ਵਿਦੇਸ਼ਾਂ ਵਿਚ ਸੱਤ ਗੁਣਾ ਵਧੇ ਭਾਰਤੀਆਂ ‘ਤੇ ਹਮਲੇ
14 ਅਗਸਤ – ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵਲੋਂ ਰਾਜ ਸਭਾ ਵਿਚ ਪੇਸ਼ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ਾਂ ਵਿਚ ਭਾਰਤੀਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਿਚ ਕਰੀਬ ਸੱਤ ਗੁਣਾ ਵਾਧਾ ਹੋਇਆ ਹੈ। ਸਾਲ 2021 ਵਿਚ ਜਿਥੇ ਭਾਰਤੀਆਂ ਤੇ ਹਮਲਿਆਂ ਦੇ ਸਿਰਫ਼ 15 ਮਾਮਲੇ ਦਰਜ ਹੋਏ ਸਨ, ਉਥੇ 2025 ਵਿਚ ਇਹ ਗਿਣਤੀ ਵੱਧ ਕੇ 104 ਹੋ ਗਈ।
ਵਿਦੇਸ਼ ਮੰਤਰਾਲੇ ਵਲੋਂ ਦਿਤੇ ਗਏ ਅੰਕੜਿਆਂ ਅਨੁਸਾਰ 2021 ਤੋਂ 2025 ਤੱਕ ਕੁੱਲ 36 ਦੇਸ਼ਾਂ ਅਤੇ ਖੇਤਰਾਂ ਵਿਚ ਭਾਰਤੀਆਂ ‘ਤੇ ਹਮਲਿਆਂ ਦੇ 302 ਮਾਮਲੇ ਸਾਹਮਣੇ ਆਏ। ਅੰਕੜਿਆਂ ਵਿਚ ਹਰ ਸਾਲ ਲਗਾਤਾਰ ਵਾਧਾ ਦਰਜ ਕੀਤਾ ਗਿਆ। 2021 ਵਿਚ 15 ਮਾਮਲਿਆਂ ਤੋਂ ਬਾਅਦ 2022 ਵਿਚ ਇਹ ਗਿਣਤੀ 31 ਹੋ ਗਈ। 2023 ਵਿਚ ਮਾਮਲੇ ਦੁੱਗਣੇ ਤੋਂ ਵੀ ਵੱਧ ਕੇ 67 ਤਕ ਪਹੁੰਚ ਗਏ। 2024 ਵਿਚ 85 ਅਤੇ 2025 ਵਿਚ 104 ਮਾਮਲੇ ਦਰਜ ਕੀਤੇ ਗਏ। ਪੰਜ ਸਾਲਾਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਅਮਰੀਕਾ 33 ਮਾਮਲਿਆਂ ਨਾਲ ਸੱਭ ਤੋਂ ਉਪਰ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਵਿਚ 32, ਬਰਤਾਨੀਆ ਵਿਚ 31 ਅਤੇ ਕੈਨੇਡਾ ਵਿਚ 30 ਮਾਮਲੇ ਸਾਹਮਣੇ ਆਏ। ਰੂਸ ਵਿਚ 23, ਆਇਰਲੈਂਡ ਵਿਚ 24 ਅਤੇ ਜਰਮਨੀ ਵਿਚ 19 ਮਾਮਲੇ ਦਰਜ ਕੀਤੇ ਗਏ।
ਅਮਰੀਕਾ ਵਿਚ ਹਮਲਿਆਂ ਦੇ ਮਾਮਲਿਆਂ ਵਿਚ ਸਾਲ-ਦਰ-ਸਾਲ ਕਾਫ਼ੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। 2021 ਵਿਚ ਮਾਮਲੇ ਤੋਂ ਬਾਅਦ 2022 ਵਿਚ ਇਹ ਗਿਣਤੀ ਛੇ ਹੋ ਗਈ। 2023 ਵਿਚ ਮੁੜ ਮਾਮਲਾ ਦਰਜ ਹੋਇਆ, ਪਰ 2024 ਵਿਚ ਇਹ ਗਿਣਤੀ ਤੇਜ਼ੀ ਨਾਲ ਵਧ ਕੇ 11 ਅਤੇ 2025 ਵਿਚ 14 ਹੋ ਗਈ। ਯੂ.ਏ.ਈ. ਵਿਚ 2021 ਵਿਚ ਤਿੰਨ ਮਾਮਲਿਆਂ ਤੋਂ ਬਾਅਦ 2022 ਵਿਚ ਚਾਰ, 2023 ਵਿਚ ਸੱਤ, 2024 ਵਿਚ ਛੇ ਅਤੇ 2025 ਵਿਚ ਇਹ ਗਿਣਤੀ ਵੱਧ ਕੇ 12 ਹੋ ਗਈ। ਕੈਨੇਡਾ ਵਿਚ 2021 ਵਿਚ ਤਿੰਨ ਮਾਮਲਿਆਂ ਤੋਂ ਬਾਅਦ 2022 ਅਤੇ 2023 ਵਿਚ ਛੇ-ਛੇ, 2024 ਵਿਚ ਸੱਤ ਅਤੇ 2025 ਵਿਚ ਅੱਠ ਮਾਮਲੇ ਸਾਹਮਣੇ ਆਏ। ਬ੍ਰਿਟੇਨ ਵਿਚ 2021 ਵਿਚ ਇਕ, 2022 ਵਿਚ ਚਾਰ, 2023 ਵਿਚ 11 ਅਤੇ 2024 ਵਿਚ 10 ਮਾਮਲੇ ਸਾਹਮਣੇ ਆਏ। 2025 ਵਿਚ ਇਹ ਗਿਣਤੀ ਘਟ ਕੇ ਪੰਜ ਰਹੀ।
ਆਇਰਲੈਂਡ ਵਿਚ 2021 ਅਤੇ 2022 ਵਿਚ ਇਕ ਮਾਮਲੇ ਤੋਂ ਬਾਅਦ 2023 ਵਿਚ ਪੰਜ, 2024 ਵਿਚ ਸੱਤ ਤੇ 2025 ਵਿਚ 10 ਮਾਮਲੇ ਦਰਜ ਕੀਤੇ ਗਏ। ਜਰਮਨੀ ਵਿਚ 2024 ਦੌਰਾਨ 12 ਮਾਮਲੇ ਸਾਹਮਣੇ ਆਏ, ਜੋ ਪੰਜ ਸਾਲਾਂ ਵਿਚ ਕਿਸੇ ਇਕ ਸਾਲ ਦੌਰਾਨ ਸਭ ਤੋਂ ਵੱਧ ਸਨ। ਹਾਲਾਂਕਿ 2025 ਵਿਚ ਇਹ ਗਿਣਤੀ ਘਟ ਕੇ ਚਾਰ ਰਹਿ ਗਈ। ਰੂਸ 7 ਵਿਚ 2023 ਦੌਰਾਨ 12 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 2024 ਵਿਚ ਦੋ ਅਤੇ 2025 ਵਿਚ ਅੱਠ ਮਾਮਲੇ ਸਾਹਮਣੇ ਆਏ। ਅਫਰੀਕੀ ਦੇਸ਼ ਮਾਲੀ ਦਾ ਮਾਮਲਾ ਵੀ ਖਾਸ ਤੌਰ ‘ਤੇ ਸਾਹਮਣੇ ਆਇਆ ਹੈ। 2021 ਤੋਂ 2024 ਤੱਕ ਉਥੇ ਭਾਰਤੀਆਂ ‘ਤੇ ਹਮਲੇ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਸੀ ਪਰ 2025 ਵਿਚ ਅਚਾਨਕ 11 ਮਾਮਲੇ ਸਾਹਮਣੇ ਆਏ। ਇਸ ਨਾਲ ਪਤਾ ਲੱਗਦਾ ਹੈ ਕਿ ਭਾਰਤੀ ਨਾਗਰਿਕਾਂ ਨਾਲ ਜੁੜੀਆਂ ਸੁਰੱਖਿਆ ਚੁਣੌਤੀਆਂ ਸਿਰਫ਼ ਪੱਛਮੀ ਦੇਸ਼ਾਂ ਤਕ ਸੀਮਤ ਨਹੀਂ ਹਨ, ਸਗੋਂ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
Share this content:



Post Comment