Loading Now

ਰਾਸ਼ਟਰੀ ਖੇਡ ਦਿਵਸ : 100 ਉੱਭਰਦੇ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਰਾਸ਼ਟਰੀ ਖੇਡ ਦਿਵਸ : 100 ਉੱਭਰਦੇ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਜਲੰਧਰ, 29 ਅਗਸਤ – ਮਹਾਨ ਹਾਕੀ ਖਿਡਾਰੀ ਅਤੇ ਓਲੰਪੀਅਨ ਮੇਜਰ ਧਿਆਨ ਚੰਦ ਦੇ 121ਵੇਂ ਜਨਮ ਦਿਵਸ ਅਤੇ ਰਾਸ਼ਟਰੀ ਖੇਡ ਦਿਵਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਰਜੀਤ ਹਾਕੀ ਅਕੈਡਮੀ ਨਾਲ ਸਬੰਧਤ 100 ਉੱਭਰਦੇ ਹਾਕੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਰਜੀਤ ਸਿੰਘ ਵਾਲੀਆ, ਆਈ.ਏ.ਐੱਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਖੇਡ ਕਿੱਟਾਂ ਪ੍ਰਦਾਨ ਕੀਤੀਆਂ। ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਜ਼ਿੰਮੇਵਾਰੀ ਦੀ ਸਿੱਖਿਆ ਦਿੰਦੀਆਂ ਹਨ।

ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਮੇਜਰ ਧਿਆਨ ਚੰਦ ਦੀ ਜ਼ਿੰਦਗੀ ਅਤੇ ਖੇਡ ਪ੍ਰਤੀ ਸਮਰਪਣ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਨੇ 1928, 1932 ਅਤੇ 1936 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਦੇਸ਼ ਲਈ ਸੋਨ ਤਗਮੇ ਜਿੱਤੇ ਅਤੇ ਭਾਰਤੀ ਹਾਕੀ ਨੂੰ ਵਿਸ਼ਵ ਪੱਧਰ ’ਤੇ ਵਿਲੱਖਣ ਪਛਾਣ ਦਿਵਾਈ। ਉਨ੍ਹਾਂ ਦੀ ਖੇਡ ਪ੍ਰਤਿਭਾ, ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਸਮਰਪਣ ਅੱਜ ਵੀ ਹਰ ਖਿਡਾਰੀ ਲਈ ਇੱਕ ਮਿਸਾਲ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਅਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਹਾਕੀ ਦੀ ਨਰਸਰੀ ਵਜੋਂ ਦੇਸ਼-ਵਿਦੇਸ਼ ਵਿੱਚ ਵਿਸ਼ੇਸ਼ ਪਛਾਣ ਹਾਸਲ ਹੈ ਅਤੇ ਇਸ ਵਿਰਾਸਤ ਨੂੰ ਅੱਗੇ ਲਿਜਾਣ ਲਈ ਨੌਜਵਾਨ ਖਿਡਾਰੀਆਂ ਨੂੰ ਹਰ ਸੰਭਵ ਮੌਕਾ ਅਤੇ ਸਹਿਯੋਗ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ।

ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲੇਖ ਰਾਜ ਨਈਅਰ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ 100 ਉੱਭਰਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਉਣ ਦਾ ਉਦੇਸ਼ ਜ਼ਮੀਨੀ ਪੱਧਰ ’ਤੇ ਹਾਕੀ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹੋਣਹਾਰ ਖਿਡਾਰੀਆਂ ਨੂੰ ਲੋੜੀਂਦਾ ਸਹਿਯੋਗ ਦੇਣਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਲੰਮੇ ਸਮੇਂ ਤੋਂ ਹਾਕੀ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਤੇ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਸੁਸਾਇਟੀ ਦੇ ਅਹੁਦੇਦਾਰਾਂ, ਕੋਚਾਂ, ਖਿਡਾਰੀਆਂ ਅਤੇ ਮਾਪਿਆਂ ਨੇ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਕੇਕ ਕੱਟ ਕੇ ਮਹਾਨ ਖਿਡਾਰੀ ਨੂੰ ਯਾਦ ਕੀਤਾ ਅਤੇ ਜਲੰਧਰ ਦੀ ਹਾਕੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨ ਪ੍ਰਤਿਭਾ ਨੂੰ ਅੱਗੇ ਲਿਆਉਣ ਦਾ ਸੰਕਲਪ ਲਿਆ। ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਖੇਡ ਕਿੱਟਾਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਡਾ. ਬੀ.ਐੱਸ. ਜੌਹਲ, ਮੈਨੇਜਿੰਗ ਡਾਇਰੈਕਟਰ, ਜੌਹਲ ਸੁਪਰ ਸਪੈਸ਼ਲਟੀ ਹਸਪਤਾਲ ਦੇ ਸਹਿਯੋਗ ਨਾਲ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਡਾ. ਜੌਹਲ ਵੱਲੋਂ ਨੌਜਵਾਨ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਅਤੇ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।

 

Share this content:

Post Comment