Loading Now

ਲਵਲੀ ਯੂਨੀਵਰਸਿਟੀ ਮਾਮਲੇ ’ਚ ਤਿੰਨ ਹੋਰ ਗ੍ਰਿਫ਼ਤਾਰ

ਲਵਲੀ ਯੂਨੀਵਰਸਿਟੀ ਮਾਮਲੇ ’ਚ ਤਿੰਨ ਹੋਰ ਗ੍ਰਿਫ਼ਤਾਰ

ਫਗਵਾੜਾ, 19 ਅਕਤੂਬਰ – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ) ਵਿੱਚ 26 ਸਤੰਬਰ ਨੂੰ ਹੋਈ ਹਿੰਸਾ, ਭੰਨਤੋੜ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਦੀ ਗਿਣਤੀ 22 ਹੋ ਗਈ ਹੈ। ਪੁਲੀਸ ਸੂਤਰਾਂ ਅਨੁਸਾਰ, ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਲਿਯੂਸ਼ ਚੌਹਾਨ ਵਾਸੀ ਦੀਪ ਨਗਰ ਜਲੰਧਰ, ਓਮ ਕੁਮਾਰ (ਬਿਹਾਰ) ਅਤੇ ਨਿਖਿਲ ਕੁਮਾਰ ਵਾਸੀ ਬਰੇਲੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਦਾਅਵੇ ਫੈਲਣ ਮਗਰੋਂ ਯੂਨੀਵਰਸਿਟੀ ਕੈਂਪਸ ਵਿੱਚ ਤਣਾਅ ਪੈਦਾ ਹੋ ਗਿਆ ਸੀ। ਇਸ ਦੌਰਾਨ ਭੰਨਤੋੜ ਹੋਈ ਅਤੇ ਜਲੰਧਰ-ਫਗਵਾੜਾ ਮਾਰਗ ’ਤੇ 18 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਮ ਕਰ ਦਿੱਤਾ ਗਿਆ ਸੀ।

ਪੁਲੀਸ ਨੇ ਮਾਮਲੇ ਵਿੱਚ ਚਾਰ ਐੱਫ ਆਈ ਆਰਾਂ ਦਰਜ ਕਰ ਕੇ ਅੱਠ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਜਾਂਚ ਦੌਰਾਨ 400 ਤੋਂ ਵੱਧ ਨੌਜਵਾਨਾਂ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਸੀ ਸੀ ਟੀ ਵੀ ਫੁਟੇਜ, ਸੋਸ਼ਲ ਮੀਡੀਆ ਸੁਨੇਹਿਆਂ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੀ ਹੈ। ਕਥਿਤ ਭੜਕਾਊ ਸਮੱਗਰੀ ਅਤੇ ਏ ਆਈ ਨਾਲ ਤਿਆਰ ਵੀਡੀਓਜ਼ ਵਾਲੀਆਂ ਲਗਭਗ 300 ਪੋਸਟਾਂ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਰਾਹੀਂ ਹਿੰਸਾ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਅਤੇ ਸੋਸ਼ਲ ਮੀਡੀਆ ’ਤੇ ਫੈਲੇ ਦਾਅਵਿਆਂ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

Share this content:

Post Comment