Loading Now

ਰੌਬਰਟ ਹਾਲ ਤੇ ਮਾਈਕਲ ਵੁੱਡਫੋਰਡ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ

ਰੌਬਰਟ ਹਾਲ ਤੇ ਮਾਈਕਲ ਵੁੱਡਫੋਰਡ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ

ਸਟਾਕਹੋਮ- 13 ਅਕਤੂਬਰ ਅਮਰੀਕਾ ਵਿੱਚ ਜਨਮੇ ਅਰਥਸ਼ਾਸਤਰੀਆਂ ਰੌਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਆਰਥਿਕ ਝਟਕਿਆਂ ਤੋਂ ਉਭਰਨ ਲਈ ਸਰਕਾਰਾਂ ਅਤੇ ਕੇਂਦਰੀ ਬੈਂਕਾਂ ਦੀ ਮਦਦ ਲਈ ਬਣਾਏ ਮਾਡਲਾਂ ’ਤੇ ਕੰਮ ਲਈ ਅਰਥਸ਼ਾਸਤਰ ਦਾ ਨੋਬੇਲ ਦਿੱਤਾ ਗਿਆ ਹੈ। ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਸਟਾਕਹੋਮ ਵਿੱਚ ਜੇਤੂਆਂ ਦੇ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਮੈਕਰੋ-ਇਕਨੌਮਿਕ (ਸਮੁੱਚੀ ਆਰਥਿਕਤਾ) ਸਥਿਰਤਾ ਦੇ ਮਾਈਕਰੋ-ਇਕਨੌਮਿਕ (ਸੂਖਮ-ਆਰਥਿਕ) ਆਧਾਰਾਂ’ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਅਕੈਡਮੀ ਨੇ ਬਿਆਨ ਵਿੱਚ ਕਿਹਾ, ‘‘ਇਨ੍ਹਾਂ ਜੇਤੂਆਂ ਨੇ ਅਰਥਚਾਰੇ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਨੂੰ ਸੰਤੁਲਿਤ ਕਰਨ ਵਿੱਚ ਸਾਡੀ ਮਦਦ ਕੀਤੀ ਹੈ।’’ ਹਾਲ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਨਾਲ ਅਤੇ ਵੁੱਡਫੋਰਡ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਵੁਡਫੋਰਡ ਨੇ ਸੋਮਵਾਰ ਨੂੰ ਨਿਊ ਯਾਰਕ ਤੋਂ ਫੋਨ ਰਾਹੀਂ ਕਮੇਟੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਬਹੁਤ ਵੱਡਾ ਸਨਮਾਨ ਹੈ, ਇਹ ਹੈਰਾਨੀਜਨਕ ਗੱਲ ਹੈ।’’ ਆਰਥਿਕ ਵਿਗਿਆਨ ਵਿੱਚ ਇਨਾਮ ਲਈ ਬਣੀ ਕਮੇਟੀ ਦੇ ਚੇਅਰਮੈਨ ਜੌਨ ਹੈਸਲਰ ਨੇ ਪ੍ਰੈੱਸ ਬਿਆਨ ਵਿੱਚ ਕਿਹਾ, ‘‘ਇਨਾਮ ਜੇਤੂਆਂ ਦੇ ਕੰਮ ਨੇ ਸਾਨੂੰ ਉਨ੍ਹਾਂ ਮਾਡਲਾਂ ਲਈ ਮਜ਼ਬੂਤ ​​ਸਿਧਾਂਤਕ ਆਧਾਰ ਪ੍ਰਦਾਨ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਹੁਣ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਅਤੇ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ।’’ ਅਰਥ-ਵਿਗਿਆਨ ਦੇ ਇਨਾਮ ਨੂੰ ਰਸਮੀ ਤੌਰ ’ਤੇ ਐਲਫਰੈੱਡ ਨੋਬੇਲ ਦੀ ਯਾਦ ਵਿੱਚ ਅਰਥ-ਵਿਗਿਆਨ ਵਿੱਚ ‘ਬੈਂਕ ਆਫ਼ ਸਵੀਡਨ ਇਨਾਮ’ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਹਫ਼ਤੇ ਮੈਡੀਸਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਾਹਿਤ ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਨੋਬੇਲ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ।

Share this content:

Post Comment