Loading Now

ਯੂ ਪੀ ਦੀ ਬਦਲਦੀ ਤਸਵੀਰ

ਯੂ ਪੀ ਦੀ ਬਦਲਦੀ ਤਸਵੀਰ

ਅਗਲੇ ਸਾਲ ਸੱਤ ਰਾਜਾਂ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ। ਪੰਜਾਬ, ਉੱਤਰਾਖੰਡ ਤੇ ਗੋਆ ਵਿੱਚ ਫਰਵਰੀ, ਯੂ ਪੀ ਤੇ ਮਨੀਪੁਰ ‘ਚ ਮਾਰਚ, ਹਿਮਾਚਲ ‘ਚ ਨਵੰਬਰ ਤੇ ਗੁਜਰਾਤ ‘ਚ ਦਸੰਬਰ ‘ਚ ਅਸੈਂਬਲੀਆਂ ਦੀ ਮਿਆਦ ਮੁੱਕ ਜਾਣੀ ਹੈ। ਸਾਲ ਦੀ ਪਹਿਲੀ ਤਿਮਾਹੀ ਵਿੱਚ ਜਿਨ੍ਹਾਂ ਰਾਜਾਂ ‘ਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਯੂ ਪੀ ਸਭ ਤੋਂ ਵੱਡਾ ਰਾਜ ਹੈ, ਜਿੱਥੇ ਪਿਛਲੇ ਕਰੀਬ ਸਾਢੇ ਨੌਂ ਸਾਲ ਤੋਂ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਭਾਜਪਾ ਦੀ ਬੁਲਡੋਜ਼ਰ ਸਰਕਾਰ ਚੱਲ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਸੰਕੇਤ ਯੋਗੀ ਦੇ ਰਾਜ ਨੂੰ ਪੰਜ ਸਾਲ ਹੋਰ ਐਕਸਟੈਨਸ਼ਨ ਦੇ ਰਹੇ ਸਨ, ਪਰ ਜੁਲਾਈ ਤੋਂ ਬਾਅਦ ਪ੍ਰਸਥਿਤੀਆਂ ਤੇਜ਼ੀ ਨਾਲ ਬਦਲੀਆਂ ਹਨ ਤੇ ਸੰਕੇਤ ਅਜਿਹੇ ਮਿਲ ਰਹੇ ਹਨ ਕਿ ਯੋਗੀ ਲਈ ਸਰਕਾਰ ਬਚਾਉਣੀ ਸੌਖੀ ਨਹੀਂ ਹੋਵੇਗੀ, ਪਲਟ ਵੀ ਸਕਦੀ ਹੈ!

ਇੰਡੀਆ ਟੂਡੇ ਤੇ ਸੀਵੋਟਰ ਵੱਲੋਂ ਕੀਤੇ ਗਏ ਇੱਕ ਸਰਵੇਖਣ ਦੇ ਨਤੀਜਿਆਂ ਤੋਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਜੇ ਅੱਜ ਲੋਕ ਸਭਾ ਚੋਣਾਂ ਹੁੰਦੀਆਂ ਹਨ, ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਾਲੇ ਇੰਡੀਆ ਗੱਠਜੋੜ ਨੂੰ ਦੇਸ਼ ਦੇ ਸਭ ਤੋਂ ਵੱਡੇ ਰਾਜ ਯੂ ਪੀ ਵਿੱਚ ਬੜ੍ਹਤ ਮਿਲ ਸਕਦੀ ਹੈ ਅਤੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਝਟਕਾ ਲੱਗ ਸਕਦਾ ਹੈ। ਅਗਸਤ 2026 ਦੇ ‘ਮੂਡ ਆਫ ਦੀ ਨੇਸ਼ਨ’ ਸਰਵੇਖਣ ਮੁਤਾਬਕ ਇੰਡੀਆ ਗੱਠਜੋੜ ਯੂ ਪੀ ਵਿੱਚ 80 ਲੋਕ ਸਭਾ ਸੀਟਾਂ ਵਿੱਚੋਂ 41 ਜਿੱਤ ਸਕਦਾ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ 38 ਸੀਟਾਂ ਮਿਲਣ ਦਾ ਅਨੁਮਾਨ ਹੈ। ਇਹ ਇਸ ਸਾਲ ਜਨਵਰੀ ਦੇ ‘ਮੂਡ ਆਫ ਦੀ ਨੇਸ਼ਨ’ ਸਰਵੇਖਣ ਨਾਲੋਂ ਐੱਨ ਡੀ ਏ ਲਈ ਦਸ ਘੱਟ ਸੀਟਾਂ ਦਰਸਾਉਂਦਾ ਹੈ, ਜਦੋਂ ਕਿ ਇੰਡੀਆ ਗੱਠਜੋੜ ਦੇ ਦਸ ਵੱਧ ਸੀਟਾਂ ਜਿੱਤਣ ਦਾ ਅਨੁਮਾਨ ਹੈ।
ਜੁਲਾਈ ਅਤੇ ਅਗਸਤ 2026 ਦੇ ਵਿਚਕਾਰ ਕੀਤੇ ਗਏ ਇਸ ਤਾਜ਼ਾ ਸਰਵੇਖਣ ਵਿੱਚ ਹਜ਼ਾਰਾਂ ਲੋਕਾਂ ਦੀ ਰਾਏ ਸ਼ਾਮਲ ਕੀਤੀ ਗਈ ਹੈ। ਸਰਵੇਖਣ ਮੁਤਾਬਕ ਜਨਵਰੀ 2026 ਦੇ ਸਰਵੇਖਣ ਦੇ ਮੁਕਾਬਲੇ ਯੂ ਪੀ ਵਿੱਚ ਐੱਨ ਡੀ ਏ ਦੀ ਸਥਿਤੀ ਕਮਜ਼ੋਰ ਹੋ ਗਈ ਹੈ, ਜਦੋਂ ਕਿ ਇੰਡੀਆ ਗੱਠਜੋੜ ਅੱਗੇ ਵਧਦਾ ਜਾਪਦਾ ਹੈ। ਜਨਵਰੀ ਦੇ ਸਰਵੇਖਣ ਵਿੱਚ ਯੂ ਪੀ ਵਿੱਚ ਐੱਨ ਡੀ ਏ ਨੂੰ 48 ਸੀਟਾਂ, ਜਦੋਂ ਕਿ ਇੰਡੀਆ ਗੱਠਜੋੜ ਨੂੰ 31 ਸੀਟਾਂ ਮਿਲ ਰਹੀਆਂ ਸਨ। ਅਗਸਤ 2026 ‘ਚ ਤਸਵੀਰ ਕਾਫੀ ਬਦਲ ਗਈ ਹੈ। ਇੰਡੀਆ ਗੱਠਜੋੜ ਦੀਆਂ ਅਨੁਮਾਨਤ ਸੀਟਾਂ 31 ਤੋਂ ਵਧ ਕੇ 41 ਹੋ ਗਈਆਂ ਹਨ, ਜਦੋਂ ਕਿ ਐੱਨ ਡੀ ਏ ਦੀਆਂ ਸੀਟਾਂ 48 ਤੋਂ ਘਟ ਕੇ 38 ਹੋ ਗਈਆਂ ਹਨ। ਗੱਲ ਸੀਟਾਂ ਦੀ ਹੀ ਨਹੀਂ, ਸਰਵੇਖਣ ਤੋਂ ਪਤਾ ਲੱਗਾ ਹੈ ਕਿ ਐੱਨ ਡੀ ਏ ਦਾ ਵੋਟ ਸ਼ੇਅਰ 42 ਫੀਸਦੀ ‘ਤੇ ਆ ਗਿਆ ਹੈ, ਜਿਹੜਾ ਕਿ ਜਨਵਰੀ ਦੇ ਸਰਵੇਖਣ ਵਿੱਚ 47 ਫੀਸਦੀ ਸੀ, ਯਾਨੀ ਕਿ 5 ਫੀਸਦੀ ਦੀ ਕਮੀ। ਇੰਡੀਆ ਗੱਠਜੋੜ ਨੂੰ 40 ਫੀਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ। ਇਹ ਅੰਕੜਾ ਜਨਵਰੀ ਵਿੱਚ 42 ਫੀਸਦੀ ਸੀ। ਇਸ ਦਾ ਮਤਲਬ ਹੈ ਕਿ ਇੰਡੀਆ ਗੱਠਜੋੜ ਦਾ ਵੋਟ ਸ਼ੇਅਰ ਵੀ ਭਾਵੇਂ ਥੋੜ੍ਹਾ ਘਟਿਆ ਹੈ, ਪਰ ਸੀਟਾਂ ਦਾ ਅਨੁਮਾਨ ਵਧਿਆ ਹੈ। ਚੋਣ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਘੱਟ ਵੋਟ ਸ਼ੇਅਰ ਦੇ ਬਾਵਜੂਦ ਕਈ ਸੀਟਾਂ ‘ਤੇ ਵੋਟਾਂ ਦੀ ਵੰਡ ਅਤੇ ਸਥਾਨਕ ਸਮੀਕਰਨਾਂ ਦੇ ਕਾਰਨ ਇੰਡੀਆ ਗੱਠਜੋੜ ਨੂੰ ਸੀਟਾਂ ਦੇ ਮਾਮਲੇ ਵਿੱਚ ਫਾਇਦਾ ਮਿਲ ਸਕਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਨੇ ਯੂ ਪੀ ਵਿੱਚ 43 ਸੀਟਾਂ ਜਿੱਤੀਆਂ ਸਨ, ਜਦੋਂ ਕਿ ਐੱਨ ਡੀ ਏ ਨੇ 36 ਸੀਟਾਂ ਪ੍ਰਾਪਤ ਕੀਤੀਆਂ। ਸਰਵੇਖਣ ਲੋਕ ਸਭਾ ਦੀਆਂ ਸੀਟਾਂ ਬਾਰੇ ਹੈ, ਪਰ ਵੋਟਾਂ ਨੂੰ ਅਸੈਂਬਲੀ ਸੀਟਾਂ ਦੇ ਅਨੁਪਾਤ ਵਿੱਚ ਵੰਡਣ ਨਾਲ ਇੰਡੀਆ ਗੱਠਜੋੜ ਨੂੰ ਲੀਡ ਮਿਲ ਰਹੀ ਜਾਪਦੀ ਹੈ।

Share this content:

Post Comment