸ ਨੇ ਕਿਹਾ ਕਿ ਬੌਂਡੀ ਬੀਚ ਤੋਂ ਦੂਰ ਇੱਕ ਛੋਟੇ ਜਿਹੇ ਪਾਰਕ ਵਿੱਚ ਆਯੋਜਿਤ ਯਹੂਦੀ ਸਮਾਗਮ ਵਿਚ 1000 ਦੇ ਕਰੀਬ ਲੋਕ ਮੌਜੂਦ ਸਨ।

CBS news ਦੀ ਰਿਪੋਰਟ ਮੁਤਾਬਕ ਪਿਉ-ਪੁੱਤ ਦੀ ਪਛਾਣ ਪਾਕਿਸਤਾਨੀ ਮੂਲ ਦੇ ਸਾਜਿਦ ਅਕਰਮ (50) ਤੇ ਉਸ ਦੇ 24 ਸਾਲਾ ਪੁੱਤਰ ਨਾਵੀਦ ਅਕਰਮ ਵਜੋਂ ਹੋਈ ਹੈ। ਸਾਜਿਦ ਅਕਰਮ ਦੀ ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮੌਤ ਹੋ ਗਈ ਜਦੋਂਕਿ ਨਾਵੀਦ ਅਕਰਮ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਕਰਮ ਦੇ ਨਿਊ ਸਾਊਥ ਵੇਲਜ਼ ਡਰਾਈਵਿੰਗ ਲਾਇਸੈਂਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਹਮਲੇ ਵਿਚ ਸ਼ਾਮਲ ਸਾਜਿਦ ਅਕਰਮ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ ਜਦੋਂਕਿ ਉਸ ਦਾ ਪੁੱਤਰ ਆਸਟਰੇਲੀਆ ਵਿਚ ਜਨਮਿਆ ਨਾਗਰਿਕ ਹੈ। ਆਸਟਰੇਲੀਆ ਦੇ ਸਭ ਤੋਂ ਮਸ਼ਹੂਰ ਬੀਚ ’ਤੇ ਇਹ ਕਤਲੇਆਮ ਪਿਛਲੇ ਸਾਲ ਯਹੂਦੀ ਵਿਰੋਧੀ ਹਮਲਿਆਂ ਦੀ ਇੱਕ ਲਹਿਰ ਤੋਂ ਬਾਅਦ ਹੋਇਆ ਹੈ, ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਹਮਲਿਆਂ ਅਤੇ ਐਤਵਾਰ ਦੀ ਗੋਲੀਬਾਰੀ ਦਾ ਕੋਈ ਸਬੰਧ ਸੀ। ਇਹ ਸਖ਼ਤ ਬੰਦੂਕ ਕੰਟਰੋਲ ਕਾਨੂੰਨਾਂ ਵਾਲੇ ਮੁਲਕ ਵਿੱਚ ਲਗਪਗ ਤਿੰਨ ਦਹਾਕਿਆਂ ਵਿੱਚ ਸਭ ਤੋਂ ਘਾਤਕ ਸਮੂਹਕ ਗੋਲੀਬਾਰੀ ਸੀ।

ਨਿਊ ਸਾਊਥ ਵੇਲਜ਼ ਦੇ ਪੁਲੀਸ ਕਮਿਸ਼ਨਰ Mal Lanyon ਨੇ ਕਿਹਾ ਪੁਲੀਸ ਦੀ ਜਵਾਬੀ ਕਾਰਵਾਈ ਵਿਚ 50 ਸਾਲਾ ਸ਼ੂਟਰ ਮਾਰਿਆ ਗਿਆ ਜਦੋਂਕਿ ਦੂਜਾ ਸ਼ੂਟਰ, ਜੋ ਉਸ ਦਾ 24 ਸਾਲਾ ਪੁੱਤਰ ਹੈ, ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਕਿਹਾ ਕਿ ਸੁਰੱਖਿਆ ਸੇਵਾਵਾਂ ਵਾਲੇ ਇਕ ਬੰਦੂਕਧਾਰੀ ਨੂੰ ਜਾਣਦੇ ਸਨ, ਪਰ Lanyon ਨੇ ਕਿਹਾ ਕਿ ਅਧਿਕਾਰੀਆਂ ਕੋਲ ਯੋਜਨਾਬੱਧ ਹਮਲੇ ਦਾ ਕੋਈ ਸੰਕੇਤ ਨਹੀਂ ਸੀ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਦੀ ਉਮਰ 10 ਤੋਂ 87 ਸਾਲ ਦੇ ਵਿਚਕਾਰ ਸੀ। ਸੋਮਵਾਰ ਸਵੇਰੇ ਘੱਟੋ-ਘੱਟ 42 ਹੋਰ ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸੋਮਵਾਰ ਨੂੰ ਕਿਹਾ, ‘ਅਸੀਂ ਕੱਲ੍ਹ ਜੋ ਕੁਝ ਦੇਖਿਆ ਉਹ ਬਹੁਤ ਬੁਰਾਈ ਦਾ ਕੰਮ ਸੀ, ਯਹੂਦੀ ਵਿਰੋਧੀ ਕਾਰਵਾਈ ਸੀ।

Share this content:

Post Comment