Loading Now

ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਨੇ ਡੀ ਐਮ ਕਾਲਜ ਸੰਸਥਾਵਾਂ ਦੀ ਤਰਸਯੋਗ ਹਾਲਤ ਤੇ ਜਤਾਈ ਚਿੰਤਾ।

ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਨੇ ਡੀ ਐਮ ਕਾਲਜ ਸੰਸਥਾਵਾਂ ਦੀ ਤਰਸਯੋਗ ਹਾਲਤ ਤੇ ਜਤਾਈ ਚਿੰਤਾ।

*ਸੰਸਥਾਵਾਂ ਨੂੰ ਬਚਾਉਣ ਲਈ ਐਕਸ਼ਨ ਕਮੇਟੀ ਬਨਾਉਣ ਤੇ ਸੰਘਰਸ਼ ਵਿੱਚ ਸਾਥ ਦੇਣ ਦਾ ਲਿਆ ਅਹਿਦ
ਮੋਗਾ, 15 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਡੀ ਐਮ ਸੰਸਥਾਵਾਂ ਨੂੰ ਬਚਾਉਣ ਦੇ ਮੁੱਦੇ ਤੇ ਅੱਜ ਮੋਗਾ ਜਿਲ੍ਹੇ ਨਾਲ ਸਬੰਧਤ ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਲੋਕਾਂ ਦੀ ਇੱਕ ਭਰਵੀਂ ਇਕੱਤਰਤਾ ਟਾਊਨ ਹਾਲ ਮੋਗਾ ਵਿਖੇ ਹੋਈ, ਜਿਸ ਵਿੱਚ ਕਨੇਡਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਜੀਤ ਸਿੰਘ ਉਰਫ ਪੀਟਰ ਸੰਧੂ ਅਤੇ ਰੇਡੀਓ/ਟੀਵੀ ਆਪਣਾ ਵਿੰਨੀਪਿੱਗ ਕੈਨੇਡਾ ਦੇ ਮਾਲਕ/ਸੰਚਾਲਕ ਮਨਧੀਰ ਕੌਰ ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੀਫ ਐਡਵਾਈਜਰ ਡਾ ਕੁਲਦੀਪ ਸਿੰਘ ਗਿੱਲ ਅਤੇ ਅਜੈ ਗੋਰਾ ਸੂਦ ਨੇ ਧੜੇਬੰਦੀ ਕਾਰਨ ਇਨ੍ਹਾਂ ਸੰਸਥਾਵਾਂ ਦੀ ਬਣੀ ਤਰਸਯੋਗ ਹਾਲਤ ਅਤੇ ਅਦਾਲਤੀ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ।

ਇਸ ਤੇ ਬੋਲਦਿਆਂ ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਕੇ ਐਲ ਗਰਗ, ਗੁਰਮੇਲ ਸਿੰਘ ਬੌਡੇ, ਅਜੀਤਪਾਲ ਜਟਾਣਾ, ਕਰਨਲ ਬਾਬੂ ਸਿੰਘ, ਸਮਾਜ ਸੇਵੀ ਜਸਵਿੰਦਰ ਸਿੰਘ ਅਤੇ ਭਾਵਨਾ ਬਾਂਸਲ, ਕਨੇਡੀਅਨ ਵਿਧਾਇਕ ਪੀਟਰ ਸੰਧੂ ਅਤੇ ਮਨਧੀਰ ਕੌਰ ਨੇ ਸਿਵਲ ਸੁਸਾਇਟੀ ਮੋਗਾ ਵੱਲੋਂ ਰੱਖੇ ਤੱਥਾਂ ਨਾਲ ਸਹਿਮਤ ਹੁੰਦਿਆਂ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਤਿੰਨਾਂ ਦਾਅਵੇਦਾਰ ਧਿਰਾਂ ਨੂੰ ਆਪਸੀ ਸਹਿਮਤੀ ਬਨਾਉਣ ਅਤੇ ਅਦਾਲਤੀ ਝਗੜਿਆਂ ਦੇ ਨਿਬੇੜੇ ਲਈ ਗੱਲਬਾਤ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਿਥੇ ਸਮੇਂ ਅੰਦਰ ਸਬੰਧਤ ਧਿਰਾਂ ਆਪਸੀ ਸਹਿਮਤੀ ਨਹੀਂ ਬਣਾਉਂਦੀਆਂ ਤਾਂ ਉਨ੍ਹਾਂ ਦੀ ਲਾਲਚੀ ਅਤੇ ਸਿੱਖਿਆ ਵਿਰੋਧੀ ਬਿਰਤੀ ਨੂੰ ਜੱਗ ਜਾਹਰ ਕਰਨ ਲਈ ਉਨ੍ਹਾਂ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢ ਦੇਣਾ ਚਾਹੀਦਾ ਹੈ।

ਉਨ੍ਹਾਂ ਸਮੁੱਚੇ ਸੰਘਰਸ਼ ਦੀ ਅਗਵਾਈ ਲਈ ਡੀ ਐਮ ਕਾਲਜ ਬਚਾਓ ਐਕਸ਼ਨ ਕਮੇਟੀ ਬਨਾਉਣ ਤੇ ਸਹਿਮਤੀ ਦਿੰਦਿਆਂ ਅਗਲੇ ਹਫਤੇ ਸਮਾਜ ਦੇ ਹਰ ਵਰਗ, ਸਮਾਜ ਸੇਵੀ ਸੰਸਥਾਵਾਂ, ਜਨਤਕ ਜਮਹੂਰੀ ਜਥੇਬੰਦੀਆਂ ਅਤੇ ਵਿਦਿਆਰਥੀ ਜੱਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਬੁਲਾਉਣ ਅਤੇ ਐਕਸ਼ਨ ਕਮੇਟੀ ਦਾ ਗਠਨ ਕਰਨ ਤੇ ਵੀ ਸਹਿਮਤੀ ਦਿੱਤੀ। ਸਾਬਕਾ ਕਨੇਡੀਅਨ ਵਿਧਾਇਕ ਪੀਟਰ ਸੰਧੂ ਨੇ ਕਿਹਾ ਕਿ ਐਕਸ਼ਨ ਕਮੇਟੀ ਚਾਹੇ ਤਾਂ ਮੈਂ ਵੀ ਇਸ ਸੰਘਰਸ਼ ਵਿੱਚ ਗਤੀਸ਼ੀਲ ਭੂਮਿਕਾ ਨਿਭਾਉਣੀ ਚਾਹਾਂਗਾ।

ਮੀਟਿੰਗ ਦੀ ਸਮਾਪਤੀ ਮੌਕੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ ਨੇ ਮੀਟਿੰਗ ਵਿੱਚ ਸ਼ਾਮਲ ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਹਸਤੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਦੱਸਿਆ ਕਿ ਬਹੁਤ ਜਲਦ ਐਕਸ਼ਨ ਕਮੇਟੀ ਦੇ ਗਠਨ ਸਬੰਧੀ ਅਗਲੀ ਮੀਟਿੰਗ ਦੀ ਮਿਤੀ ਅਤੇ ਜਗ੍ਹਾ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਸ਼ਾਮਲ ਹੋਣ ਲਈ ਵੱਡੇ ਪੱਧਰ ਤੇ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਸਾਬਕਾ ਡੀ ਪੀ ਆਰ ਓ ਗਿਆਨ ਸਿੰਘ, ਅਜੀਜਪਾਲ ਸਿੰਘ, ਸੋਹਨ ਸਿੰਘ, ਜਗਮੋਹਨ ਮਲਹੋਤਰਾ, ਚਰਨਜੀਤ ਸਿੰਘ, ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਮਨਿੰਦਰ ਬੇਦੀ, ਮਲਵਿੰਦਰ ਗਰੇਵਾਲ, ਪ੍ਰਿਤਪਾਲ ਸਿੰਘ ਗਿੱਲ, ਦਿਆਲ ਸਿੰਘ, ਕੰਵਲਜੀਤ ਸਿੰਘ ਮਹੇਸਰੀ, ਸ਼ਿਵਸ਼ਰਨ ਸਿੰਘ, ਦਿਆਲ ਸਿੰਘ ਅਤੇ ਜਸਵਿੰਦਰ ਸਿੰਘ ਸੋਢੀ ਤੋਂ ਇਲਾਵਾ ਵੀ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।

Share this content:

Post Comment