ਵੈਟਨਰੀ ਯੂਨੀਵਰਸਿਟੀ ਨੇ ਇਸ ਵਰ੍ਹੇ ਦੀ ਹਰਿਆਵਲ ਮੁਹਿੰਮ ਦੀ ਕੀਤੀ ਸ਼ੁਰੂਆਤ
ਲੁਧਿਆਣਾ, 23 ਜੁਲਾਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਤਹਿਤ ਪੌਦੇ ਲਗਾ ਕੇ ਸਾਫ, ਸਿਹਤਮੰਦ ਅਤੇ ਹਰਿਆ ਭਰਿਆ ਵਾਤਾਵਰਣ ਸਿਰਜਣ ਦੀ ਪ੍ਰਤਿਬੱਧਤਾ ਉਜਾਗਰ ਕੀਤੀ ਗਈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਮੁਹਿੰਮ ਦਾ ਰਸਮੀ ਉਦਘਾਟਨ ਅਧਿਕਾਰੀਆਂ, ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਕੀਤਾ। ਇਸ ਸਮਾਗਮ ਵਿੱਚ ਸ਼੍ਰੀ ਕਮਲਪ੍ਰੀਤ ਸਿੰਘ, ਵਣ ਰੇਂਜ ਅਧਿਕਾਰੀ ਵੀ ਸ਼ਾਮਿਲ ਹੋਏ। ਇਸ ਮੁਹਿੰਮ ਦੇ ਪਹਿਲੇ ਪੜਾਅ ਵਜੋਂ ਜ਼ਿਲ੍ਹਾ ਵਣ ਦਫ਼ਤਰ, ਲੁਧਿਆਣਾ ਤੋਂ ਪ੍ਰਾਪਤ ਕੀਤੇ 500 ਰੁੱਖ ਲਗਾਏ ਜਾਣਗੇ। ਇਹ ਰੁੱਖ ਯੂਨੀਵਰਸਿਟੀ ਦੀਆਂ ਸੜਕਾਂ, ਪਾਰਕਿੰਗ ਖੇਤਰ ਅਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਹਰਿਆਵਲ ਵਧਾਉਣ ਅਤੇ ਸੰਘਣੀ ਛਾਂ ਵਿਕਸਤ ਕਰਨ ਦੇ ਮੰਤਵ ਅਧੀਨ ਲਗਾਏ ਜਾਣਗੇ।

ਡਾ. ਗਿੱਲ ਨੇ ਰੁੱਖਾਂ ਦੀ ਮੂਲ ਜੈਵਿਕ ਵਿਭਿੰਨਤਾ ਨੂੰ ਸੰਭਾਲਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਨੂੰ ਦੇਸੀ ਪ੍ਰਜਾਤੀਆਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਹਰੇਕ ਮੈਂਬਰ ਵੱਲੋਂ ਪੌਦੇ ਲਗਾ ਕੇ ਉਸ ਨੂੰ ਸੰਭਾਲਣ ਅਤੇ ਵਿਕਸਤ ਕਰਨ ਵਿੱਚ ਯੋਗਦਾਨ ਪਾਉਣ ਲਈ ਕਿਹਾ। ਸ਼੍ਰੀ ਕਮਲਪ੍ਰੀਤ ਸਿੰਘ ਨੇ ਵਾਤਾਵਰਣ ਸੰਭਾਲ ਪ੍ਰਤੀ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਇਸ ਗੱਲ ਦੀ ਪ੍ਰਸੰਸਾ ਕੀਤੀ ਕਿ ਯੂਨੀਵਰਸਿਟੀ ਵੱਲੋਂ ਮੂਲ ਪ੍ਰਜਾਤੀਆਂ ਦੇ ਪੌਦਿਆਂ ਨੂੰ ਤਰਜੀਹ ਦੇਣਾ ਇਕ ਭਵਿੱਖਮੁਖੀ ਉਪਰਾਲਾ ਹੈ। ਡਾ. ਸਰਵਪ੍ਰੀਤ ਸਿੰਘ ਘੁੰਮਣ, ਮਿਲਖ਼ ਅਧਿਕਾਰੀ ਨੇ ਪੌਦੇ ਲਗਾਉਣ ਦੀ ਮੁਹਿੰਮ ਲਈ ਲੈਂਡਸਕੇਪਿੰਗ ਇਕਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਮੌਨਸੂਨ ਦੇ ਮੌਸਮ ਦੌਰਾਨ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਰੀ ਰਹੇਗੀ। ਇਸ ਮੌਕੇ ਸਾਰਿਆਂ ਨੇ ਵਾਤਾਵਰਣ ਸੁਰੱਖਿਆ ਦਾ ਪ੍ਰਣ ਲਿਆ ਅਤੇ ਪ੍ਰੇਰਣਾਮਈ ਸੰਦੇਸ਼ ‘ਅੱਜ ਦਾ ਰੁੱਖ, ਕੱਲ੍ਹ ਦਾ ਸੁੱਖ’ ’ਤੇ ਪਹਿਰਾ ਦੇਣ ਦਾ ਵਚਨ ਦ੍ਰਿੜਾਇਆ।
Share this content:



Post Comment