ਮੋਗਾ ਦੇ ਅੰਗਦਪੁਰਾ ਮੁਹੱਲੇ ‘ਚ ਗੋਲੀਆਂ ਮਾਰ ਕੇ 2 ਨੌਜਵਾਨਾਂ ਦਾ ਕਤਲ, 5 ਨੌਜਵਾਨ ਜ਼ਖ਼ਮੀ
ਮੋਗਾ, 26 ਅਕਤੂਬਰ – ਸ਼ਹਿਰ ਦੇ ਅੰਗਦਪੁਰਾ ਮੋਹੱਲੇ ’ਚ ਐਤਵਾਰ ਦੇਰ ਸ਼ਾਮ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਈ ਅੰਨ੍ਹੇਵਾਹ ਫਾਇਰਿੰਗ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਘਰ ਦੇ ਬਾਹਰ ਬੈਠੇ ਚਾਰ ਨੌਜਵਾਨਾਂ ‘ਤੇ ਕਾਲੇ ਰੰਗ ਦੀ ਸਕਾਰਪੀਓ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ ਚਾਰੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਸਾਹਿਲ ਅਤੇ ਗਗਨਦੀਪ ਸਿੰਘ ਦੀ ਮੌਤ ਹੋ ਗਈ, ਜਦਕਿ ਸੋਮਨਾਥ ਉਰਫ਼ ਗੋਰਾ ਅਤੇ ਰਾਘਵ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਹਾ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਖੂਨੀ ਵਾਰਦਾਤ ਨੇ ਕਿਸੇ ਪਰਿਵਾਰ ਤੋਂ ਉਸ ਦਾ ਪੁੱਤ ਖੋਹ ਲਿਆ ਤਾਂ ਕਿਸੇ ਮਾਸੂਮ ਦੇ ਸਿਰ ਤੋਂ ਪਿਓ ਦਾ ਸਾਇਆ ਚੁੱਕ ਦਿੱਤਾ। ਮ੍ਰਿਤਕਾਂ ਵਿੱਚ ਸ਼ਾਮਲ ਗਗਨਦੀਪ ਸਿੰਘ ਇੱਕ ਪੁੱਤ ਦਾ ਪਿਤਾ ਸੀ। ਉਸ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉੱਥੇ ਹੀ, 32 ਸਾਲਾ ਸਾਹਿਲ ਵੀ ਆਪਣੇ ਪਰਿਵਾਰ ਲਈ ਬਿਹਤਰ ਭਵਿੱਖ ਦੇ ਸੁਫ਼ਨੇ ਦੇਖ ਰਿਹਾ ਸੀ। ਉਹ ਸੈਨਿਟਰੀ ਦਾ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਵਿੱਚ ਸੀ ਪਰ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਦੀ ਜ਼ਿੰਦਗੀ ਖਤਮ ਹੋ ਗਈ।
ਘਰ ਦੇ ਬਾਹਰ ਬੈਠੇ ਸਨ ਚਾਰੇ ਨੌਜਵਾਨ, ਅਚਾਨਕ ਚੱਲਣ ਲੱਗੀਆਂ ਗੋਲੀਆਂ
ਜਾਣਕਾਰੀ ਅਨੁਸਾਰ, ਐਤਵਾਰ ਦੇਰ ਸ਼ਾਮ ਸਾਹਿਲ ਆਪਣੇ ਘਰ ਦੇ ਬਾਹਰ ਸਾਥੀਆਂ ਨਾਲ ਬੈਠਾ ਹੋਇਆ ਸੀ। ਉਸ ਸਮੇਂ ਉਸ ਦੇ ਨਾਲ 44 ਸਾਲਾ ਗਗਨਦੀਪ ਸਿੰਘ, ਸੋਮਨਾਥ ਉਰਫ਼ ਗੋਰਾ ਅਤੇ ਰਾਘਵ ਵੀ ਮੌਜੂਦ ਸਨ। ਸੋਮਨਾਥ ਏਅਰ ਕੰਡੀਸ਼ਨਰ ਦੀ ਮੁਰੰਮਤ ਦਾ ਕੰਮ ਕਰਦਾ ਹੈ, ਜਦਕਿ ਰਾਘਵ ਨੇਸਲੇ ਵਿੱਚ ਨੌਕਰੀ ਕਰਦਾ ਹੈ। ਇਸੇ ਦੌਰਾਨ ਕਾਲੇ ਰੰਗ ਦੀ ਸਕਾਰਪੀਓ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਮੌਕੇ ‘ਤੇ ਪਹੁੰਚਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਹਮਲਾਵਰਾਂ ਵੱਲੋਂ ਕੀਤੀ ਗਈ ਤਾਬੜਤੋੜ ਫਾਇਰਿੰਗ ਵਿੱਚ ਚਾਰੇ ਨੌਜਵਾਨ ਜ਼ਖਮੀ ਹੋ ਕੇ ਡਿੱਗ ਪਏ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਹਾਲਾਂਕਿ, ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਏ ਗਏ ਸਾਹਿਲ ਅਤੇ ਗਗਨਦੀਪ ਸਿੰਘ ਦੀ ਜਾਨ ਨਹੀਂ ਬਚਾਈ ਜਾ ਸਕੀ। ਸੋਮਨਾਥ ਉਰਫ਼ ਗੋਰਾ ਅਤੇ ਰਾਘਵ ਦਾ ਇਲਾਜ ਜਾਰੀ ਹੈ।
ਦੋ ਬੱਚਿਆਂ ਦਾ ਪਿਤਾ ਹੈ ਜ਼ਖਮੀ ਸੋਮਨਾਥ, ਪਰਿਵਾਰ ਦੀ ਜ਼ਿੰਮੇਵਾਰੀ ਉਸੇ ‘ਤੇ
ਇਸ ਘਟਨਾ ਵਿੱਚ ਜ਼ਖਮੀ ਸੋਮਨਾਥ ਉਰਫ਼ ਗੋਰਾ ਦੋ ਬੱਚਿਆਂ ਦਾ ਪਿਤਾ ਹੈ। ਉਹ ਏਅਰ ਕੰਡੀਸ਼ਨਰ ਦੀ ਮੁਰੰਮਤ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉੱਥੇ ਹੀ, ਗਗਨਦੀਪ ਸਿੰਘ ਵੀ ਆਪਣੇ ਪਿੱਛੇ ਇੱਕ ਪੁੱਤ ਛੱਡ ਗਿਆ ਹੈ। ਗਗਨਦੀਪ ਦੀ ਮੌਤ ਤੋਂ ਬਾਅਦ ਉਸ ਦੇ ਬੱਚੇ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ। ਦੋਵਾਂ ਪਰਿਵਾਰਾਂ ਲਈ ਇਹ ਹਾਦਸਾ ਜ਼ਿੰਦਗੀ ਭਰ ਨਾ ਭੁੱਲਣ ਵਾਲਾ ਦਰਦ ਬਣ ਗਿਆ ਹੈ। ਦੂਜੇ ਪਾਸੇ, ਸਾਹਿਲ ਆਪਣੇ ਕੰਮਕਾਜ ਨੂੰ ਅੱਗੇ ਵਧਾਉਣ ਲਈ ਸੈਨਿਟਰੀ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ। ਪਰਿਵਾਰ ਨੂੰ ਉਸ ਤੋਂ ਕਾਫ਼ੀ ਉਮੀਦਾਂ ਸਨ ਪਰ ਇਸ ਵਾਰਦਾਤ ਨੇ ਉਨ੍ਹਾਂ ਸਾਰੇ ਸੁਫ਼ਨਿਆਂ ਨੂੰ ਅਧੂਰਾ ਛੱਡ ਦਿੱਤਾ।
ਪੁਰਾਣੀ ਰੰਜਿਸ਼ ਦੇ ਐਂਗਲ ਤੋਂ ਜਾਂਚ ‘ਚ ਜੁਟੀ ਪੁਲਿਸ
ਸ਼ੁਰੂਆਤੀ ਜਾਣਕਾਰੀ ਅਨੁਸਾਰ, ਗੋਲੀਕਾਂਡ ਦੇ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਛਾਣ ਕਰਨ ਅਤੇ ਘਟਨਾ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਜਾਣਕਾਰੀ ਜੁਟਾਈ ਜਾ ਰਹੀ ਹੈ।
Share this content:



Post Comment