ਮੌਤ ਲਾੜੀ ਨੂੰ ਵਿਆਹਵਣ ਚੱਲੇ/ਅਰਵਿੰਦਰ ਜੌਹਲ
ਤੇਈ ਮਾਰਚ 1931 ਨੂੰ ਦੇਸ਼ ਦੀ ਆਜ਼ਾਦੀ ਲਈ ਚੜ੍ਹਦੀ ਉਮਰ ਦੇ ਨੌਜਵਾਨਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਫਾਂਸੀ ਦੇ ਰੱਸੇ ਨੂੰ ਚੁੰਮਦਿਆਂ ਮੌਤ ਨੂੰ ਗਲ਼ ਲਾ ਲਿਆ ਸੀ। ਉਸ ਵਰ੍ਹੇ ਦਾ 23 ਮਾਰਚ ਕੋਈ ਆਮ ਦਿਨ ਨਹੀਂ ਸੀ। 22 ਮਾਰਚ ਦੀ ਰਾਤ ਨੂੰ ਹਨੇਰੀ ਚੱਲੀ ਸੀ, ਪਰ ਅਗਲੇ ਦਿਨ ਮੌਸਮ ਸ਼ਾਂਤ ਸੀ। ਇਸ ਦੇ ਬਾਵਜੂਦ ਉਸ ਜੇਲ੍ਹ ਵਿੱਚ ਕੈਦੀਆਂ ਦੇ ਮਨਾਂ ਦੇ ਸ਼ਾਂਤ ਮੌਸਮ ’ਚ ਉਦੋਂ ਤੂਫ਼ਾਨ ਉੱਠ ਖੜੋਤਾ, ਜਦੋਂ 23 ਮਾਰਚ ਦੀ ਸ਼ਾਮ ਚਾਰ ਵਜੇ ਦੇ ਕਰੀਬ ਜੇਲ੍ਹ ਵਾਰਡਨ ਨੇ ਕੈਦੀਆਂ ਨੂੰ ਆਪੋ-ਆਪਣੀਆਂ ਕੋਠੜੀਆਂ ’ਚ ਜਾਣ ਲਈ ਕਿਹਾ। ਉਸ ਨੇ ਕਿਸੇ ਨੂੰ ਕੋਈ ਕਾਰਨ ਨਾ ਦੱਸਦਿਆਂ ਬਸ ਏਨਾ ਕਿਹਾ, ‘‘ਉੱਪਰੋਂ ਹੁਕਮ ਆਇਆ ਹੈ।’’ ਕਿਸੇ ਨੂੰ ਕੁਝ ਸਮਝ ਨਹੀਂ ਸੀ ਲੱਗੀ ਕਿ ਉਨ੍ਹਾਂ ਨੂੰ ਅਜਿਹਾ ਹੁਕਮ ਕਿਉਂ ਦਿੱਤਾ ਗਿਆ ਹੈ? ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਤਾਂ 24 ਮਾਰਚ ਦੀ ਸਵੇਰ ਫਾਂਸੀ ਦਿੱਤੀ ਜਾਣੀ ਸੀ, ਪਰ ਫਿਰ ਥੋੜ੍ਹੀ ਦੇਰ ਬਾਅਦ ਜੇਲ੍ਹ ਦੀਆਂ ਕੋਠੜੀਆਂ ਅੱਗਿਓਂ ਲੰਘਦੇ ਨਾਈ ਬਰਕਤ ਨੇ ਦੱਬਵੀਂ ਸੁਰ ’ਚ ਕੈਦੀਆਂ ਨੂੰ ਸੂਚਨਾ ਦਿੱਤੀ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਦੇਰ ਸ਼ਾਮ ਹੀ ਫਾਂਸੀ ਦਿੱਤੀ ਜਾਣੀ ਹੈ। ਇਸ ਸੂਚਨਾ ਮਗਰੋਂ ਸਾਰੇ ਕੈਦੀਆਂ ’ਚ ਖਾਮੋਸ਼ੀ ਛਾ ਗਈ। ਜਿਸ ਔਖੀ ਘੜੀ ਲਈ ਜੇਲ੍ਹ ਦੇ ਬਾਕੀ ਕੈਦੀ ਖ਼ੁਦ ਨੂੰ ਮਾਨਸਿਕ ਤੌਰ ’ਤੇ ਤਿਆਰ ਕਰ ਰਹੇ ਸਨ, ਉਹ ਅਚਾਨਕ ਹੀ ਉਨ੍ਹਾਂ ਦੇ ਸਾਹਵੇਂ ਆ ਖਲੋਤੀ ਸੀ। ਇਸ ਮਗਰੋਂ ਸਭ ਦੀਆਂ ਨਜ਼ਰਾਂ ਕੋਠੜੀਆਂ ਅੱਗਿਓਂ ਲੰਘਦੇ ਰਾਹ ’ਤੇ ਟਿਕੀਆਂ ਹੋਈਆਂ ਸਨ, ਜਿੱਥੋਂ ਫਾਂਸੀ ਦੇਣ ਲਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਿਜਾਇਆ ਜਾਣਾ ਸੀ।
ਕਹਿੰਦੇ ਨੇ ਸਿਵਲ ਨਾਫੁਰਮਾਨੀ ਲਹਿਰ ’ਚ ਹਿੱਸਾ ਲੈਣ ਕਾਰਨ 1930-31 ’ਚ ਉਸੇ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਭੀਮ ਸੈਨ ਸੱਚਰ ਨੇ ਜਦੋਂ ਭਗਤ ਸਿੰਘ ਤੇ ਸਾਥੀਆਂ ਨੂੰ ਪੁੱਛਿਆ ਸੀ ਕਿ ਉਨ੍ਹਾਂ ਨੇ ਲਾਹੌਰ ਸਾਜ਼ਿਸ਼ ਕੇਸ ਵਿੱਚ ਆਪਣਾ ਬਚਾਅ ਕਿਉਂ ਨਹੀਂ ਕੀਤਾ ਤਾਂ ਭਗਤ ਸਿੰਘ ਦਾ ਜਵਾਬ ਸੀ, ‘‘ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਹੈ ਕਿਉਂਕਿ ਅਦਾਲਤ ’ਚ ਅਪੀਲਾਂ ਕਰਨ ਨਾਲ ਨਹੀਂ, ਸਗੋਂ ਮਰਨ ਨਾਲ ਹੀ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੋਵੇਗੀ। ਵਕੀਲ ਪ੍ਰਾਣ ਨਾਥ ਮਹਿਤਾ ਜਦੋਂ ਫਾਂਸੀ ਦਿੱਤੇ ਜਾਣ ਤੋਂ ਦੋ ਘੰਟੇ ਪਹਿਲਾਂ ਭਗਤ ਸਿੰਘ ਨੂੰ ਮਿਲਣ ਗਿਆ ਤਾਂ ਉਸ ਦਾ ਸਵਾਲ ਸੀ, ‘‘ਮੇਰੀ ਕਿਤਾਬ ‘ਸਟੇਟ ਐਂਡ ਰੈਵੋਲਿਊਸ਼ਨ’ (ਵਲਾਦੀਮੀਰ ਲੈਨਿਨ) ਲਿਆਏ ਹੋ ਜਾਂ ਨਹੀਂ?’’ ਮਹਿਤਾ ਨੇ ਜਦੋਂ ਕਿਤਾਬ ਦਿੱਤੀ ਤਾਂ ਉਸੇ ਵੇਲੇ ਉਹ ਕਿਤਾਬ ਪੜ੍ਹਨ ਲੱਗਿਆ, ਜਿਵੇਂ ਉਸ ਕੋਲ ਜ਼ਿਆਦਾ ਸਮਾਂ ਨਾ ਬਚਿਆ ਹੋਵੇ। ਮਹਿਤਾ ਨੇ ਪੁੱਛਿਆ ਕਿ ਕੀ ਉਹ ਦੇਸ਼ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ ਹੈ ਤਾਂ ਉਸ ਨੇ ਦੋ ਸੰਦੇਸ਼ ਦਿੱਤੇ, ‘ਸਾਮਰਾਜਵਾਦ ਮੁਰਦਾਬਾਦ’ ਅਤੇ ‘ਇਨਕਲਾਬ ਜ਼ਿੰਦਾਬਾਦ’। ਭਗਤ ਸਿੰਘ ਦੇ ਸਾਥੀ ਰਹੇ ਸ਼ਿਵ ਵਰਮਾ ਨੇ ਆਪਣੀ ਕਿਤਾਬ ‘ਰੈਮਨੀਸੈਂਸਜ਼ ਔਫ ਫੈਲੋ ਰੈਵੋਲਿਊਸ਼ਨਰੀ’ ਵਿੱਚ ਲਿਖਿਆ ਹੈ: ‘ਮੈਂ ਵੀ ਉਸੇ ਜੇਲ੍ਹ ਵਿੱਚ ਸੀ ਜਿੱਥੇ ਭਗਤ ਸਿੰਘ ਸੀ।
ਸ਼ਾਮ ਵੇਲੇ ਸਾਡੀ ਜੇਲ੍ਹ ਦੇ ਤਾਲੇ ਖੋਲ੍ਹੇ ਗਏ ਅਤੇ ਸਾਨੂੰ ਬਾਹਰ ਨਿਕਲਣ ਲਈ ਆਖਿਆ ਗਿਆ। ਸਰਕਾਰ ਚਾਹੁੰਦੀ ਸੀ ਕਿ ਸਾਨੂੰ ਉੱਥੋਂ ਹਟਾ ਦਿੱਤਾ ਜਾਵੇ। ਗੇਟ ਵੱਲ ਜਾਣ ਤੋਂ ਪਹਿਲਾਂ ਜੇਲ੍ਹ ਦੇ ਸੁਪਰਡੈਂਟ ਨੇ ਸਾਨੂੰ ਪੁੱਛਿਆ, ‘‘ਕੀ ਤੁਸੀਂ ਆਪਣੇ ਸਾਥੀਆਂ ਨੂੰ ਮਿਲਣਾ ਚਾਹੁੰਦੇ ਹੋ?’’ ਫਿਰ ਸਾਨੂੰ ਭਗਤ ਸਿੰਘ ਦੀ ਕੋਠੜੀ ਅੱਗੇ ਲਿਜਾਇਆ ਗਿਆ। ਉਸ ਨੂੰ ਦੇਖਦਿਆਂ ਹੀ ਮੇਰੀਆਂ ਅੱਖਾਂ ’ਚ ਹੰਝੂ ਆ ਗਏ। ਭਗਤ ਸਿੰਘ ਦਾ ਕਹਿਣਾ ਸੀ, ‘‘ਇਹ ਭਾਵੁਕ ਹੋਣ ਦਾ ਸਮਾਂ ਨਹੀਂ। ਜਲਦੀ ਹੀ ਮੈਂ ਸਾਰੇ ਫ਼ਿਕਰਾਂ ਤੋਂ ਮੁਕਤ ਹੋ ਜਾਵਾਂਗਾ। ਵਾਅਦਾ ਕਰੋ ਕਿ ਤੁਸੀਂ ਹਾਰ ਨਹੀਂ ਮੰਨੋਗੇ।’’ ਏਨਾ ਕਹਿ ਕੇ ਉਸ ਨੇ ਆਪਣੀ ਜੇਲ੍ਹ ਦੀ ਕੋਠੜੀ ਦੀਆਂ ਸੀਖਾਂ ’ਚੋਂ ਹੱਥ ਬਾਹਰ ਕੱਢ ਕੇ ਮੇਰੇ ਹੱਥਾਂ ਨੂੰ ਫੜ ਲਿਆ। ਇਹ ਦ੍ਰਿਸ਼ ਦੇਖਦਿਆਂ ਹੀ ਜੇਲ੍ਹ ਸੁਪਰਡੈਂਟ ਨੇ ਜ਼ੋਰ ਨਾਲ ਆਖਿਆ, ‘‘ਮਾਰਚ।’’ ਇਹ ਸ਼ਿਵ ਵਰਮਾ ਦੀ ਭਗਤ ਸਿੰਘ ਨਾਲ ਆਖ਼ਰੀ ਮੁਲਾਕਾਤ ਸੀ।
ਤਿੰਨਾਂ ਇਨਕਲਾਬੀਆਂ ਦਾ ਵਕੀਲ ਪ੍ਰਾਣ ਨਾਥ ਮਹਿਤਾ ਭਗਤ ਸਿੰਘ ਨੂੰ ਮਿਲਣ ਮਗਰੋਂ ਰਾਜਗੁਰੂ ਨੂੰ ਮਿਲਣ ਗਿਆ। ਰਾਜਗੁਰੂ ਦੇ ਅੰਤਿਮ ਸ਼ਬਦ ਸਨ, ‘‘ਅਸੀਂ ਲੋਕ ਜਲਦੀ ਮਿਲਾਂਗੇ।’’ ਸੁਖਦੇਵ ਨੇ ਮੁਲਾਕਾਤ ਮੌਕੇ ਮਹਿਤਾ ਨੂੰ ਕਿਹਾ ਕਿ ਉਸ ਦੀ ਮੌਤ ਤੋਂ ਬਾਅਦ ਉਹ ਜੇਲ੍ਹਰ ਤੋਂ ਕੈਰਮ ਬੋਰਡ ਲੈ ਲਵੇ, ਜੋ ਮਹਿਤਾ ਨੇ ਕੁਝ ਮਹੀਨੇ ਪਹਿਲਾਂ ਉਸ ਨੂੰ ਦਿੱਤਾ ਸੀ। ਮਹਿਤਾ ਵੱਲੋਂ ਤਿੰਨਾਂ ਨਾਲ ਮੁਲਾਕਾਤ ਮਗਰੋਂ ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਇਨਕਲਾਬੀਆਂ ਨੂੰ ਦੱਸ ਦਿੱਤਾ ਸੀ ਕਿ ਇਨ੍ਹਾਂ ਨੂੰ ਮਿਥੇ ਸਮੇਂ ਤੋਂ ਕੋਈ 11 ਘੰਟੇ ਪਹਿਲਾਂ ਫਾਂਸੀ ਦਿੱਤੀ ਜਾ ਰਹੀ ਹੈ। 24 ਮਾਰਚ ਦੀ ਸਵੇਰ 6 ਵਜੇ ਦੀ ਬਜਾਏ ਉਨ੍ਹਾਂ ਨੂੰ 23 ਮਾਰਚ ਦੀ ਸ਼ਾਮ 7 ਵਜੇ ਹੀ ਫਾਂਸੀ ਦੇ ਦਿੱਤੀ ਜਾਵੇਗੀ। ਉਦੋਂ ਤੱਕ ਭਗਤ ਸਿੰਘ ਮਹਿਤਾ ਵੱਲੋਂ ਲਿਆਂਦੀ ਗਈ ਕਿਤਾਬ ਦੇ ਕੁਝ ਪੰਨੇ ਹੀ ਪੜ੍ਹ ਸਕਿਆ ਸੀ। ਜੇਲ੍ਹ ਅਧਿਕਾਰੀਆਂ ਦੀ ਗੱਲ ਸੁਣ ਕੇ ਉਸ ਦੇ ਮੂੰਹੋਂ ਏਨਾ ਹੀ ਨਿਕਲਿਆ, ‘‘ਕੀ ਤੁਸੀਂ ਮੈਨੂੰ ਇਸ ਕਿਤਾਬ ਦਾ ਇੱਕ ਅਧਿਆਏ ਵੀ ਖ਼ਤਮ ਨਹੀਂ ਕਰਨ ਦਿਓਗੇ?
ਜਿਉਂ ਹੀ ਜੇਲ੍ਹ ਦੀ ਘੜੀ ਨੇ 6 ਵਜਾਏ, ਕੈਦੀਆਂ ਨੂੰ ਦੂਰੋਂ ਆਉਂਦੀ ਭਾਰੀ ਬੂਟਾਂ ਦੀ ਆਵਾਜ਼ ਸੁਣੀ ਅਤੇ ਤਿੰਨਾਂ ਵੱਲੋਂ ਗੀਤ ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ…’ ਦੇ ਨਾਲ ਹੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਸੁਣਾਈ ਦੇਣ ਲੱਗੇ। ਤਿੰਨਾਂ ਨੂੰ ਫਾਂਸੀ ਦੇਣ ਲਈ ਮਸੀਹ ਜੱਲਾਦ ਨੂੰ ਸੱਦਿਆ ਗਿਆ। ਫਾਹੇ ਲਾਏ ਜਾਣ ਵੇਲੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਵਿਚਾਲੇ ਖੜ੍ਹਾ ਸੀ। ਉਹ ਆਪਣੀ ਮਾਂ ਨਾਲ ਕੀਤਾ ਵਾਅਦਾ ਨਿਭਾਅ ਰਿਹਾ ਸੀ ਕਿ ਉਹ ਫਾਂਸੀ ਦੇ ਤਖ਼ਤੇ ਤੋਂ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਵੇਗਾ। ਓਦਾਂ ਉਸ ਦੀ ਮਾਂ ਵਿਦਿਆਵਤੀ ਨੇ ਵੀ ਭਗਤ ਸਿੰਘ ਲਈ ਆਮ ਮਾਵਾਂ ਵਾਂਗ ਬਹੁਤ ਸਾਰੇ ਸੁਫ਼ਨੇ ਦੇਖੇ ਸਨ। ਉਹ ਵੀ ਆਪਣੇ ਪੁੱਤਰ ਦਾ ਵਿਆਹ ਕਰ ਕੇ ਆਪਣੀ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪੀਣਾ ਚਾਹੁੰਦੀ ਸੀ। ਰਾਸ਼ਟਰਵੰਦਨਾ ਨਾਂ ਦੇ ਯੂ-ਟਿਊਬ ਚੈਨਲ ’ਤੇ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਦੀ ਆਪਣੀ ਨਾਨੀ (ਮਾਤਾ ਵਿਦਿਆਵਤੀ) ਨਾਲ ਕੀਤੀ ਆਡੀਓ ਇੰਟਰਵਿਊ ਮਿਲਦੀ ਹੈ ਜਿਸ ’ਚ ਉਹ ਦੱਸਦੀ ਹੈ ਕਿ ਉਹ ਜਦੋਂ ਵੀ ਭਗਤ ਸਿੰਘ ਦੇ ਵਿਆਹ ਦੀ ਗੱਲ ਕਰਦੀ ਤਾਂ ਅੱਗਿਓਂ ਉਸ ਦਾ ਜਵਾਬ ਹੁੰਦਾ ਸੀ, ‘‘ਬੇਬੇ, ਮੈਂ ਉਹ ਵਹੁਟੀ ਲਿਆਊਂਗਾ, ਜਿਹੜੀ ਤੈਨੂੰ ਮੰਜੇ ਤੋਂ ਭੁੰਜੇ ਨਾ ਲਹਿਣ ਦੇਵੇ, ਜਿਹੜੀ ਤੈਨੂੰ ਕੋਈ ਕੰਮ ਨਾ ਕਰਨ ਦੇਵੇ ਅਤੇ ਤੇਰੀ ਸੇਵਾ ਕਰੇ।’’
ਇਨ੍ਹਾਂ ਇਨਕਲਾਬੀਆਂ ਦੇ ਪਰਿਵਾਰ ਆਖ਼ਰੀ ਸਮੇਂ ਇਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਸਕੇ। ਦਰਅਸਲ, 23 ਮਾਰਚ ਨੂੰ ਭਗਤ ਸਿੰਘ ਦੇ ਪੂਰੇ ਪਰਿਵਾਰ ਦੀ ਥਾਂ ਸਿਰਫ਼ ਉਸ ਦੇ ਮਾਪਿਆਂ ਨੂੰੂ ਹੀ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ, ਪਰ ਦਾਦਾ ਦਾਦੀ ਅਤੇ ਚਾਚੀਆਂ ਨੂੰ ਮਿਲਣ ਦੀ ਆਗਿਆ ਨਾ ਦਿੱਤੇ ਜਾਣ ਕਾਰਨ ਮਾਪਿਆਂ ਨੇ ਵੀ ਰੋਸ ਵਜੋਂ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ। ਹੋਰ ਤਾਂ ਹੋਰ ਸ਼ਹੀਦ ਰਾਜਗੁਰੂ ਦੀ ਮਾਂ ਤੇ ਭੈਣ ਅਤੇ ਸੁਖਦੇਵ ਦੀ ਮਾਂ ਨੇ ਮੁਲਾਕਾਤ ਦੀ ਇਜਾਜ਼ਤ ਹੋਣ ਦੇ ਬਾਵਜੂਦ ਭਗਤ ਸਿੰਘ ਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਆਪਣੇ ਪੁੱਤਰਾਂ ਨਾਲ ਆਖ਼ਰੀ ਮੁਲਾਕਾਤ ਨਾ ਕੀਤੀ। ਅੰਗਰੇਜ਼ਾਂ ਨੇ ਅਦਾਲਤ ਵੱਲੋਂ ਫਾਂਸੀ ਲਈ ਤੈਅ ਕੀਤੇ ਗਏ ਸਮੇਂ ਦੀ ਵੀ ਉਲੰਘਣਾ ਕੀਤੀ ਕਿਉਂਕਿ ਫਾਂਸੀ ਕਦੇ ਵੀ ਸ਼ਾਮ ਨੂੰ ਨਹੀਂ ਦਿੱਤੀ ਜਾਂਦੀ। ਇਸੇ ਆਡੀਓ ਇੰਟਰਵਿਊ ’ਚ ਪ੍ਰੋ. ਜਗਮੋਹਨ ਸਿੰਘ ਨੇ ਜਦੋਂ ਮਾਤਾ ਵਿਦਿਆਵਤੀ ਨੂੰ ਪੁੱਛਿਆ ਕਿ ਆਖ਼ਰੀ ਮੁਲਾਕਾਤ ’ਚ ਉਨ੍ਹਾਂ ਦੀ ਭਗਤ ਸਿੰਘ ਨਾਲ ਕੀ ਗੱਲ ਹੋਈ ਤਾਂ ਮਾਂ ਦਾ ਜਵਾਬ ਸੀ, ‘‘ਆਖ਼ਰੀ ਮੁਲਾਕਾਤ ਤਾਂ ਹੋਈ ਹੀ ਨਹੀਂ।’’ ਉਸ ਜਦੋਂ ਅੱਗੋਂ ਕਿਹਾ ਕਿ ਉਹ ਤਿੰਨ ਮਾਰਚ ਨੂੰ ਉਨ੍ਹਾਂ ਦੀ ਭਗਤ ਸਿੰਘ ਨਾਲ ਹੋਈ ਆਖ਼ਰੀ ਮੁਲਾਕਾਤ ਦੀ ਗੱਲ ਕਰ ਰਿਹਾ ਹੈ ਤਾਂ ਭਗਤ ਸਿੰਘ ਦੀ ਮਾਤਾ ਦਾ ਕਹਿਣਾ ਸੀ, ‘‘ਭਗਤ ਸਿੰਘ ਨੇ ਮੈਨੂੰ ਕਿਹਾ, ਬੇਬੇ ਤੂੰ ਕਿਤੇ ਗਸ਼ ਖਾ ਕੇ ਨਾ ਪੈ ਜਾਈਂ। ਲਾਸ਼ ਨਾ ਲੈਣ ਆਈਂ। ਤੂੰ ਡਿੱਗ ਪਈ ਤਾਂ ਲੋਕਾਂ ਨੇ ਤੈਨੂੰ ਚੁੱਕਣੈ, ਮੈਨੂੰ ਕਿਸੇ ਨਹੀਂ ਪੁੱਛਣਾ। ਕੁਲਬੀਰ ਸਿੰਘ ਨੂੰ ਘੱਲ ਦਿਓ, ਉਹ ਮੇਰੀ ਲਾਸ਼ ਲੈ ਜਾਵੇ।’’ … ਪਰ ਅੰਗਰੇਜ਼ਾਂ ਨੇ ਤਾਂ ਤਿੰਨਾਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਸਤਿਕਾਰ ਨਾਲ ਨਹੀਂ ਸੀ ਸੌਂਪੀਆਂ।
ਭਗਤ ਸਿੰਘ ਬਾਰੇ ਆਪਣੀ ਕਿਤਾਬ ’ਚ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਲਿਖਦੇ ਹਨ ਕਿ ਲਾਹੌਰ ਦਾ ਆਜ਼ਾਦੀ ਘੁਲਾਟੀਆ ਪਿੰਡੀ ਦਾਸ ਸੌਂਧੀ, ਜੋ ਤਿੰਨਾਂ ਦੀ ਸਜ਼ਾ ਦਾ ਵਿਰੋਧ ਕਰਨ ਵਾਲੀ ਭਗਤ ਸਿੰਘ ਅਪੀਲ ਕਮੇਟੀ ਦਾ ਜਨਰਲ ਸਕੱਤਰ ਸੀ, ਦਾ ਘਰ ਲਾਹੌਰ ਸੈਂਟਰਲ ਜੇਲ੍ਹ ਦੇ ਬਿਲਕੁਲ ਨੇੜੇ ਸੀ। ਫਾਂਸੀ ’ਤੇ ਝੂਲਣ ਤੋਂ ਪਹਿਲਾਂ ਭਗਤ ਸਿੰਘ ਨੇ ਇੰਨੀ ਜ਼ੋਰ ਨਾਲ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ ਕਿ ਉਸ ਦੀ ਆਵਾਜ਼ ਸੌਂਧੀ ਦੇ ਘਰ ਤੱਕ ਸੁਣਾਈ ਦਿੱਤੀ। ਉਸ ਦੀ ਆਵਾਜ਼ ਸੁਣਦਿਆਂ ਹੀ ਜੇਲ੍ਹ ਦੇ ਹੋਰ ਕੈਦੀ ਵੀ ਨਾਅਰੇ ਲਾਉਣ ਲੱਗੇ। ਇਨ੍ਹਾਂ ਇਨਕਲਾਬੀਆਂ ਨੂੰ ਫਾਂਸੀ ਦਿੱਤੇ ਜਾਣ ਮਗਰੋਂ ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਇਨ੍ਹਾਂ ਦੀਆਂ ਲਾਸ਼ਾਂ ਬਾਹਰ ਜਾਣਗੀਆਂ ਤਾਂ ਲੋਕਾਂ ਦਾ ਰੋਹ ਫੁੱਟ ਪਵੇਗਾ।
ਕੁਲਦੀਪ ਨਈਅਰ ਆਪਣੀ ਪੁਸਤਕ ‘ਵਿਦਾਊਟ ਫੀਅਰ: ਲਾਈਫ ਐਂਡ ਟਰਾਇਲ ਔਫ ਭਗਤ ਸਿੰਘ’ ਵਿੱਚ ਲਿਖਦੇ ਹਨ ਕਿ ‘ਪਹਿਲਾਂ ਯੋਜਨਾ ਸੀ ਕਿ ਇਨ੍ਹਾਂ ਤਿੰਨਾਂ ਦਾ ਅੰਤਿਮ ਸੰਸਕਾਰ ਜੇਲ੍ਹ ਅੰਦਰ ਹੀ ਕੀਤਾ ਜਾਵੇਗਾ, ਪਰ ਫਿਰ ਇਹ ਖ਼ਿਆਲ ਛੱਡਣਾ ਪਿਆ ਕਿਉਂਕਿ ਜੇਲ੍ਹ ਅਧਿਕਾਰੀਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਜੇਲ੍ਹ ਤੋਂ ਧੂੰਆਂ ਉੱਠਦਿਆਂ ਦੇਖ ਬਾਹਰ ਖੜ੍ਹੀ ਭੀੜ ਜੇਲ੍ਹ ’ਤੇ ਹਮਲਾ ਕਰ ਸਕਦੀ ਹੈ। ਇਸ ਲਈ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਉਸੇ ਰਾਹ ਤੋਂ ਟਰੱਕ ਅੰਦਰ ਲਿਆਂਦਾ ਗਿਆ ਤੇ ਉਸ ਵਿੱਚ ਬਹੁਤ ਨਿਰਾਦਰੀ ਭਰੇ ਢੰਗ ਨਾਲ ਲਾਸ਼ਾਂ ਨੂੰ ਸਾਮਾਨ ਵਾਂਗ ਸੁੱਟ ਦਿੱਤਾ ਗਿਆ। ਪਹਿਲਾਂ ਤੈਅ ਹੋਇਆ ਸੀ ਕਿ ਉਨ੍ਹਾਂ ਦਾ ਸਸਕਾਰ ਰਾਵੀ ਕੰਢੇ ਕੀਤਾ ਜਾਵੇਗਾ ਪਰ ਫਿਰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਫਿਰੋਜ਼ਪੁਰ ’ਚ ਸਤਲੁਜ ਕਿਨਾਰੇ ਲਿਆਂਦੀਆਂ ਗਈਆਂ। ਉਦੋਂ ਤੱਕ ਰਾਤ ਦੇ ਦਸ ਵੱਜ ਗਏ ਸਨ। ਹਾਲੇ ਮ੍ਰਿਤਕ ਦੇਹਾਂ ਨੂੰ ਅਗਨ ਭੇਟ ਕੀਤਾ ਹੀ ਗਿਆ ਸੀ ਕਿ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ। ਜਿਉਂ ਹੀ ਬਰਤਾਨਵੀ ਸੈਨਿਕਾਂ ਨੇ ਲੋਕਾਂ ਨੂੰ ਆਪਣੇ ਵੱਲ ਆਉਂਦੇ ਦੇਖਿਆ, ਉਹ ਲਾਸ਼ਾਂ ਨੂੰ ਉੱਥੇ ਹੀ ਛੱਡ ਕੇ ਆਪਣੇ ਵਾਹਨਾਂ ਵੱਲ ਭੱਜੇ।
Share this content:



Post Comment