ਸਾਹਿਤ ਦੀ ਹਰ ਵਿਧਾ ਦੀ ਤਕਨੀਕ ਸਿੱਖਿਆ ਵਿੱਚ ਮੁਹਾਰਤ ਲਾਜ਼ਮੀ: ਰਣਜੀਤ ਸਿੰਘ ਧੂਰੀ
ਸੰਗਰੂਰ, 13 ਅਕਤੂਬਰ ( ਗਿਆਨ ਸਿੰਘ/ਏ.ਡੀ.ਪੀ ਨਿਊਜ਼) – “ਆਪਮੁਹਾਰੀ ਸਾਹਿਤਕ ਸਿਰਜਣਾ ਕਦੇ ਵੀ ਪਾਠਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਇਸ ਲਈ ਹਰ ਵਿਧਾ ਦੀ ਤਕਨੀਕੀ ਸਿੱਖਿਆ ਵਿੱਚ ਮੁਹਾਰਤ ਹੋਣੀ ਲਾਜ਼ਮੀ ਹੈ।” ਇਹ ਸ਼ਬਦ ਸਿਰਮੌਰ ਪੰਜਾਬੀ ਸਾਹਿਤਕਾਰ ਰਣਜੀਤ ਸਿੰਘ ਧੂਰੀ ਨੇ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਮਹਾਂਰਿਸ਼ੀ ਵਾਲਮੀਕ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਅਤੇ ਕਵੀ ਦਰਬਾਰ ਵਿੱਚ ਬੋਲਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਉੱਘੇ ਸਾਹਿਤਕਾਰ ਅਮਰ ਗਰਗ ਕਲਮਦਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਰਾਮਾਇਣ, ਵੇਦ ਅਤੇ ਮਹਾਂਭਾਰਤ ਦੀ ਰਚਨਾ ਪੰਜਾਬ ਵਿੱਚ ਹੀ ਹੋਈ ਹੈ। ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਰਾਮਾਇਣ ਅਤੇ ਯੋਗ ਵਸ਼ਿਸ਼ਟ ਗ੍ਰੰਥਾਂ ਦਾ ਅਧਿਐਨ ਵਿਗਿਆਨਕ ਦ੍ਰਿਸ਼ਟੀਕੋਣ ਦੇ ਆਧਾਰ ’ਤੇ ਕਰਨ ਦੀ ਜ਼ਰੂਰਤ ਹੈ। ਸਮਾਗਮ ਦੇ ਆਰੰਭ ਵਿੱਚ ਪ੍ਰਸਿੱਧ ਲੇਖਕ ਅਤੇ ਸਮਾਜਸੇਵੀ ਸ਼ਿਵ ਕੁਮਾਰ ਅੰਬਾਲਵੀ ਨੇ ਮਹਾਂਰਿਸ਼ੀ ਵਾਲਮੀਕ ਦੀ ਦੇ ਜੀਵਨ ਅਤੇ ਰਚਨਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਸੈਮੀਨਾਰ ਉਪਰੰਤ ਸਭਾ ਦੀ ਕਾਰਜਕਾਰਨੀ ਦੀ ਇਕੱਤਰਤਾ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਸਭਾ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਨਾਲ ਜੋੜਨ ਦਾ ਫ਼ੈਸਲਾ ਕੀਤਾ ਗਿਆ। ਪਾਸ ਕੀਤੇ ਗਏ ਹੋਰ ਮਤਿਆਂ ਵਿੱਚ ਸਭਾ ਦਾ ਸਾਲਾਨਾ ਸਮਾਗਮ 2 ਨਵੰਬਰ ਨੂੰ ਕਰਵਾਉਣ ਅਤੇ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਪਹਿਲੇ ਐਤਵਾਰ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਗੀਤਕਾਰ ਮੀਤ ਸਕਰੌਦੀ ਵਿਸ਼ੇਸ਼ ਕਵੀ ਵਜੋਂ ਸ਼ਾਮਲ ਹੋਏ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਥਕ ਕਵੀ ਲਾਭ ਸਿੰਘ ਝੱਮਟ ਦੀ ਕਵੀਸ਼ਰੀ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਲੋਟੇ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਬਲਜਿੰਦਰ ਈਲਵਾਲ, ਸੁਰਜੀਤ ਸਿੰਘ ਮੌਜੀ, ਗੋਬਿੰਦ ਸਿੰਘ ਤੂਰਬਨਜਾਰਾ, ਗੁਰਮੁਖ ਸਿੰਘ ਦਿਲਬਰ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ, ਕਰਮ ਸਿੰਘ ਜ਼ਖ਼ਮੀ, ਧਰਮਵੀਰ ਸਿੰਘ, ਹਨੀ ਸੰਗਰਾਮੀ, ਭੋਲਾ ਸਿੰਘ ਸੰਗਰਾਮੀ, ਸ਼ਿਵ ਕੁਮਾਰ ਅੰਬਾਲਵੀ, ਮਹਿੰਦਰ ਦੀਪ, ਅਸ਼ੋਕ ਕੁਮਾਰ ਦੀਪਕ, ਸ਼ਾਮ ਲਾਲ, ਅਮਰ ਗਰਗ ਕਲਮਦਾਨ, ਮਨੀ ਖਾਨ, ਹਰਮਨਪ੍ਰੀਤ ਸਿੰਘ ਜੱਖਲਾਂ, ਅਮਨ ਜੱਖਲਾਂ, ਬਲਜਿੰਦਰ ਬਾਲੀ ਰੇਤਗੜ੍ਹ, ਮੀਤ ਸਕਰੌਦੀ, ਪਰਮਜੀਤ ਕੌਰ, ਕ੍ਰਿਸ਼ਨ ਗੋਪਾਲ, ਸਰਬਜੀਤ ਸੰਗਰੂਰਵੀ, ਗੁਰੀ ਚੰਦੜ, ਸੁਰੇਸ਼ ਪਾਲ, ਰਣਜੀਤ ਸਿੰਘ ਧੂਰੀ, ਜਗਤਾਰ ਨਿਮਾਣਾ, ਹਰਦੀਪ ਸਿੰਘ ਸਿੱਧੂ, ਏਕਮਦੀਪ ਸਿੰਘ, ਬਲਵੰਤ ਕੌਰ ਘਨੌਰੀ ਕਲਾਂ, ਮਨੀਸ਼ਾ ਰਾਣੀ, ਖੁਸ਼ਪ੍ਰੀਤ ਕੌਰ, ਸੁਖਨਦੀਪ ਕੌਰ, ਚਮਕੌਰ ਸਿੰਘ ਅਤੇ ਗੁਰਨਾਮ ਸਿੰਘ ਆਦਿ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਹਰ ਵਾਰ ਦੀ ਤਰ੍ਹਾਂ ਸੁਖਵਿੰਦਰ ਸਿੰਘ ਲੋਟੇ ਵੱਲੋਂ ਕਵਿਤਾ ਸਕੂਲ ਦੀ ਕਲਾਸ ਲਗਾਈ ਗਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
Share this content:



Post Comment