Loading Now

ਸਾਈ ਮੀਆਂ ਮੀਰ ਮੈਮੋਰੀਅਲ ਟਰੱਸਟ ਵਲੋਂ ਦੱਸ ਪਤਵੰਤੇ ਵਿਅਕਤੀਆਂ ਨੂੰ ਪੁਰਸਕਾਰ ਪ੍ਰਦਾਨ

ਸਾਈ ਮੀਆਂ ਮੀਰ ਮੈਮੋਰੀਅਲ ਟਰੱਸਟ ਵਲੋਂ ਦੱਸ ਪਤਵੰਤੇ ਵਿਅਕਤੀਆਂ ਨੂੰ ਪੁਰਸਕਾਰ ਪ੍ਰਦਾਨ

ਲੁਧਿਆਣਾ, 13 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਈਂ ਮੀਆਂ ਮੀਰ ਮੈਮੋਰੀਅਲ ਟਰੱਸਟ ਵਲੋਂ ਗੁਰਮਤਿ ਸੰਗੀਤ, ਕੀਰਤਨ, ਕਾਵਿ, ਸਾਹਿਤ, ਖੋਜ, ਵਿਗਿਆਨ, ਖੇਤੀ, ਕਲਾ-ਸਭਿਆਚਾਰ, ਲੋਕ-ਸੇਵਾ, ਵਿਦਿਅਕ ਪ੍ਰਫੁੱਲਤਾ ਅਤੇ ਉੱਦਮ ਨਿਰਮਾਣ ਦੇ ਖੇਤਰਾਂ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਦੱਸ ਪਤਵੰਤਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਮੁੱਖ ਮਹਿਮਾਨ ਵਜੋਂ ਸ਼ਾਮਲ ਉੱਘੇ ਵਿਦਵਾਨ ਗੁਰਬਾਣੀ ਸੰਚਾਰਕ ਅਤੇ ਵਿਆਖਿਆਕਾਰ ਗਿਆਨੀ ਸਾਹਿਬ ਸਿੰਘ ਮਾਰਕੰਡਾ ਹੁਰਾਂ ਨੇ ਸਟੱਡੀ ਸਰਕਲ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਪੂਰੀ ਤਨਦੇਹੀ ਨਾਲ ਗੁਰਬਾਣੀ ਅਤੇ ਵਿਰਸੇ ਦੇ ਸੰਚਾਰ ਦੇ ਕਾਰਜ ਜਾਰੀ ਰੱਖਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਕਿਸੇ ਤਰ੍ਹਾਂ ਦੀ ਵੀ ਢਿੱਲ ਮੱਠ ਨਾ ਆਉਣ ਦਿੱਤੀ ਜਾਵੇ ਕਿਉਂਕਿ ਨਵੀਂ ਪੀੜ੍ਹੀ ਨੇ ਹੀ ਅੱਗੇ ਕੌਮੀ ਸ਼ਕਤੀ ਬਣਨਾ ਹੈ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਹੁਰਾਂ ਸਾਈ ਮੀਆਂ ਮੀਰ ਮੈਮੋਰੀਅਲ ਟਰੱਸਟ ਦੇ ਮਾਧਿਅਮ ਰਾਹੀਂ, ਵਿਭਿੰਨ ਖੇਤਰਾਂ ਦੇ ਉੱਘੇ ਯੋਗਦਾਨੀਆਂ ਨੂੰ ਪੁਰਸਕਾਰਿਤ ਕਰਨ ਦੇ ਯਤਨਾਂ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਰਾਹਣਾ ਕੀਤੀ। ਉਨ੍ਹਾਂ ਨੇ ਸਾਂਈਂ ਮੀਆਂ ਮੀਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਉਣ ਲਈ ਗੁਰੂ ਅਰਜਨ ਦੇਵ ਜੀ ਦੀ ਮਾਨਵਤਾ ਪ੍ਰਤੀ ਵਿਸ਼ਾਲਦਿਲੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਮਾਨਵ ਪ੍ਰੇਮ ਅਤੇ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ। ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚੀਊਟ ਦੇ ਉਸਤਾਦ ਗੁਰਨਾਮ ਸਿੰਘ ਤੇ ਵਿਦਿਆਰਥੀਆਂ ਨੇ ਸ਼ਬਦ ਗਾਇਣ ਨਾਲ ਮੰਤ੍ਰ ਮੁਗਧ ਕੀਤਾ। ਸਵਾਗਤੀ ਸ਼ਬਦ ਕਹਿੰਦਿਆਂ ਨਿਰਦੇਸ਼ਕ ਓਵਰਸੀਜ਼ ਸ੍ਰ. ਗੁਰਮੀਤ ਸਿੰਘ ਹੁਰਾਂ ਸਮਾਜ ਦੇ ਪਤਿਵੰਤੇ ਸੱਜਣਾਂ ਨੂੰ ਪੁਰਸਕਾਰਿਤ ਕਰਨ ਦੇ ਪ੍ਰਾਜੈਕਟ ਨੂੰ ਮਹੱਤਵਪੂਰਨ ਦੱਸਿਆ। ਉਹਨਾਂ ਗਿਆਨੀ ਸਾਹਿਬ ਸਿੰਘ ਹੁਰਾਂ ਨੂੰ ਦੂਜੀ ਤੀਜੀ ਪੀੜੀ ਦੇ ਕਥਾਕਾਰਾਂ ਵਿਦਵਾਨਾਂ ਦੇ ਉਸਤਾਦ ਅਧਿਆਪਕ ਦੱਸਿਆ। ਉਹਨਾਂ ਵੀ.ਸੀ. ਸਾਹਿਬ ਡਾ. ਸਤਿਬੀਰ ਸਿੰਘ ਗੋਸਲ ਦੇ ਪੰਜਾਬ ਅਤੇ ਦੇਸ਼ ਦੇ ਖੇਤੀ ਵਿਕਾਸ ਯੋਗਦਾਨ ਨੂੰ ਸਲਾਹਿਆ।

Capture-14-1024x462 ਸਾਈ ਮੀਆਂ ਮੀਰ ਮੈਮੋਰੀਅਲ ਟਰੱਸਟ ਵਲੋਂ ਦੱਸ ਪਤਵੰਤੇ ਵਿਅਕਤੀਆਂ ਨੂੰ ਪੁਰਸਕਾਰ ਪ੍ਰਦਾਨ

ਚੇਅਰਮੈਨ ਸ੍ਰ. ਬਲਜੀਤ ਸਿੰਘ ਜੀ ਹੁਰਾਂ ਸਾਈਂ ਮੀਆਂ ਮੀਰ ਮੈਮੋਰੀਅਲ ਟਰੱਸਟ ਦੇ ਮਨੋਰਥ ਨੂੰ ਸਪਸ਼ਟ ਕਰਦਿਆਂ ਸਟੱਡੀ ਸਰਕਲ ਦੇ ਵਿਦਿਅਕ-ਸਮਾਜਿਕ-ਧਾਰਮਿਕ-ਸਾਹਿਤਕ ਤੇ ਸਭਿਆਚਾਰਕ ਖੇਤਰਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਸੰਚਾਰਿਤ ਕਰਨ ਦੇ ਨਿਮਾਣੇ ਯਤਨਾਂ ਦਾ ਵੀ ਵਿਵਰਣ ਪੇਸ਼ ਕੀਤਾ। ਸ੍ਰੀਮਤੀ ਮਨਦੀਪ ਕੌਰ ਭੰਮਰਾ, ਸੰਚਾਲਕ ਚਿੰਤਨਸ਼ੀਲ ਸਾਹਿਤਧਾਰਾ ਤੇ ਡਾ. ਆਮਤ ਹਮਰਾਹੀ ਯਾਦਗਾਰੀ ਮੰਚ ਹੁਰਾਂ, ਡਾ. ਹਮਰਾਹੀ ਜੀ ਰਚਿਤ ਸਾਈ ਮੀਆਂ ਮੀਰ ਕਾਵਿ ਚਿੱਤਰ ਬਾਖੂਬੀ ਪੇਸ਼ ਕੀਤਾ।

ਪੁਰਸਕਾਰਾਂ ਵਿੱਚ ਭਾਈ ਰਣਧੀਰ ਸਿੰਘ, ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਭਾਈ ਸਮੁੰਦ ਸਿੰਘ ਯਾਦਗਾਰੀ ਗੁਰਮਤਿ ਸੰਗੀਤ ਪੁਰਸਕਾਰ, ਡਾ. ਰਣਜੀਤ ਸਿੰਘ ਤਾਂਬੜ ਰਿਟਾ. ਡੀਨ ਪੀ.ਏ.ਯੂ., ਲੁਧਿਆਣਾ ਨੂੰ ਡਾ. ਸੁਖਦੇਵ ਸਿੰਘ ਸਾਬਕਾ ਵੀ.ਸੀ., ਪੀ.ਏ.ਯੂ. ਯਾਦਗਾਰੀ ਕਿਰਸਾਨੀ ਚੇਤੰਨਤਾ ਪੁਰਸਕਾਰ, ਗੁਰਪੁਰਵਾਸੀ ਡਾ. ਜਸਬੀਰ ਸਿੰਘ ਸਾਬਰ ਦੇ ਪਰਿਵਾਰ, ਸੁਪਤਨੀ ਸ੍ਰੀਮਤੀ ਨਰਿੰਦਰ ਕੌਰ, ਸਪੁੱਤਰ ਸ੍ਰ. ਪੁਸ਼ਪਿੰਦਰ ਸਿੰਘ ਤੇ ਪੋਤਰੇ ਅਰੁਨਦੀਪ ਸਿੰਘ ਰਾਹੀਂ ਭਾਈ ਗੁਰਦਾਸ ਯਾਦਗਾਰੀ ਗੁਰਮਤਿ ਵਿਆਖਿਆ ਪੁਰਸਕਾਰ, ਡਾ. ਪਰਮਵੀਰ ਸਿੰਘ, ਪ੍ਰੋਫੈਸਰ ਤੇ ਐਡੀਟਰ ਇਨ ਚੀਫ਼ ਸਿੱਖ ਐਨਸਾਈਕਲੋਪੀਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਪ੍ਰੋ. ਸਾਹਿਬ ਸਿੰਘ ਯਾਦਗਾਰੀ ਸਿੱਖ ਕੋਸ਼ਕਾਰੀ ਤੇ ਵਿਆਖਿਆ ਪੁਰਸਕਾਰ, ਇੰਜੀ. ਕਰਮਜੀਤ ਸਿੰਘ ਨੂਰ ਨੂੰ ਭਾਈ ਨੰਦ ਲਾਲ ਯਾਦਗਾਰੀ ਕਾਵਿ ਪੁਰਸਕਾਰ, ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਸਰਦਾਰ ਦਲੀਪ ਸਿੰਘ ਬਾਵਾ ਯਾਦਗਾਰੀ ਪੰਜਾਬੀ ਪ੍ਰਫੁੱਲਤਾ ਪੁਰਸਕਾਰ, ਡਾ. ਅਲੰਕਾਰ ਸਿੰਘ ਪ੍ਰੋਫੈਸਰ ਤੇ ਮੁੱਖੀ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਭਾਈ ਮਰਦਾਨਾ ਯਾਦਗਾਰੀ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਭਾਈ ਮਰਦਾਨਾ ਯਾਦਗਾਰੀ ਗੁਰਮਤਿ ਪੁਰਸਕਾਰ, ਸਿਖਸ਼ਾ ਰਤਨ ਡਾ. ਜਸਵਿੰਦਰ ਸਿੰਘ ਨੂੰ ਡਾ. ਅਮਰੀਕ ਸਿੰਘ ਚੀਮਾ ਯਾਦਗਾਰੀ ਵਿਗਿਆਨ ਸੰਚਾਰ ਪੁਰਸਕਾਰ, ਇੰਜੀ. ਰਣਜੋਧ ਸਿੰਘ ਜੀ.ਐਸ.ਟੀ. ਗਰੁਪ ਲੁਧਿਆਣਾ ਨੂੰ ਭਾਈ ਘਨ੍ਹਈਆ ਯਾਦਗਾਰੀ ਲੋਕ ਸੇਵਾ ਦੇ ਚੇਤੰਨਤਾ ਪੁਰਸਕਾਰ ਅਤੇ ਡਾ. ਮਿਹਰਬਾਨ ਸਿੰਘ ਜਲੰਧਰ ਨੂੰ ਡਾ. ਭਾਈ ਵੀਰ ਸਿੰਘ ਯਾਦਗਾਰੀ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪੁਰਸਕਾਰਿਤ ਵਿਅਕਤੀਆਂ ਨੇ ਆਪਣੇ ਅਨੁਭਵਾਂ ਨੂੰ ਸਾਂਝਾ ਵੀ ਕੀਤਾ। ਸ੍ਰ. ਸੁਰਜੀਤ ਸਿੰਘ ਲੋਹੀਆ ਤੇ ਡਾ. ਬਲਵਿੰਦਰਪਾਲ ਸਿੰਘ ਹੁਰਾਂ ਧੰਨਵਾਦ ਦੇ ਸ਼ਬਦ ਕਹੇ ਅਤੇ ਮੰਚ ਸੰਚਾਲਨ ਕੀਤਾ।

ਸ੍ਰ. ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਸ੍ਰ. ਗੁਰਚਰਨ ਸਿੰਘ ਸਕੱਤਰ ਜਨਰਲ, ਸ੍ਰ. ਬ੍ਰਿਜਿੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ, ਸ੍ਰ. ਸ਼ਿਵਰਾਜ ਸਿੰਘ ਜਥੇਬੰਦਕ ਸਕੱਤਰ, ਸ੍ਰ. ਹਰਜੀਤ ਸਿੰਘ ਖਾਲਸਾ, ਡਾ. ਸਰਬਜੀਤ ਸਿੰਘ ਰੇਣੁਕਾ, ਸ੍ਰ. ਗੁਰਸ਼ਰਨ ਸਿੰਘ ਕਨੇਡਾ, ਸ੍ਰ. ਜਸਪਾਲ ਸਿੰਘ ਕੋਚ ਜ਼ੋਨਲ ਸਕੱਤਰ, ਸ੍ਰ. ਅਮਰਜੀਤ ਸਿੰਘ ਟੈਕਸਲਾ, ਸ੍ਰ. ਹਰਦੀਪ ਸਿੰਘ, ਲੈਕਚਰਾਰ ਸ੍ਰ. ਭੁਪਿੰਦਰ ਸਿੰਘ, ਡਾ. ਦਲਵਿੰਦਰ ਸਿੰਘ ਗਰੇਵਾਲ, ਮੇਜਰ ਹਰਬੰਸ ਸਿੰਘ, ਪ੍ਰਿੰ. ਰਣਜੀਤ ਸਿੰਘ, ਪ੍ਰਿੰ. ਕੰਵਲਜੀਤ ਕੌਰ, ਪ੍ਰਿੰ. ਗੁਰਨਾਮ ਸਿੰਘ, ਪ੍ਰਿੰ. ਮਨਜਿੰਦਰ ਕੌਰ, ਸ੍ਰ. ਦਲੇਰ ਸਿੰਘ ਜੋਸ਼, ਇੰਜੀ. ਇੰਦਰਜੀਤ ਸਿੰਘ, ਏ.ਡੀ.ਸੀ. ਰਿਟਾ. ਸ੍ਰ. ਜੇ.ਪੀ. ਸਿੰਘ, ਸ੍ਰ. ਗੁਰਜੀਤ ਸਿੰਘ ਰੁਮਾਣਾ ਰਿਟਾ. ਐਸ.ਐਸ.ਪੀ., ਸ੍ਰ. ਰਵਿੰਦਰ ਸਿੰਘ ਲੁਧਿਆਣਾ, ਪ੍ਰੋ. ਰਣਜੀਤ ਸਿੰਘ ਸਿੱਧਸਰ, ਸ੍ਰ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ, ਸ੍ਰ. ਮਨਜੀਤ ਸਿੰਘ ਆਲ ਇੰਡੀਆ ਰੇਡੀਓ (ਰਿਟਾ.), ਸ੍ਰ. ਤੇਜਿੰਦਰ ਸਿੰਘ ਚੀਫ਼ ਮੈਡੀਕਲ ਸਟੋਰ, ਡਾ. ਭੁਪਿੰਦਰ ਕੌਰ ਕਵਿਤਾ ਹੁਸ਼ਿਆਰਪੁਰ, ਬੀਬੀ ਪਰਮਵੀਰ ਕੌਰ, ਬੀਬੀ ਗੁਰਵਿੰਦਰ ਕੌਰ ਲੁਧਿਆਣਾ, ਵਿਦਿਆਰਥੀ ਇਸ਼ਮੀਤ ਸਿੰਘ, ਡਾ. ਕੁਲਦੀਪ ਕੌਰ, ਨਾਹਰ ਸਿੰਘ ਰਿਟਾਇਰਡ ਡਿਪਟੀ DEO ਲੁਧਿਆਣਾ, ਸ੍ਰ. ਅਮਰਿੰਦਰ ਸਿੰਘ, ਸ੍ਰ. ਰਣਜੀਤ ਸਿੰਘ ਖਾਲਸਾ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ ਤੇ ਵਿਚਾਰ ਪੇਸ਼ ਕੀਤੇ। ਸਿੱਖ ਬੁੱਕ ਸੈਂਟਰ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ

Share this content:

Post Comment