ਮੈਡੀਕਲ ਸਮੇਤ ਸਾਰੇ ਯੂਜੀ-ਪੀਜੀ ਕੋਰਸਾਂ ਦੀਆਂ ਕਿਤਾਬਾਂ ਹੁਣ 22 ਭਾਰਤੀ ਭਾਸ਼ਾਵਾਂ ’ਚ ਹੋਣਗੀਆਂ ਉਪਲਬਧ
ਨਵੀਂ ਦਿੱਲੀ, 29 ਜੁਲਾਈ – ਮੈਡੀਕਲ, ਇੰਜੀਨੀਅਰਿੰਗ, ਮੈਨੇਜਮੈਂਟ ਤੇ ਫਾਰਮੇਸੀ ਵਰਗੇ ਉੱਚ ਸਿੱਖਿਆ ਨਾਲ ਜੁੜੇ ਕੋਰਸਾਂ ਦੀ ਰਾਹ ’ਚ ਹੁਣ ਭਾਸ਼ਾ ਰੁਕਾਵਟ ਨਹੀਂ ਬਣੇਗੀ, ਬਲਕਿ ਵਿਦਿਆਰਥੀ ਹੁਣ ਆਪਣੀ ਪਸੰਦ ਨਾਲ 22 ਭਾਰਤੀ ਭਾਸ਼ਾਵਾਂ ’ਚੋਂ ਕਿਸੇ ਵੀ ਭਾਸ਼ਾ ’ਚ ਇਨ੍ਹਾਂ ਦੀ ਪੜ੍ਹਾਈ ਪੂਰੀ ਕਰ ਸਕਣਗੇ। ਸਿੱਖਿਆ ਮੰਤਰਾਲੇ ਨੇ ਹੁਣ ਉੱਚ ਵਿੱਦਿਅਕ ਅਦਾਰਿਆਂ ’ਚ ਪੜ੍ਹਾਏ ਜਾਣ ਵਾਲੇ ਸਾਰੇ ਅੰਡਰ ਗ੍ਰੈਜੂਏਟ (ਯੂਜੀ) ਤੇ ਪੋਸਟ ਗ੍ਰੈਜੂਏਟ (ਪੀਜੀ) ਕੋਰਸਾਂ ਦੀਆਂ ਪ੍ਰਮੁੱਖ ਕਿਤਾਬਾਂ ਨੂੰ 22 ਭਾਰਤੀ ਭਾਸ਼ਾਵਾਂ ’ਚ ਅਨੁਵਾਦ ਕਰ ਕੇ ਡਿਜੀਟਲ ਰੂਪ ਨਾਲ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਪਹਿਲੇ ਪੜਾਅ ’ਚ ਅਨੁਵਾਦ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਮੈਪਿੰਗ ਦਾ ਕੰਮ ਵੀ ਪੂਰਾ ਕਰ ਲਿਆ ਹੈ। ਸਿੱਖਿਆ ਮੰਤਰਾਲੇ ਨੇ ਇਹ ਮੁਹਿੰਮ ਭਾਰਤੀ ਭਾਸ਼ਾ ਪੁਸਤਕ ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤੀ ਹੈ।
ਇਸਦਾ ਮਕਸਦ ਅਗਲੇ ਤਿੰਨ ਸਾਲਾਂ ’ਚ ਯੂਨੀਵਰਸਿਟੀਆਂ ਸਮੇਤ ਦੇਸ਼ ਭਰ ਦੇ ਉੱਚ ਵਿੱਦਿਅਕ ਅਦਾਰਿਆਂ ’ਚ ਪੜ੍ਹਾਏ ਜਾ ਰਹੇ ਕੋਰਸਾਂ ਦੀਆਂ ਕਿਤਾਬਾਂ ਨੂੰ ਭਾਰਤੀ ਭਾਸ਼ਾਵਾਂ ’ਚ ਅਨੁਵਾਦ ਕਰ ਕੇ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਾਉਣਾ ਹੈ। ਮੰਤਰਾਲੇ ਦੇ ਮੁਤਾਬਕ, ਇਸ ਪ੍ਰੋਜੈਕਟ ਦੇ ਤਹਿਤ ਹੁਣ ਤੱਕ ਕਰੀਬ ਚਾਰ ਸੌ ਪ੍ਰੋਗਰਾਮਾਂ ਨਾਲ ਜੁੜੇ 60 ਹਜ਼ਾਰ ਕੋਰਸਾਂ ਦੀ ਢਾਈ ਲੱਖ ਕਿਤਾਬਾਂ ਦੀ ਪਛਾਣ ਕੀਤੀ ਗਈ ਹੈ। ਇਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਉਨ੍ਹਾਂ ਕੋਰਸਾਂ ਤੇ ਭਾਸ਼ਾ ਵਿਚ ਕੀਤੀ ਜਾਏਗੀ, ਜਿਨ੍ਹਾਂ ਦੀ ਮੰਗ ਸੂਬਿਆਂ ਵਲੋਂ ਪਹਿਲਾਂ ਆਏਗੀ, ਯਾਨੀ ਜੇਕਰ ਮਨੀਪੁਰ ਤੋਂ ਕਿਸੇ ਕੋਰਸ ਦੀਆਂ ਕਿਤਾਬਾਂ ਨੂੰ ਪਹਿਲਾਂ ਮਨੀਪੁਰੀ ਬਾਸ਼ਾ ’ਚ ਅਨੁਵਾਦ ਕਰਨ ਦੀ ਬੇਨਤੀ ਆਉਂਦੀ ਹੈ ਤਾਂ ਪਹਿਲਾਂ ਉਸ ਕੋਰਸ ਦੀਆਂ ਕਿਤਾਬਾਂ ਦਾ ਮਨੀਪੁਰੀ ਭਾਸ਼ਾ ਵਿਚ ਅਨੁਵਾਦ ਕੀਤਾ ਜਾਏਗਾ।
Share this content:



Post Comment