Loading Now

ਸਪੈਸ਼ਲ ਬੀ.ਐਡ ਤੇ ਟੈੱਟ ਪਾਸ ਆਈ.ਈ.ਏ.ਟੀ. ਅਧਿਆਪਕ ਰੱਖੜੀਆਂ ਵੇਚ ਕੇ ਕਰ ਰਿਹੈ ਗੁਜ਼ਾਰਾ

ਸਪੈਸ਼ਲ ਬੀ.ਐਡ ਤੇ ਟੈੱਟ ਪਾਸ ਆਈ.ਈ.ਏ.ਟੀ. ਅਧਿਆਪਕ ਰੱਖੜੀਆਂ ਵੇਚ ਕੇ ਕਰ ਰਿਹੈ ਗੁਜ਼ਾਰਾ

ਰਾਏਕੋਟ, 29 ਅਗਸਤ – ਪੰਜਾਬ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਆਈਈਏਟੀ ਅਧਿਆਪਕਾਂ ਦੀ ਮਾੜੀ ਆਰਥਿਕ ਹਾਲਤ ਦਾ ਇਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਸਪੈਸ਼ਲ ਬੀਐੱਡ ਅਤੇ ਟੈੱਟ ਪਾਸ ਕਰਨ ਦੇ ਨਾਲ-ਨਾਲ ਕਰੀਬ 15 ਸਾਲਾਂ ਤੋਂ ਸਿੱਖਿਆ ਵਿਭਾਗ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਦੀਆਂ ਸੇਵਾਵਾਂ ਨਿਭਾਅ ਰਹੇ ਆਈਈਏਟੀ ਅਧਿਆਪਕ ਨਾਮਪ੍ਰੀਤ ਸਿੰਘ ਨੂੰ ਅੱਜ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰੱਖੜੀਆਂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਾਮਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਅਪਣੀ ਜ਼ਿੰਦਗੀ ਦਾ ਲੰਮਾ ਸਮਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਲਈ ਸਮਰਪਿਤ ਕੀਤਾ ਹੈ।

ਇਸ ਕੰਮ ਲਈ ਵਿਸ਼ੇਸ਼ ਸਿੱਖਿਆ ਵਿੱਚ ਯੋਗਤਾ ਹਾਸਲ ਕਰਨ ਦੇ ਨਾਲ-ਨਾਲ ਟੈੱਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਾ ਤਾਂ ਪੱਕਾ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੀ ਆਮਦਨ ਮਿਲ ਰਹੀ ਹੈ, ਜਿਸ ਨਾਲ ਅੱਜ ਦੇ ਮਹਿੰਗਾਈ ਭਰੇ ਦੌਰ ਵਿੱਚ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਨੂੰ ਲਗਭਗ 15 ਹਜ਼ਾਰ ਰੁਪਏ ਮਹੀਨਾ ਆਮਦਨ ਮਿਲਦੀ ਹੈ, ਜਦਕਿ ਘਰ ਦਾ ਕਿਰਾਇਆ, ਬੱਚਿਆਂ ਦੀ ਪੜ੍ਹਾਈ, ਰਾਸ਼ਨ, ਬਿਜਲੀ-ਪਾਣੀ ਦੇ ਬਿੱਲ, ਆਵਾਜਾਈ ਅਤੇ ਹੋਰ ਰੋਜ਼ਮਰ੍ਹਾ ਦੇ ਖ਼ਰਚੇ ਲਗਾਤਾਰ ਵਧ ਰਹੇ ਹਨ। ਇਸੇ ਮਜਬੂਰੀ ਕਾਰਨ ਉਨ੍ਹਾਂ ਨੂੰ ਅਧਿਆਪਨ ਦੇ ਕੰਮ ਦੇ ਨਾਲ-ਨਾਲ ਵਾਧੂ ਆਮਦਨ ਲਈ ਰੱਖੜੀਆਂ ਵੇਚਣ ਦਾ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਈਈਏਟੀ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ ਤਨਖ਼ਾਹ ਵਿੱਚ ਢੁਕਵਾਂ ਵਾਧਾ ਕੀਤਾ ਜਾਵੇ, ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਇੱਜ਼ਤ ਅਤੇ ਸਨਮਾਨ ਨਾਲ ਕਰ ਸਕਣ।

Share this content:

Post Comment