ਵੱਧਦੀ ਮਹਿੰਗਾਈ ਕਾਰਨ ਡਾਵਾਂਡੋਲ ਹੋਇਆ ਮੱਧ ਵਰਗ
ਨਵੀਂ ਦਿੱਲੀ, 13 ਅਗਸਤ – ਰਸੋਈ ਤੋਂ ਲੈ ਕੇ ਰੋਜ਼ਾਨਾ ਦੀਆਂ ਜ਼ਰੂਰਤਾਂ ਤਕ ਮਹਿੰਗਾਈ ਦਾ ਦਬਾਅ ਇਕ ਵਾਰ ਫਿਰ ਵਧਦਾ ਦਿਖਾਈ ਦੇ ਰਿਹਾ ਹੈ। ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਜੁਲਾਈ ਵਿਚ ਦੇਸ਼ ਦੀ ਖੁਦਰਾ ਮਹਿੰਗਾਈ ਦਰ ਵਧ ਕੇ 4.45 ਫ਼ੀਸਦੀ ਹੋ ਗਈ, ਜਦਕਿ ਜੂਨ ਵਿਚ ਇਹ 4.38 ਫ਼ੀਸਦੀ ਸੀ। ਹਾਲਾਂਕਿ ਇਹ ਦਰ ਮਾਹਰਾਂ ਦੇ 4.50 ਫ਼ੀਸਦੀ ਦੇ ਅਨੁਮਾਨ ਤੋਂ ਕੁਝ ਘੱਟ ਹੈ, ਪਰ ਇਹ ਭਾਰਤੀ ਰਿਜ਼ਰਵ ਬੈਂਕ ਦੇ 4 ਫ਼ੀਸਦੀ ਟੀਚੇ ਤੋਂ ਉਪਰ ਬਣੀ ਹੋਈ ਹੈ। ਮਹਿੰਗਾਈ ਵਧਣ ਦਾ ਸਭ ਤੋਂ ਵੱਡਾ ਕਾਰਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੈ।
ਖੁਰਾਕੀ ਮਹਿੰਗਾਈ ਜੂਨ ਦੇ 5.32 ਫ਼ੀਸਦੀ ਤੋਂ ਵਧ ਕੇ ਜੁਲਾਈ ਵਿਚ 5.52 ਫ਼ੀਸਦੀ ਹੋ ਗਈ। ਪਿੰਡਾਂ ਵਿਚ ਇਸ ਦਾ ਅਸਰ ਸ਼ਹਿਰਾਂ ਨਾਲੋਂ ਵੱਧ ਰਿਹਾ, ਜਿੱਥੇ ਖੁਰਾਕੀ ਮਹਿੰਗਾਈ ਦਰ 5.79 ਫ਼ੀਸਦੀ ਦਰਜ ਕੀਤੀ ਗਈ, ਜਦਕਿ ਸ਼ਹਿਰੀ ਖੇਤਰਾਂ ਵਿਚ ਇਹ 5.05 ਫੀਸਦੀ ਰਹੀ। ਸਬਜ਼ੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ ਨੇ ਖਾਸ ਤੌਰ ’ਤੇ ਲੋਕਾਂ ਦਾ ਬਜਟ ਵਿਗਾੜਿਆ ਹੈ। ਪਿਆਜ਼ ਦੀ ਮਹਿੰਗਾਈ 4.73 ਫ਼ੀਸਦੀ ਤੋਂ ਵਧ ਕੇ 22.54 ਫ਼ੀਸਦੀ ਹੋ ਗਈ। ਲਸਣ ਦੀਆਂ ਕੀਮਤਾਂ ਵਿਚ ਮਹਿੰਗਾਈ 35.36 ਫ਼ੀਸਦੀ ਅਤੇ ਅਦਰਕ ਵਿਚ 83.62 ਫ਼ੀਸਦੀ ਤਕ ਪਹੁੰਚ ਗਈ। ਹਾਲਾਂਕਿ ਆਲੂ 16.56 ਫ਼ੀਸਦੀ ਸਸਤੇ ਹੋਏ ਹਨ। ਭਿੰਡੀ, ਮਟਰ ਅਤੇ ਟਮਾਟਰ ਦੀਆਂ ਕੀਮਤਾਂ ਵਿਚ ਵੀ ਕੁਝ ਕਮੀ ਦਰਜ ਕੀਤੀ ਗਈ। ਮਹਿੰਗਾਈ ਦਾ ਅਸਰ ਸਿਰਫ਼ ਰਸੋਈ ਤਕ ਸੀਮਤ ਨਹੀਂ ਰਿਹਾ। ਆਵਾਜਾਈ, ਹੋਟਲ ਅਤੇ ਰੈਸਟੋਰੈਂਟ, ਨਿੱਜੀ ਦੇਖਭਾਲ, ਸਿੱਖਿਆ ਅਤੇ ਹੋਰ ਸੇਵਾਵਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਰੈਸਟੋਰੈਂਟ ਅਤੇ ਰਿਹਾਇਸ਼ੀ ਸੇਵਾਵਾਂ ਦੀ ਮਹਿੰਗਾਈ 7.72 ਫ਼ੀਸਦੀ ਰਹੀ। ਕੱਪੜੇ ਤੇ ਜੁੱਤੀਆਂ 3.38 ਫ਼ੀਸਦੀ, ਸਿੱਖਿਆ 3.64 ਫ਼ੀਸਦੀ ਅਤੇ ਸਿਹਤ ਸੇਵਾਵਾਂ 1.34 ਫ਼ੀਸਦੀ ਮਹਿੰਗੀਆਂ ਹੋਈਆਂ।
Share this content:



Post Comment