Loading Now

ਵਿਸ਼ੇਸ਼ ਗਹਿਰੀ ਸੁਧਾਈ-2026 ਦੀ ਪ੍ਰਕਿਰਿਆ ਮੁਕੰਮਲ, ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ

ਵਿਸ਼ੇਸ਼ ਗਹਿਰੀ ਸੁਧਾਈ-2026 ਦੀ ਪ੍ਰਕਿਰਿਆ ਮੁਕੰਮਲ, ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ

WhatsApp-Image-2026-10-12-at-14.22.43 ਵਿਸ਼ੇਸ਼ ਗਹਿਰੀ ਸੁਧਾਈ-2026 ਦੀ ਪ੍ਰਕਿਰਿਆ ਮੁਕੰਮਲ, ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਰਾਜੀਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਐਸ.ਆਈ.ਆਰ. ਪ੍ਰਕਿਰਿਆ ਪੂਰੀ ਹੋਣ ਉਪਰੰਤ ਅੰਤਿਮ ਪ੍ਰਕਾਸ਼ਿਤ ਫੋਟੋ ਵੋਟਰ ਸੂਚੀ ਦੇ ਸੈਠੱਟ ਅਤੇ ਸੀ.ਡੀ. ਸੌਂਪਦੇ ਹੋਏ।

*ਜ਼ਿਲ੍ਹੇ ਵਿੱਚ ਕੁੱਲ 7,29,413 ਵੋਟਰ ਦਰਜ, ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੋਈ 834

*ਡੀ.ਸੀ. ਸਾਗਰ ਸੇਤੀਆ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਵੋਟਰ ਸੂਚੀ ਸੌਂਪੀ

ਮੋਗਾ, 12 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਦੀ ਪ੍ਰਕਿਰਿਆ ਜ਼ਿਲ੍ਹਾ ਮੋਗਾ ਵਿੱਚ ਪੂਰੀ ਪਾਰਦਰਸ਼ਤਾ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰ ਲਈ ਗਈ ਹੈ। ਇਸ ਪ੍ਰਕਿਰਿਆ ਵਿੱਚ ਜ਼ਿਲ੍ਹਾ ਮੋਗਾ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਹਰੇਕ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਵੋਟਰ ਸੂਚੀਆਂ ਦੀ ਸ਼ੁੱਧਤਾ ਯਕੀਨੀ ਬਣਾਉਣਾ ਸੀ। ਯੋਗਤਾ ਮਿਤੀ 1 ਅਕਤੂਬਰ, 2026 ਦੇ ਆਧਾਰ ’ਤੇ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੂੰ ਅੰਤਿਮ ਪ੍ਰਕਾਸ਼ਿਤ ਫੋਟੋ ਵੋਟਰ ਸੂਚੀ ਦੀਆਂ ਹਾਰਡ ਕਾਪੀਆਂ ਅਤੇ ਬਿਨਾਂ ਫੋਟੋ ਵਾਲੀ ਸਾਫਟ ਕਾਪੀ ਦੀਆਂ ਸੀ.ਡੀਜ਼ ਦੇ ਸੈੱਟ ਸੌਂਪੇ ਗਏ।

ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਅਤੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਗਿਣਤੀ ਨੂੰ ਤਰਕਸੰਗਤ ਬਣਾਉਣ ਲਈ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਮੁੜ-ਵਿਵਸਥਾ ਕੀਤੀ ਗਈ ਹੈ। ਹਰੇਕ ਪੋਲਿੰਗ ਸਟੇਸ਼ਨ ਲਈ ਵੱਧ ਤੋਂ ਵੱਧ 1,200 ਵੋਟਰਾਂ ਦੀ ਹੱਦ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਦੀ ਗਿਣਤੀ 804 ਤੋਂ ਵਧਾ ਕੇ 834 ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਤੋਂ ਬਾਅਦ ਜ਼ਿਲ੍ਹੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 7,29,413 ਹੋ ਗਈ ਹੈ। ਇਨ੍ਹਾਂ ਵਿੱਚ 3,83,697 ਪੁਰਸ਼, 3,45,694 ਇਸਤਰੀਆਂ ਅਤੇ 22 ਹੋਰ ਸ਼੍ਰੇਣੀ ਦੇ ਵੋਟਰ ਸ਼ਾਮਲ ਹਨ।

ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਅੰਤਿਮ ਵੋਟਰ ਸੂਚੀ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਯੋਗ ਨਾਗਰਿਕ ਅਜੇ ਤੱਕ ਵੋਟਰ ਵਜੋਂ ਦਰਜ ਹੋਣ ਤੋਂ ਰਹਿ ਗਿਆ ਹੈ, ਤਾਂ ਉਹ ਫਾਰਮ ਨੰਬਰ 6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ।

Share this content:

Post Comment