Loading Now

ਸਾਂਸ਼ੂ ਤੇ ਪਰੀਆਂ

ਸਾਂਸ਼ੂ ਤੇ ਪਰੀਆਂ

ਸਾਉਣ ਮਹੀਨੇ ਦੀ ਸ਼ੁਰੂਆਤ ਸੀ। ਰਾਤ ਨੂੰ ਸਾਂਸ਼ੂ ਦਾ ਪਰਿਵਾਰ ਵਿਹੜੇ ਵਿੱਚ ਮੰਜਿਆਂ ’ਤੇ ਆਰਾਮ ਕਰ ਰਿਹਾ ਸੀ। ਸਾਂਸ਼ੂ ਦੀ ਮੰਜੀ ਸਭ ਦੇ ਵਿਚਾਲੇ ਸੀ। ਦਰੱਖਤਾਂ ਦੇ ਪੱਤੇ ਹੌਲੀ ਹੌਲੀ ਝੂਮ ਰਹੇ ਸਨ। ਸਾਂਸ਼ੂ ਆਪਣੀ ਦਾਦੀ ਤੋਂ ਪਰੀਆਂ ਦੀ ਕਹਾਣੀ ਸੁਣ ਕੇ ਹਟੀ ਸੀ। ਠੰਢੀ ਠੰਢੀ ਹਵਾ ਨੇ ਉਸ ਦੀਆਂ ਅੱਖਾਂ ਬੰਦ ਕਰ ਦਿੱਤੀਆਂ।

ਕਾਲੇ ਅਸਮਾਨ ਵਿੱਚ ਚਿੱਟੇ ਲਿਸ਼ਕਦੇ ਤੇ ਟਿਮਟਿਮਾਉਂਦੇ ਤਾਰਿਆਂ ਦੇ ਕੋਲ ਦੋ ਪਰੀਆਂ ਮੱਛੀਆਂ ਵਾਂਗ ਤੈਰ ਰਹੀਆਂ ਸਨ। ਸਾਂਸ਼ੂ ਨੇ ਉਨ੍ਹਾਂ ਨੂੰ ਧਿਆਨ ਨਾਲ ਦੇਖਿਆ। ਉਨ੍ਹਾਂ ਦੀਆਂ ਦੁੱਧ ਰੰਗੀਆਂ ਪੁਸ਼ਾਕਾਂ, ਜਿਨ੍ਹਾਂ ਉੱਤੇ ਸਿਲਵਰ ਰੰਗ ਦੇ ਚਮਕੀਲੇ ਮੋਤੀ ਚਮਕ ਰਹੇ ਸਨ। ਲੰਮੇ ਤੇ ਖੁੱਲ੍ਹੇ ਵਾਲਾਂ ਵਿੱਚ ਚਿੱਟੇ ਗੁਲਾਬ ਦੇ ਫੁੱਲ ਟੰਗੇ ਹੋਏ ਸਨ ਤੇ ਮੱਥੇ ਤੋਂ ਉੱਤੇ ਵਾਲਾਂ ’ਤੇ ਚਿੱਟੇ ਤੇ ਸਿਲਵਰ ਰੰਗ ਦੇ ਹੀ ਚਮਕਦਾਰ ਤਾਜ ਸਜਾਏ ਹੋਏ ਸਨ। ਪੈਰਾਂ ਵਿੱਚ ਸਿਲਵਰ ਰੰਗ ਦੀ ਹੀ ਚਮਕਦਾਰ ਨੋਕਦਾਰ ਜੁੱਤੀ ਖੂਬ ਫੱਬ ਰਹੀ ਸੀ। ਨੈਣ ਨਕਸ਼ਾਂ ਤੋਂ ਤੇ ਰੰਗ ਰੂਪ ਤੋਂ ਬਹੁਤ ਹੀ ਸੋਹਣੀਆਂ ਇਹ ਪਰੀਆਂ ਆਕਾਸ਼ ਵਿੱਚੋਂ ਸਾਂਸ਼ੂ ਨੂੰ ਬਾਏ ਬਾਏ ਕਰ ਰਹੀਆਂ ਸਨ। ਸਾਂਸ਼ੂ ਦਾ ਦਿਲ ਕਰੇ ਕਿ ਮੈਂ ਵੀ ਇਨ੍ਹਾਂ ਵਰਗੀ ਹੀ ਸੋਹਣੀ ਬਣ ਕੇ ਸਿਰ ’ਤੇ ਤਾਜ ਸਜਾ ਕੇ ਅਸਮਾਨ ਵਿੱਚ ਉੱਡਾਂ। ਸਾਂਸ਼ੂ ਦੇ ਦੇਖਦਿਆਂ ਦੇਖਦਿਆਂ ਹੀ ਉਨ੍ਹਾਂ ਨੇ ਧਰਤੀ ਵੱਲ ਆਉਣਾ ਸ਼ੁਰੂ ਕਰ ਦਿੱਤਾ।

ਉਸ ਦੀ ਮੰਜੀ ’ਤੇ ਬੈਠਦਿਆਂ ਹੀ ਉਨ੍ਹਾਂ ਪੁੱਛਿਆ, ‘ਸਾਂਸ਼ੂ ਕੀ ਹਾਲ ਆ?’ ‘ਹੈਂ! ਤੁਹਾਨੂੰ ਮੇਰਾ ਨਾਮ ਪਤੈ?’ ਸਾਂਸ਼ੂ ਚੀਕੀ। ‘ਹਾਂ ਬਿਲਕੁਲ। ਅਸੀਂ ਤੇਰੀ ਇੱਛਾ ਵੀ ਪੂਰੀ ਕਰ ਸਕਦੀਆਂ ਹਾਂ।’ ਇੱਕ ਪਰੀ ਨੇ ਉਸ ਦਾ ਹੱਥ ਫੜਦਿਆਂ ਕਿਹਾ। ‘ਸੱਚੀਂ!’ ਸਾਂਸ਼ੂ ਉੱਠ ਕੇ ਬੈਠ ਗਈ। ‘ਹਾਂ, ਪਰ ਤੇਰੀ ਕੋਈ ਵੀ ਮੰਗ ਦੂਜੇ ਨੂੰ ਪਰੇਸ਼ਾਨ ਕਰਨ ਵਾਲੀ ਨਾ ਹੋਵੇ। ਨਾ ਹੀ ਆਪਣਾ ਕੰਮ ਕਰਵਾਉਣ ਲਈ ਕੋਈ ਗ਼ਲਤ ਢੰਗ ਅਪਣਾਉਣ ਵਾਲੀ ਹੋਵੇ।’ ਦੂਜੀ ਪਰੀ ਨੇ ਕਿਹਾ। ‘ਤੁਹਾਨੂੰ ਕੁਝ ਵੀ ਚਾਹੀਦਾ ਹੋਵੇ ਤਾਂ ਤੁਸੀਂ ਰਾਤ ਨੂੰ ਬਿਸਤਰ ’ਤੇ ਲੰਮੇ ਪੈ ਕੇ ਅੱਖਾਂ ਬੰਦ ਕਰਕੇ ਸਾਨੂੰ ਯਾਦ ਕਰਨਾ ਹੈ।’ ਉਸ ਦਾ ਹੱਥ ਫੜੀਂ ਬੈਠੀ ਪਰੀ ਬੋਲੀ। ‘ਤੁਸੀਂ ਇਹ ਬੋਲਣਾ।’ ਪਰੀ ਨੇ ਸਾਂਸ਼ੂ ਦੇ ਕੰਨ ਵਿੱਚ ਕੁਝ ਸ਼ਬਦ ਕਹੇ ਤੇ ਉਹ ਚਲੇ ਗਈਆਂ। ਦੂਜੀ ਰਾਤ ਦਾ ਸਾਂਸ਼ੂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ। ਰਾਤ ਪੈਣ ’ਤੇ ਉਹ ਬਿਸਤਰ ’ਤੇ ਲੰਮੀ ਪੈ ਅੱਖਾਂ ਬੰਦ ਕਰਕੇ ਪਰੀ ਦੇ ਦੱਸੇ ਸ਼ਬਦ ਬੋਲਣ ਲੱਗੀ;

ਆ ਜਾਓ ਪਰੀਓ/ਆ ਜਾਓ ਪਰੀਓ

ਅਸਮਾਨ ਤੋਂ/ਆ ਜਾਓ ਪਰੀਓ

ਦਿਲ ਕਰਦੈ/ਰਸ ਮਲਾਈ ਖਾਣ ਨੂੰ

ਬਰਤਨ ਵਿੱਚ/ਸਜਾ ਦਿੳ ਪਰੀਓ।

ਉਸ ਹੀ ਸਮੇਂ ਦੋਵੇਂ ਪਰੀਆਂ ਸਾਂਸ਼ੂ ਲਈ ਕੱਚ ਦੇ ਚਮਕਦੇ ਕਟੋਰੇ ਵਿੱਚ ਰਸ ਮਲਾਈ ਲੈ ਕੇ ਹਾਜ਼ਰ ਹੋ ਗਈਆਂ। ਇਸ ਤਰ੍ਹਾਂ ਹੀ ਸਾਂਸ਼ੂ ਕਈ ਦਿਨਾਂ ਤੱਕ ਭਾਂਤ ਭਾਂਤ ਦੇ ਸਵਾਦ ਦੀ ਮਠਿਆਈ ਖਾਂਦੀ ਰਹੀ।

ਸਾਂਸ਼ੂ ਦੀ ਜਮਾਤ ਵਿੱਚ ਉਸ ਦੀ ਇੱਕ ਸਹੇਲੀ ਪ੍ਰਭ ਪੜ੍ਹਦੀ ਸੀ। ਉਸ ਦੇ ਪਿਤਾ ਜੀ ਦੀ ਕੰਪਨੀ ਬੰਦ ਹੋਣ ਕਾਰਨ ਉਹ ਕਈ ਮਹੀਨਿਆਂ ਤੋਂ ਵਿਹਲੇ ਹੀ ਸਨ। ਪ੍ਰਭ ਦੀ ਸਕੂਲ ਡਰੈੱਸ ਪੁਰਾਣੀ ਤੇ ਫਟੀ ਹੋਈ ਸੀ। ਸਾਂਸ਼ੂ ਉਨ੍ਹਾਂ ਦੀ ਮਾੜੀ ਮਾਲੀ ਹਾਲਤ ਤੋਂ ਵਾਕਿਫ਼ ਸੀ। ਇੱਕ ਰਾਤ ਉਸ ਨੇ ਪ੍ਰਭ ਲਈ ਨਵੀਂ ਡਰੈੱਸ ਮੰਗਣ ਲਈ ਬਿਸਤਰ ’ਤੇ ਲੰਮੇ ਪੈ ਕੇ ਅੱਖਾਂ ਬੰਦ ਕਰਕੇ ਕਿਹਾ;

ਆ ਜਾਓ ਪਰੀਓ/ਆ ਜਾਓ ਪਰੀਓ

ਅਸਮਾਨ ਤੋਂ/ਆ ਜਾਓ ਪਰੀਓ

ਪ੍ਰਭ ਨੂੰ ਚਾਹੀਦੀ/ਸਕੂਲ ਡਰੈੱਸ

ਵਿੱਚ ਬਾਜ਼ਾਰੋਂ/ਲਿਆ ਦਿਓ ਪਰੀਓ

ਪਰੀਆਂ ਨੇ ਉਸ ਹੀ ਸਮੇਂ ਸਾਂਸ਼ੂ ਕੋਲ ਪ੍ਰਭ ਦੀਆਂ ਦੋ ਨਵੀਆਂ ਡਰੈੱਸਾਂ ਲਿਆ ਕੇ ਰੱਖ ਦਿੱਤੀਆਂ। ਸਾਂਸ਼ੂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ। ਉਹ ਪੜ੍ਹਨ ਵਿੱਚ ਹੁਸ਼ਿਆਰ ਸੀ। ਉਸ ਦੇ ਅੰਗਰੇਜ਼ੀ ਦੇ ਪੇਪਰ ਤੋਂ ਪਹਿਲਾਂ ਉਸ ਦੇ ਭਰਾ ਦਾ ਜਨਮ ਦਿਨ ਹੋਣ ਕਾਰਨ ਉਹ ਆਪਣੀ ਤਿਆਰੀ ਚੰਗੀ ਤਰ੍ਹਾਂ ਨਾਲ ਨਹੀਂ ਕਰ ਸਕੀ। ਉਸ ਦੇ ਦਿਮਾਗ਼ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਮੈਂ ਪਰੀਆਂ ਤੋਂ ਪੇਪਰ ਹੀ ਮੰਗਵਾ ਲਵਾਂ। ਮੈਨੂੰ ਪੜ੍ਹਨਾ ਵੀ ਘੱਟ ਪਵੇਗਾ। ਮੇਰੇ ਨੰਬਰ ਵੀ ਜ਼ਿਆਦਾ ਆਉਣਗੇ। ਉਹ ਬਿਸਤਰ ’ਤੇ ਅੱਖਾਂ ਬੰਦ ਕਰਕੇ ਪਰੀਆਂ ਨੂੰ ਕਹਿਣ ਲੱਗੀ;

ਆ ਜਾਓ ਪਰੀਓ/ਆ ਜਾਓ ਪਰੀਓ

ਅਸਮਾਨ ਤੋਂ/ਆ ਜਾਓ ਪਰੀਓ

ਮੈਨੂੰ ਚਾਹੀਦਾ/ਅੰਗਰੇਜ਼ੀ ਪੇਪਰ

ਸਕੂਲੋਂ ਕੱਢ/ਲਿਆ ਦਿਓ ਪਰੀਓ

ਕੁਝ ਸਮੇਂ ਬਾਅਦ ਹੀ ਦੋਵੇਂ ਪਰੀਆਂ ਹਾਜ਼ਰ ਹੋ ਗਈਆਂ, ਪਰ ਉਨ੍ਹਾਂ ਦੇ ਹੱਥ ਖਾਲੀ ਸਨ। ਉਨ੍ਹਾਂ ਨੇ ਸਾਂਸ਼ੂ ਨੂੰ ਕਿਹਾ। ‘ਸਾਂਸ਼ੂ ਤੁਸੀਂ ਗੰਦੇ ਬੱਚੇ ਹੋ। ਤੁਸੀਂ ਮਿਹਨਤ ਕਰਨ ਤੋਂ ਡਰਦੇ ਹੋ। ਤੁਸੀਂ ਆਪਣੇ ਅਧਿਆਪਕ, ਮਾਪੇ ਤੇ ਆਪਣੇ ਆਪ ਨਾਲ ਧੋਖਾ ਕਰ ਰਹੇ ਹੋ। ਸਿਆਣਾ ਤੇ ਸਮਝਦਾਰ ਬੱਚਾ ਇਸ ਤਰ੍ਹਾਂ ਨਹੀਂ ਕਰਦਾ। ਤੇਰੇ ਇਸ ਗ਼ਲਤ ਕੰਮ ਵਿੱਚ ਅਸੀਂ ਤੇਰਾ ਸਾਥ ਨਹੀਂ ਦੇ ਸਕਦੀਆਂ। ਅੱਜ ਤੋਂ ਬਾਅਦ ਅਸੀਂ ਤੇਰੇ ਕੋਲ ਨਹੀਂ ਆਉਣਾ।’ ਉਹ ਚਲੇ ਗਈਆਂ। ਉਸ ਤੋਂ ਬਾਅਦ ਸਾਂਸ਼ੂ ਨੇ ਕਈ ਵਾਰ ਪਰੀਆਂ ਨੂੰ ਅੱਖਾਂ ਬੰਦ ਕਰਕੇ ਬੁਲਾਇਆ, ਪਰ ਉਹ ਮੁੜ ਕੇ ਵਾਪਸ ਨਹੀਂ ਆਈਆਂ।

‘ਸਾਂਸ਼ੂ ਉੱਠ ਜਾ ਹੁਣ। ਸਕੂਲ ਲਈ ਤਿਆਰ ਹੋਣਾ ਹੈ।’ ਉਸ ਦੇ ਮੰਮੀ ਬੋਲੇ। ਸਾਂਸ਼ੂ ਨੇ ਅੱਖਾਂ ਖੋਲ੍ਹੀਆਂ ਤਾਂ ਸਾਰਾ ਸੁਪਨਾ ਉਸ ਦੀਆਂ ਅੱਖਾਂ ਅੱਗੇ ਘੁੰਮੀ ਜਾਵੇ। ਉਹ ਸੋਚ ਰਹੀ ਸੀ ਕਿ ਚੰਗੇ ਕੰਮ ਵਿੱਚ ਹਰ ਕੋਈ ਸਾਡਾ ਸਾਥ ਦਿੰਦਾ ਹੈ। ਸਾਡੀ ਮਦਦ ਕਰਦਾ ਹੈ, ਪ੍ਰੰਤੂ ਬੁਰੇ ਕੰਮ ਵਿੱਚ ਕੋਈ ਸਾਥ ਨਹੀਂ ਦਿੰਦਾ। ਬੁਰੇ ਕੰਮ ਦਾ ਨਤੀਜਾ ਵੀ ਹਮੇਸ਼ਾਂ ਬੁਰਾ ਹੀ ਹੁੰਦਾ ਹੈ। ਫਿਰ ਬੁਰਾ ਕੰਮ ਕਰਨਾ ਹੀ ਕਿਉਂ?

ਸਾਂਸ਼ੂ ਇੱਕ ਨਵੀਂ ਸੋਚ ਤੇ ਨਵਾਂ ਵਿਚਾਰ ਲੈ ਕੇ ਬਿਸਤਰ ਤੋਂ ਉੱਠੀ ਤੇ ਸਕੂਲ ਜਾਣ ਲਈ ਤਿਆਰ ਹੋਣ ਲੱਗੀ।

Share this content:

Post Comment