‘ਸਾਂਸਦ ਨੂੰ ਗੱਦਾਰ ਕਹਿਣਾ ਸਿੱਖਾਂ ਦਾ ਅਪਮਾਨ’, ਬਿੱਟੂ ਵਾਲੇ ਮਾਮਲੇ ਨੂੰ ਲੈ ਰਾਹੁਲ ਗਾਂਧੀ ‘ਤੇ ਭੜਕੇ PM ਮੋਦੀ
ਨਵੀਂ ਦਿੱਲੀ, 6 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ। ਭਾਸ਼ਣ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਹੋਈ ਘਟਨਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਗਾਂਧੀ ਦੇ “ਗੱਦਾਰ” ਵਾਲੇ ਬਿਆਨ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਸ਼ਾਤਿਰ ਦਿਮਾਗ ਯੁਵਰਾਜ ਦੱਸ ਦਿੱਤਾ।
‘ਸਿੱਖ ਹੋਣ ਕਾਰਨ ਕਿਹਾ ਗੱਦਾਰ’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਕੱਲ੍ਹ ਜੋ ਘਟਨਾ ਵਾਪਰੀ, ਇਸੇ ਸਦਨ ਦੇ ਸੰਸਦ ਮੈਂਬਰ ਕਾਂਗਰਸ ਦੇ ਸ਼ਾਤਿਰ ਦਿਮਾਗ ਯੁਵਰਾਜ ਨੇ ਉਨ੍ਹਾਂ ਨੂੰ ਗੱਦਾਰ ਕਿਹਾ। ਉਨ੍ਹਾਂ ਦਾ ਹੰਕਾਰ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਬਹੁਤ ਸਾਰੇ ਲੋਕ ਕਾਂਗਰਸ ਛੱਡ ਚੁੱਕੇ ਹਨ। ਬਹੁਤ ਸਾਰੇ ਦੂਜੇ ਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਉਨ੍ਹਾਂ ਨੇ ਕਿਸੇ ਹੋਰ ਨੂੰ ਤਾਂ ਕਦੇ ਗੱਦਾਰ ਨਹੀਂ ਕਿਹਾ ਹੈ। ਪਰ ਕੱਲ੍ਹ ਉਨ੍ਹਾਂ ਨੇ ਸੰਸਦ ਮੈਂਬਰ ਨੂੰ ਗੱਦਾਰ ਕਿਹਾ ਕਿਉਂਕਿ ਉਹ ਇੱਕ ਸਿੱਖ ਸੀ। ਉਨ੍ਹਾਂ ਦੇ ਅੰਦਰ ਸਿੱਖਾਂ ਲਈ ਜੋ ਨਫ਼ਰਤ ਭਰੀ ਹੋਈ ਹੈ, ਇਹ ਉਸ ਦੀ ਹੀ ਉਦਾਹਰਣ ਹੈ। ਉਹ ਇੱਕ ਅਜਿਹੇ ਪਰਿਵਾਰ ਦੇ ਮੈਂਬਰ ਹਨ ਜਿਸ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਅਤੇ ਸਿਰਫ ਇਸ ਲਈ ਕਿਉਂਕਿ ਉਨ੍ਹਾਂ ਨੇ ਪਾਰਟੀ ਬਦਲੀ ਤਾਂ ਉਹ ਗੱਦਾਰ ਬਣ ਗਏ। ਉਨ੍ਹਾਂ ਨੂੰ ਗੱਦਾਰ ਕਹਿਣਾ ਮੰਦਭਾਗਾ ਹੈ ਕਿਉਂਕਿ ਉਹ ਇੱਕ ਸਿੱਖ ਹੈ।”
ਬੀਤੇ ਦਿਨ ਹੋਈ ਸੀ ਤਕਰਾਰ
ਦੱਸ ਦਈਏ ਕਿ ਬੀਤੇ ਦਿਨ ਰਾਹੁਲ ਗਾਂਧੀ ਸੰਸਦ ਭਵਨ ਦੀਆਂ ਪੌੜੀਆਂ ‘ਤੇ ਖੜ੍ਹੇ ਹੋ ਕੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਉੱਥੋਂ ਲੰਘ ਰਹੇ ਸਨ। ਬਿੱਟੂ ਨੂੰ ਦੇਖ ਕੇ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ “ਗੱਦਾਰ ਦੋਸਤ” ਕਿਹਾ। ਉਨ੍ਹਾਂ ਨੇ ਕਿਹਾ, “ਮੇਰਾ ਗੱਦਾਰ ਦੋਸਤ। ਚਿੰਤਾ ਨਾ ਕਰੋ, ਤੁਸੀਂ ਵਾਪਸ ਆਓਗੇ।” ਇਸ ਦੌਰਾਨ ਰਾਹੁਲ ਗਾਂਧੀ ਨੇ ਅੱਗੇ ਵੱਧ ਕੇ ਰਵਨੀਤ ਸਿੰਘ ਬਿੱਟੂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਕਾਂਗਰਸੀ ਸੰਸਦ ਮੈਂਬਰਾਂ ਦੇ ਸਾਹਮਣੇ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ “ਦੇਸ਼ ਦਾ ਦੁਸ਼ਮਣ” ਦੱਸਿਆ।
ਕਰ ਸਕਦੇ ਸੀ ਸਰੀਰਕ ਹਮਲਾ
ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਹੋਈ ਜ਼ੁਬਾਨੀ ਬਹਿਸ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ, “ਅੱਜ ਇੱਕ ਗਲੀ ਦਾ ਗੁੰਡਾ ਵੀ ਉਹ ਨਹੀਂ ਕਰੇਗਾ ਜੋ ਰਾਹੁਲ ਗਾਂਧੀ ਨੇ ਕੀਤਾ ਹੈ। ਜਦੋਂ ਮੈਂ ਹੱਥ ਨਹੀਂ ਮਿਲਾਇਆ, ਤਾਂ ਉਹ ਮੇਰੇ ‘ਤੇ ਸਰੀਰਕ ਹਮਲਾ ਕਰਨ ਵਾਲੇ ਸੀ…।”
ਗਾਂਧੀ ਪਰਿਵਾਰ ਨੇ ਪੰਜਾਬ ਨੂੰ ਅੱਗ ਲਗਾ ਦਿੱਤੀ
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ, “ਉਹ ਮਹਿਸੂਸ ਕਰਦੇ ਹਨ ਕਿ ਉਹ ਸਭ ਤੋਂ ਵੱਡੇ ਦੇਸ਼ ਭਗਤ ਹਨ, ਜਿਸ ਲਈ ਉਨ੍ਹਾਂ ਦੇ ਪਿਤਾ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਅੱਗ ਲਗਾ ਦਿੱਤੀ ਸੀ। ਸਾਡੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ‘ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੇ ਹਜ਼ਾਰਾਂ ਸਿੱਖਾਂ, ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਮਾਰ ਦਿੱਤਾ। ਜੇਕਰ ਰਾਜੀਵ ਗਾਂਧੀ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ, ਤਾਂ ਸਾਨੂੰ ਸ਼ਹੀਦ-ਏ-ਆਜ਼ਮ ਸਰਦਾਰ ਬੇਅੰਤ ਸਿੰਘ ਵੀ ਕਹਿਣਾ ਚਾਹੀਦਾ ਹੈ। ਮੈਂ ਵੀ ਉਸ ਪਰਿਵਾਰ ਤੋਂ ਹਾਂ, ਇਹ ਮੇਰਾ ਦਰਦ ਹੈ। ਇੱਕ ਸ਼ਹੀਦ ਦਾ ਪੋਤਾ ਠੀਕ ਸੀ ਕਿਉਂਕਿ ਮੈਂ ਉਸ ਦੇ ਨਾਲ ਸੀ। ਉਹ ਆਪਣੇ ਆਪ ਨੂੰ ਕੀ ਸਮਝਦੇ ਹਨ? ਉਹ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਕ ਸਮਝਦੇ ਹਨ। ਮੈਂ ਗਾਂਧੀ ਪਰਿਵਾਰ ਨਾਲ ਸਬੰਧਤ ਨਹੀਂ ਹੋ ਸਕਦਾ, ਪਰ ਮੇਰੇ ਸਿਰ ‘ਤੇ ਪੱਗ ਹੈ। ਇਸ ਲਈ ਜਦੋਂ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ, ਤਾਂ ਮੈਂ ਕਿਹਾ ‘ਤੁਸੀਂ ਲੋਕ ਤਾਂ ਦੇਸ਼ ਦੇ ਗੱਦਾਰ ਹੋ, ਦੇਸ਼ ਦੇ ਦੁਸ਼ਮਣ ਹੋ’ ਜੋ ਹਰ ਰੋਜ਼ ਫੌਜ ਅਤੇ ਦੇਸ਼ ਵਿਰੁੱਧ ਬੋਲਦੇ ਹਨ। ਗਾਂਧੀ ਪਰਿਵਾਰ ਸਿੱਖਾਂ ਦਾ ਕਤਲ ਕਰਨ ਵਾਲਾ ਹੈ, ਮੈਂ ਉਸ ਪਰਿਵਾਰ ਦੇ ਪੁੱਤਰ ਨਾਲ ਹੱਥ ਨਹੀਂ ਮਿਲਾਵਾਂਗਾ।”
ਸਿੱਖ ਭਾਈਚਾਰੇ ਦਾ ਵਾਰ-ਵਾਰ ਨਿਰਾਦਰ
ਉਥੇ ਹੀ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਐਕਸ ‘ਤੇ ਸਾਂਝੀ ਕਰਦਿਆਂ ਰਵਨੀਤ ਬਿੱਟੂ ਨੇ ਲਿਖਿਆ ਕਿ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਂਗਰਸ ਦੀ ਮਾਨਸਿਕਤਾ ਨੂੰ ਨਕਾਰਦੇ ਹਨ ਜੋ ਸਿੱਖ ਭਾਈਚਾਰੇ ਦਾ ਵਾਰ-ਵਾਰ ਨਿਰਾਦਰ ਕਰਦੀ ਹੈ – ਇੱਕ ਸਿੱਖ ਮੰਤਰੀ ਦਾ ਅਪਮਾਨ ਕਰਨਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ ਹੈ, ਸਗੋਂ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਮਾਣ-ਸਨਮਾਨ ਦਾ ਵੀ ਅਪਮਾਨ ਹੈ। ਅਜਿਹੀ ਰਾਜਨੀਤੀ ਦਾ ਪਰਦਾਫਾਸ਼ ਹੋ ਗਿਆ ਹੈ। ਕਾਂਗਰਸ ਪਾਰਟੀ ਕਦੇ ਵੀ ਆਪਣੇ ਵਰਕਰਾਂ ਨਾਲ ਮਜ਼ਬੂਤੀ ਨਾਲ ਨਹੀਂ ਖੜ੍ਹੀ ਰਹੀ, ਜਦੋਂ ਕਿ ਭਾਜਪਾ ਹਰ ਵਰਕਰ ਦੇ ਨਾਲ ਕੰਧ ਵਾਂਗ ਖੜ੍ਹੀ ਹੈ – ਇਹ ਦੋਵਾਂ ਪਾਰਟੀਆਂ ਵਿੱਚ ਬੁਨਿਆਦੀ ਅੰਤਰ ਹੈ।”
ਰਵਨੀਤ ਬਿੱਟੂ ਦਾ ਸਿਆਸੀ ਸਫ਼ਰ
ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਮੌਜੂਦਾ ਸਮੇਂ ‘ਚ ਕੇਂਦਰੀ ਰਾਜ ਮੰਤਰੀ ਦੇ ਅਹੁਦੇ ‘ਤੇ ਹਨ ਅਤੇ ਰਾਜਸਥਾਨ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਹਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਛੱਡ ਭਾਜਪਾ ਦਾ ਪੱਲਾ ਫੜਿਆ ਸੀ ਤੇ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ‘ਚ ਉਤਾਰਿਆ ਸੀ ਪਰ ਉਹ ਚੋਣ ਹਾਰ ਗਏ ਸੀ। ਇਸ ਤੋਂ ਪਹਿਲਾਂ ਉਹ ਕਾਂਗਰਸ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਉਹ ਪਹਿਲੀ ਵਾਰ 2009 ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ ਬਾਅਦ ਵਿੱਚ 2014 ਅਤੇ 2019 ਵਿੱਚ ਲੁਧਿਆਣਾ ਦੀ ਪ੍ਰਤੀਨਿਧਤਾ ਕੀਤੀ ਸੀ। ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਨੇੜੇ ਮੰਨਿਆ ਜਾਂਦਾ ਸੀ ਅਤੇ 2008 ਵਿੱਚ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
Share this content:



Post Comment