ਸਭਨਾਂ ਨੂੰ ਮਿਲੇ ਸ਼ੁੱਧ ਪਾਣੀ
ਇੰਦੌਰ ਅਤੇ ਗਾਂਧੀਨਗਰ ਵਿਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਸਬੰਧਤ ਰਿਪੋਰਟਾਂ ਨੇ ਹੈਰਾਨ ਕਰ ਦਿੱਤਾ ਹੈ। ਦੇਸ਼ ’ਚ 70 ਤੋਂ 80 ਫ਼ੀਸਦ ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਹੀਂ ਹੈ। ਇਸ ਦਾ ਮੁੱਖ ਕਾਰਨ ਪਾਣੀ ’ਚ ਸੀਵਰੇਜ, ਉਦਯੋਗਾਂ ਤੇ ਕਾਰਖਾਨਿਆਂ ਦੀ ਜ਼ਹਿਰੀਲੀ ਰਹਿੰਦ-ਖੂੰਹਦ ਘੁਲਣਾ ਹੈ। ਇਹ ਗੰਦਾ ਪਾਣੀ ਵਾਤਾਵਰਨ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਕਈ ਵਾਰ ਇਸ ਨਾਲ ਸਬੰਧਤ ਸਰਵੇਖਣ ਵੀ ਸਾਹਮਣੇ ਆਏ ਹਨ ਪਰ ਲੋਕਲ ਬਾਡੀਜ਼ ਸੰਸਥਾਵਾਂ ਅਤੇ ਇਨ੍ਹਾਂ ਦੇ ਅਧਿਕਾਰੀ ਤੇ ਕਰਮਚਾਰੀ ਇਸ ਸਮੱਸਿਆ ਪ੍ਰਤੀ ਗੰਭੀਰ ਹੁੰਦੇ ਨਜ਼ਰ ਨਹੀਂ ਆਉਂਦੇ। ਸਰਕਾਰਾਂ ਵੀ ਉਦੋਂ ਤੱਕ ਨਹੀਂ ਜਾਗਦੀਆਂ ਜਦੋਂ ਤੱਕ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੁੰਦਾ। ਇੰਦੌਰ ਦੇ ਭਾਗੀਰਥਪੁਰਾ ਇਲਾਕੇ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਹੋਈਆਂ 16 ਮੌਤਾਂ ਵੀ ਇਸ ਸਮੱਸਿਆ ਦੀ ਗੰਭੀਰਤਾ ਨੂੰ ਉਜਾਗਰ ਕਰਦੀਆਂ ਹਨ। ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਪਹਿਲਾਂ ਦੋ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਪਰ ਜਦੋਂ ਮੌਤਾਂ ਦੀ ਗਿਣਤੀ ਹੋਰ ਵਧੀ ਤਾਂ ਕੁਝ ਸਿਖਰਲੇ ਅਧਿਕਾਰੀਆਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ। ਹਾਲਾਂਕਿ ਮੁਅੱਤਲ ਕਰ ਦੇਣਾ ਕੋਈ ਮਿਸਾਲੀ ਕਾਰਵਾਈ ਨਹੀਂ ਕਹੀ ਜਾ ਸਕਦੀ।
ਇੱਥੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ। ਉਂਜ ਇੰਦੌਰ ਨੂੰ ਸਭ ਤੋਂ ਸਵੱਛ ਸ਼ਹਿਰ ਦਾ ਦਰਜਾ ਵੀ ਹਾਸਲ ਹੈ ਪਰ ਇਸ ਸਵੱਛਤਾ ਦੇ ਹੇਠਾਂ ਕੀ ਕੁਝ ਰਿੱਝ-ਪੱਕ ਰਿਹਾ ਹੈ, ਉਸ ਦਾ ਅੰਦਾਜ਼ਾ ਇਨ੍ਹਾਂ ਮੌਤਾਂ ਤੋਂ ਲਾਇਆ ਜਾ ਸਕਦਾ ਹੈ। ਸਰਕਾਰੀ ਤੰਤਰ ਮੁੱਢਲੀਆਂ ਸਹੂਲਤਾਂ ਦੇਣ ਲਈ ਗੁਣਵੱਤਾ ਨਾਲ ਕਿਵੇਂ ਸਮਝੌਤਾ ਕਰਦਾ ਹੈ, ਇਸ ’ਤੇ ਵੀ ਹੁਣ ਪਰਦਾ ਨਹੀਂ ਰਹਿ ਗਿਆ ਹੈ। ਇੰਦੌਰ ’ਚ ਜਿੰਨੇ ਵੀ ਲੋਕਾਂ ਦੀ ਮੌਤ ਹੋਈ ਹੈ, ਉਸ ਲਈ ਸਰਕਾਰੀ ਤੰਤਰ ਦੇ ਸਾਰੇ ਪੱਧਰਾਂ ਦੇ ਅਧਿਕਾਰੀ, ਕਰਮਚਾਰੀ ਅਤੇ ਨਿਗਰਾਨ ਅਮਲਾ ਜ਼ਿੰਮੇਵਾਰ ਹਨ ਜਿਨ੍ਹਾਂ ਦੀ ਲਾਪਰਵਾਹੀ ਨਾਲ ਇੰਦੌਰ ਦੇ ਮੱਥੇ ਇਹ ਕਲੰਕ ਲੱਗਿਆ ਹੈ। ਇਸ ਨੂੰ ਬਦਕਿਸਮਤੀ ਕਿਹਾ ਜਾ ਸਕਦਾ ਹੈ ਕਿ ਆਲਮੀ ਪੱਧਰ ਦਾ ਅਰਥਚਾਰਾ ਬਣਨ ਦਾ ਦਾਅਵਾ ਕਰਨ ਵਾਲੇ ਭਾਰਤ ਦੇ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਹਾਲੇ ਵੀ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਰਹੀਆਂ ਹਨ। ਪੰਜਾਬ ’ਚ ਵੀ ਪੀਣ ਵਾਲਾ ਪਾਣੀ ਵੱਡੀ ਚਿੰਤਾ ਦਾ ਵਿਸ਼ਾ ਹੈ। ਜਲੰਧਰ ਦੇ ਪਿੰਡ ਬਾਊਪੁਰ ਮੰਡ ’ਚ ਪਿਛਲੇ ਸਾਲ ਗੰਦੇ ਪਾਣੀ ਕਾਰਨ 13 ਸਾਲ ਦਾ ਬੱਚਾ ਕੈਂਸਰ ਦਾ ਸ਼ਿਕਾਰ ਬਣਿਆ ਸੀ। ਸਾਲ 2023 ਦੀ ਇਕ ਰਿਪੋਰਟ ਮੁਤਾਬਕ ਫਾਜ਼ਿਲਕਾ ਦੇ ਬੁਰਜ ਮੋਹਰ ’ਚ 12 ਸਾਲਾਂ ’ਚ ਕੈਂਸਰ ਕਾਰਨ 30 ਲੋਕਾਂ ਦੀ ਮੌਤ ਹੋਈ।
ਬਠਿੰਡਾ ਦੀ ਇਕ ਰਿਪੋਰਟ ਮੁਤਾਬਕ 26 ਪ੍ਰਤੀਸ਼ਤ ਬੱਚਿਆਂ ’ਚ ਲੈੱਡ ਦੀ ਮਾਤਰਾ ਖ਼ਤਰਨਾਕ ਪੱਧਰ ਤੋਂ ਵੱਧ ਪਾਈ ਗਈ ਹੈ। ਸਾਲ 2018 ’ਚ ਬਿਆਸ ਦਰਿਆ ’ਚ ਪ੍ਰਦੂਸ਼ਣ ਕਾਰਨ ਅਨੇਕ ਮੱਛੀਆਂ ਦੀ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਸੈਂਟਰਲ ਗਰਾਊਂਡ ਵਾਟਰ ਰਿਪੋਰਟ ਵੱਲੋਂ ਸਾਂਝੇ ਕੀਤੇ ਤੱਥਾਂ ’ਚ ਪੰਜਾਬ ’ਚ ਵੱਖ-ਵੱਖ ਥਾਵਾਂ ਤੋਂ ਜ਼ਮੀਨ ਹੇਠਲੇ ਪਾਣੀ ਦੇ ਲਏ ਗਏ ਨਮੂਨਿਆਂ ’ਚੋਂ 62 ਫ਼ੀਸਦੀ ’ਚ ਲੋੜ ਤੋਂ ਵੱਧ ਯੂਰੇਨੀਅਮ ਦੀ ਮਾਤਰਾ ਮਿਲੀ ਹੈ। ਇਸ ਤੋਂ ਇਲਾਵਾ ਆਰਸੈਨਿਕ, ਫਲੋਰਾਈਡ, ਨਾਈਟ੍ਰੇਟ ਜਿਹੇ ਰਸਾਇਣਕ ਪਦਾਰਥਾਂ ਦੀ ਮਾਤਰਾ ਵੀ ਲੋੜ ਤੋਂ ਵੱਧ ਹੈ। ਸੂਬੇ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਲੋਕ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਸੰਤਾਪ ਹੰਢਾ ਰਹੇ ਹਨ। ਹਾਲਾਤ ਇਹ ਬਣ ਰਹੇ ਹਨ ਕਿ ਲੋਕਾਂ ਨੂੰ ਖ਼ਰੀਦ ਕੇ ਪਾਣੀ ਪੀਣਾ ਪੈ ਰਿਹਾ ਹੈ। ਨਵੀਆਂ ਤਕਨੀਕਾਂ ਨਾਲ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਮੁੱਢਲੀਆਂ ਲੋੜਾਂ ਦੀ ਸਭ ਤੋਂ ਅਹਿਮ ਜ਼ਰੂਰਤ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਨਵੀਆਂ ਤੇ ਪੁਰਾਣੀਆਂ ਕਾਲੋਨੀਆਂ ’ਚ ਸੀਵਰੇਜ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦਾ ਸਹੀ ਪ੍ਰਬੰਧ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ।
Share this content:


Post Comment