ਰੁੱਖ ਤਾਂ ਲਗਾਈਏ/ਅਮਰਜੀਤ ਦਸੂਹਾ
ਚਲੋ ਧਰਤੀ ਦਾ ਕਰਜ਼ ਚੁਕਾਈਏ, ਰੁੱਖ ਤਾਂ ਲਗਾਈਏ,
ਹਰ ਇੱਕ ਸੁੰਨਾ ਵਿਹੜਾ ਮਹਿਕਾਈਏ, ਰੁੱਖ ਤਾਂ ਲਗਾਈਏ,
ਤਪਸ਼ਾਂ ਨਾਲ ਝੁਲਸੇ ਖੇਤ, ਨਦੀਆਂ ਤੇ ਜੰਗਲ-ਬੇਲੇ,
ਘਟਾਵਾਂ ਪਿਆਰ ਦੀਆਂ ਫਿਰ ਬੁਲਾਈਏ, ਰੁੱਖ ਤਾਂ ਲਗਾਈਏ,
ਪਰਿੰਦੇ ਲੱਭਦੇ ਫਿਰਦੇ ਨੇ ਛਾਵਾਂ ਤੇ ਟਿਕਾਣੇ,
ਉਹਨਾਂ ਵਾਸਤੇ ਵੀ ਘਰ ਬਣਾਈਏ, ਰੁੱਖ ਤਾਂ ਲਗਾਈਏ,
ਉਦਾਸੀ ਓੜ੍ਹ ਬੈਠੇ ਨੇ ਪਹਾੜ, ਖੇਤ ਤੇ ਜੰਗਲ ਸਾਰੇ,
ਹਰ ਇੱਕ ਚਿਹਰੇ ਉੱਤੇ ਹਰਖ ਲਿਆਈਏ, ਰੁੱਖ ਤਾਂ ਲਗਾਈਏ,
ਇਹ ਕੁਦਰਤ ਦੀ ਅਮਾਨਤ, ਇਹ ਰੱਬ ਦੀਆਂ ਨੇ ਨੇਮਤਾਂ,
ਇਹਨਾਂ ਦਾ ਮਾਣ ਦਿਲਾਂ ਵਿੱਚ ਵਸਾਈਏ, ਰੁੱਖ ਤਾਂ ਲਗਾਈਏ,
ਇਹੀ ਦੇਂਦੇ ਨੇ ਠੰਢੀ ਛਾਂ, ਇਹੀ ਸਾਹਾਂ ਦੇ ਨੇ ਰਾਖੇ,
ਮੁਹੱਬਤ ਦਾ ਇਨ੍ਹਾਂ ਨਾਲ ਫ਼ਰਜ਼ ਨਿਭਾਈਏ, ਰੁੱਖ ਤਾਂ ਲਗਾਈਏ,
ਧੂੰਏ ਨਾਲ ਘੁੱਟਦੇ ਮੌਸਮ ਨੂੰ ਕੁਝ ਰਾਹਤ ਮਿਲ ਜਾਵੇ,
ਹਵਾਵਾਂ ਵਿੱਚ ਨਵੀਂ ਖ਼ੁਸ਼ਬੂ ਰਚਾਈਏ, ਰੁੱਖ ਤਾਂ ਲਗਾਈਏ,
ਜੇ ਚਾਹੁੰਦੇ ਹਾਂ ਆਉਣ ਵਾਲੀਆਂ ਨਸਲਾਂ ਰਹਿਣ ਖ਼ੁਸ਼ਹਾਲ,
ਹਰਾ-ਭਰਾ ਜਹਾਨ ਉਹਨਾਂ ਨੂੰ ਦੇ ਜਾਈਏ, ਰੁੱਖ ਤਾਂ ਲਗਾਈਏ,
‘ਅਮਰ‘ ਨੇਕੀ ਦਾ ਰਾਹ ਇਹ, ਇਬਾਦਤ ਤੋਂ ਨਹੀਂ ਘੱਟ,
ਦੁਆਵਾਂ ਕਾਦਰੋਂ ਖ਼ੂਬ ਕਮਾਈਏ, ਰੁੱਖ ਤਾਂ ਲਗਾਈਏ,

ਅਮਰਜੀਤ ਦਸੂਹਾ
8968933711
Share this content:



Post Comment