Loading Now

“’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

“’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

WhatsApp-Image-2025-09-27-at-12.58.57-PM1-768x1024 “’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

 

ਅਸੀਂ ਕਈ ਸਾਲਾਂ ਤੋਂ ‘ਮੇਪਲ ਦੇ ਮੁਲਕ’ (ਕਨੇਡਾ/ਕੈਨੇਡਾ) ਜਾਣਾਂ ਟਾਲ ਰਹੇ ਸਾਂ।ਕਾਰਨ,ਸਾਡੇ ਮਨ ਵਿਚ ਕਨੇਡਾ ਨੂੰ ਲੈ ਕੇ ਇਸ ਗੱਲ ਦਾ ‘ਰੰਜ’ ਸੀ ਕਿ ਇਸ ਮੁਲਕ ਨੇ ਸਾਡੇ ਅੱਧੇ ਪੰਜਾਬ ਨੂੰ ਓਧਰ ਧੂਹ ਲਿਆ ਸੀ। ਪਰ ਬਿਲਕੁਲ ਇਹੀ ਕਾਰਨ ਬਣਿਆਂ ਸਾਡੀ ਕਨੇਡਾ ਦੀ ਪਲੇਠੀ ਫੇਰੀ ਦਾ। ਆਖਿਰਕਾਰ ਅਸੀਂ ਮਨ ਬਣਾ ਲਿਆ ਕਿ ਕਮਜ਼ਕਮ ਉਹ ਮੁਲਕ ਦੇਖਿਆ ਤਾਂ ਜਾਵੇ ਜਿਸ ਮੁਲਕ ਨੇ ਸਾਡਾ ਅੱਧਾ ਪੰਜਾਬ ਓਧਰ ਧੂਹ ਲਿਆ ਸੀ ਤੇ ਸਾਡੇ ਪ੍ਰਾਂਤ ਦੀ ਡੈਮੋਗਰਾਫੀ ਦਾ ਮੂੰਹ-ਮੱਥਾ ਬਦਲਣ ਦੀ ਕਗਾਰ ਤੇ ਲਿਆ ਖੜਾ ਕੀਤਾ ਸੀ।ਨਿਰਾ ਮੂੰਹ-ਮੱਥਾ ਈ ਨਹੀਂ ਸਗੋਂ ਇਹ ਡਰ ਪੈਦਾ ਹੋ ਗਿਆ ਸੀ/ਹੈ ਕਿ ਜੇ ਪਰਵਾਸ ਦਾ ਮੌਜੂਦਾ ਵਹੀਰਾਂ-ਘਤ ਰੁਝਾਨ ਨਾਂ ਰੁਕਿਆ ਤਾਂ  ਅਗਲੇ ਕੁਝ ਸਾਲਾਂ ਵਿਚ ਪੰਜਾਬ ਵਿੱ!ਚ ਕਿਧਰੇ ਪੰਜਾਬੀ ਹੀ ਘੱਟਗਿਣਤੀ ਵਿਚ ਨਾਂ ਰਹਿ ਜਾਣ!’ਤੇ ਇਹ ਰੁਝਾਨ ਨੇੜਲੇ ਭਵਿੱਖ ਵਿੱਚ ਰੁਕਦਾ ਲਗਦਾ ਨਹੀਂ,ਬੇਸ਼ਕ ਦੁਨੀਆਂ ਭਰ ਦੇ ਵਡੇ ਮੁਲਕਾਂ ਵਿਚ ਵਧ ਰਹੀ ‘ਇਮੀਗਰੇਸ਼ਨ’ ਵਿਰੁਧ ਪ੍ਰਚੰਡ ਰੋਸ ਹੋਣ ਲਗ ਪਏ ਹਨ(ਸਾਡੇ ਇਧਰ ਵੀ ਪਰਵਾਸੀਆਂ ਵਿਰੁੱਧ ਆਵਾਜ਼ਾਂ ਉਠਣ ਲਗ ਪਈਆਂ ਹਨ)!

 

ਖੈਰ,ਅਸੀਂ ‘ਕੈਨੇਡਾ ਡੇਅ’ ਤੇ ਕਨੇਡਾ ਪੁੱਜ ਗਏ,ਜਾਣੀ ਪਹਿਲੀ ਜੁਲਾਈ ਨੂੰ। ਇਸ ਦਿਨ ਓਧਰ ਰਾਸ਼ਟਰੀ ਛੁੱਟੀ ਹੁੰਦੀ ਹੈ।ਸਾਨੂੰ ਟੋਰਾਂਟੋ(ਉਂਟਾਰੀਉ) ਦੇ ਕੌਮਾਂਤਰੀ ਹਵਾਈ ਅੱਡੇ ਉਪਰ ਉਤਰਨ ਉਪਰੰਤ  ‘ਹੈਪੀ ਕੈਨੇਡਾ ਡੇਅ’ ਦੇ ਸੁਆਗਤੀ ਸ਼ਬਦ  ਸੁਨਣ ਨੂੰ ਮਿਲੇ!

WhatsApp-Image-2025-09-27-at-12.58.58-PM1-1024x768 “’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

ਓਧਰ ਕਿਸੇ ਕਰਮਾਂ ਵਾਲੇ ਦਿਨ ਹੀ ਅਜਿਹੀ ਛੁੱਟੀ ਹੁੰਦੀ ਹੈ,ਇਸ ਲਈ ਇਸ ਦਾ ਆਪਣਾ ਹੀ ਅਨੰਦ ਹੁੰਦੈ। ਸਾਡੇ ਇਧਰ ਵਾਂਗ ਨਹੀਂ ਕਿ ਲਗਭਗ ਹਰ ਦਿਨ ਹੀ ਕੋਈ ਨਾਂ ਕੋਈ ਛੁੱਟੀ ਹੁੰਦੀ ਹੈ,ਕੰਮਕਾਜੀ ਦਿਨ ਕੋਈ ਕਰਮਾਂ ਵਾਲਾ ਦਿਨ ਹੀ ਹੁੰਦਾ ਹੈ। ਜੇ ਵੈਸੇ ਛੁੱਟੀ ਨਾ ਹੋਵੇ ਤਾਂ ਅਸੀਂ ਆਪ ਛੁੱਟੀ ਕਰ ਲੈਂਦੇ ਹਾਂ।ਕਦੀ ਕਦੀ ਤਾਂ 4-5 ਦਿਨ ਲਗਾਤਾਰ ਛੁੱਟੀਆਂ  ਦੇ ਹੀ ਹੁੰਦੇ ਹਨ,ਛਨੀਵਾਰ-ਐਤਵਾਰ ਨਾਲ ਜੁੜ ਕੇ ਪੂਰਾ ਹਫਤਾ ਹੀ ਛੁੱਟੀਆਂ ਦਾ!

 

ਓਧਰ ‘ਵਰਕ-ਕਲਚਰ’ ਹੈ,ਏਧਰ ‘ਸ਼ਰਕ-ਕਲਚਰ’!ਭਾਵ ਓਧਰ ਕੰਮ-ਸਭਿਆਚਾਰ ਹੈ ਨਾਂ ਕਿ ਕੰਮ-ਚੋਰੀ ਦਾ ਚਲਨ।ਹਰ ਕੰਮ ਲੋਕ ਆਪ ਕਰਦੇ ਹਨ,ਘਰ ਬਾਹਰ ਸਭ ਆਪ ਅਤੇ ਸੇਵਾਦਾਰ-ਸਭਿਆਚਾਰ (‘ਪੀਅਨ-ਕਲਚਰ’) ਨਹੀਂ ਹੈ। ਕਰੋੜਪਤੀ ਵੀ ਆਪਣੇ ਕੰਮ ਆਪਣੇ ਹੱਥੀਂ ਕਰਦੇ ਹਨ। ਪਰ ਸਾਡੇ ਤਾਂ ਏਧਰ ਸੇਵਾਦਾਰ ਦਾ ਵੀ ਅਗੋਂ ਸੇਵਾਦਾਰ ਹੁੰਦੈ,ਮਾਲਿਕ ਦੀ ਮਹਿਮਾ ਤਾਂ ਅਪ੍ਰੰਮ ਅਪਾਰ! ਝੁਕ ਝੁਕ ਸਲਾਮਾਂ ਕਰੇ ਸੰਸਾਰ!

 

ਕੀ ਜਵਾਨ,ਕੀ ਬੁੱਢੇ,ਕੀ ਬੱਚੇ,ਸਭ ਆਪਣਾ ਕੰਮ ਆਪ ਕਰਨ ਦੇ ਆਦੀ ਹਨ। ਇਹ ਕੰਮ-ਸਭਿਆਚਾਰ ਉਹਨਾਂ ਦੇ ਸੁਭਾ ਦਾ ਹਿਸਾ ਹੈ,ਬਚਪਨ ਤੋਂ ਹੀ ਸਿਖਾਇਆ ਜਾਂਦੈ। ਉਂਝ ਵੀ ਓਧਰ ਸੇਵਾਦਾਰ ਦੀ ਸੇਵਾ ਬੜੀ ਮਹਿੰਗੀ ਪੈਂਦੀ ਹੈ। ਇਕ ਉਦਾਹਰਨ  ਦਿੰਦੇ ਹਾਂ। ਸਾਡੇ ਇਕ ਨਜ਼ਦੀਕੀ ਨੇ ਪੁਰਾਣੀ ਫਰਿਜ ਖ੍ਰੀਦੀ,120 ਡਾਲਰ ਦੀ। ਉਸ ਨੂੰ ਘਰ ਲਿਆਉਣ ਲਈ ਲੇਬਰ ਦਾ ਖਰਚਾ ਪਿਆ 150 ਡਾਲਰ! ਹੈ ਨਾ ਦਾੜੀ ਨਾਲੋਂ ਮੁੱਛਾਂ ਵਡੀਆਂ। ਇਸ ਵਿੱਚ ਸਾਡੇ ਨਜ਼ਦੀਕੀ ਵਲੋਂ ਮਜ਼ਦੂਰਾਂ ਨਾਲ ਵਟਾਇਆ ਹੱਥ ਮੁਫਤੋ ਮੁਫਤੀ!

WhatsApp-Image-2025-09-27-at-12.58.57-PM-1024x767 “’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

ਸੋ,ਆਪਣੇ ਘਰ ਮੂਹਰਲੇ ਘਾਹ ਨੂੰ ਕੱਟਣ,ਲਾਂਡਰੀ,ਮੁਰੰਮਤ ਦੇ ਕੰਮ,ਪਲੰਬਿੰਗ ਦਾ ਛੋਟਾ ਮੋਟਾ ਕੰਮ,ਮਿਸਤਰੀਗੀਰੀ,ਰੋਟੀ-ਟੁਕ,ਟੈਕਸ ਦੇ ਕਾਗਜ਼-ਪੱਤਰ ਭਰਨ ਦਾ ਕਾਰਜ ਆਦਿ ਸਭ ਆਪ ਹੀ ਕਰਨੇ ਪੈਂਦੇ ਹਨ। ਤੇ ਬਾਕੀ ਰੁਜ਼ਗਾਰ ਲਈ 10-12 ਘੰਟੇ ਕੰਮਕਾਜ ਜਾਂ ਕਾਰੋਬਾਰ ਤਾਂ ਭਲਾ ਕਰਨਾ ਹੀ ਹੋਇਆ। ਬੰਦੇ ਦੀ ਮੱਤ ਮਾਰੀ ਰਹਿੰਦੀ ਹੈ।ਦੌੜ ਲਗੀ ਹੋਈ ਹੈ,ਡਾਲਰ,ਹੋਰ ਡਾਲਰ ਕਮਾਉਣ ਦੀ। ਕਈ ਦਾਲ-ਫੁਲਕੇ ਲਈ ਕਮਾ ਰਹੇ ਹਨ,ਕਈ ਕਮਾਈ ਵਿਚ ਹੋਰ ਕਮਾਈ ਜੋੜਨ ਦੀ ਰੇਸ ਕਾਰਨ ਨੜਿੱਨਵੇਂ ਦੇ ਗੇੜ ਵਿਚ ਫਸੇ ਹੋਏ ਹਨ।ਕਿਸੇ ਕੋਲ ਕਿਸੇ ਹੋਰ ਲਈ ਤਾਂ ਕੀ,ਆਪਣੇ ਲਈ ਵੀ ਵਿਹਲ ਨਹੀਂ!ਕੋਈ ਕਰਮਾਂ ਵਾਲਾ/ਵਾਲੀ ਹੀ ਸਮਾਜਿਕ ਮੇਲ-ਮਿਲਾਪ ਰਖਦਾ/ਦੀ ਐ।ਹਾਂ, ਕੁਝ ਕਲਮਕਾਰ ਅਜੇ ਵੀ ਬਾਕਾਇਦਗੀ ਨਾਲ ਜੁੜ ਬਹਿੰਦੇ ਹਨ,ਸਲਾਮ ਹੈ ਉਹਨਾਂ ਨੂੰ!ਉਂਝ ਪੰਜਾਬੀ ਕਮਿਯੂਨਿਟੀ(ਭਾਈਚਾਰਾ/ਸਮੁਦਾਇ) ਸਮਾਜਿਕ,ਸਭਿਆਚਾਰਕ,ਧਾਰਮਿਕ ਤਿਉਹਾਰਾਂ/ਸਮਾਗਮਾਂ ਵਿੱਚ ਵੀ ਸ਼ਿਰਕਤ ਕਰਦਾ ਰਹਿੰਦੈ।

ਕੈਨੇਡਾ ਦਾ ਅਗਲਾ ਮਿੱਠਾ ਪ੍ਰਭਾਵ ਉਥੋਂ ਦੇ ਟ੍ਰੈਫਿਕ ਨਿਯਮਾਂ ਦੇ ਧਰਮ ਦੀ ਪਾਲਣਾ ਕਰਨਾ ਹੈ। ਮਜਾਲ ਹੈ ਕੋਈ ਉਲੰਘਣਾ ਕਰੇ। ਪੁਲਿਸ ਕਿਧਰੇ ਦਿਸਦੀ ਨਹੀਂ। ਕੈਮਰੇ ਵੀ ਘਟ ਹਨ, ਦੁਬਈ ਨਾਲੋਂ ਤਾਂ ਬਹੁਤ ਹੀ ਘਟ। ਪੁਰਾਣੇ ਰਹਿਣ ਵਾਲੇ ਦਸਦੇ ਹਨ ਕਿ ਇਹ ਥੋੜੇ ਬਹੁਤੇ ਕੈਮਰੇ ਵੀ ਕੁਝ ਸਾਲ ਪਹਿਲਾਂ ਹੀ ਲਗੇ ਹਨ। ਉਹ ਵੀ ਜਦ ਤੋਂ ‘ਇੰਮੀਗਰੈਂਟਸ’ ਦੀ ਗਿਣਤੀ ਵਧੀ ਹੈ।ਭਾਂਤ-ਸੁਭਾਂਤ ਦੇ ਲੋਕ ਆਉਣ ਨਾਲ ਕੁਝ ਨਿਯਮ ਤੋੜਨ ਵਾਲੇ ਵੀ ਪੁੱਜ ਗਏ ਹਨ। ਵਰਨਾਂ,ਕੈਨੇਡਾਵਾਲਿਆਂ ਦੁਆਰਾ ਇਹਨਾਂ ਨਿਯਮਾਂ ਦੀ ਪਾਲਣਾ ਕਰਨਾਂ ਉਹਨਾਂ ਦੇ ਡੀ.ਐਨ.ਏ. ਵਿੱਚ ਹੈ।

WhatsApp-Image-2025-09-27-at-12.58.58-PM2-1024x768 “’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

ਪੈਦਲ ਚਲਣ ਵਾਲਿਆਂ ਲਈ ਹਰ ਚੌਂਕ ਵਿੱਚ ਇੱਕ ਖੰਭੇ ਉਪਰ ਬਟਨ ਲਗਾ ਹੈ,ਜੋ ਦੱਬਣ ਉਪਰੰਤ ਪੈਦਲਾਂ ਵਲੋਂ ਸੜਕ ਪਾਰ ਕਰਨ ਦਾ ਚਿੰਨ੍ਹ ਪ੍ਰਗਟ ਕਰਦੈ। ਵੈਸੇ ਵੀ ਪੈਦਲਾਂ ਦੁਆਰਾ ਸੜਕ ਪਾਰ ਕਰਨ ਲਈ ਉਹਨਾਂ ਨੂੰ ਪ੍ਰਾਥਮਿਕਤਾ ਦਿਤੀ ਜਾਂਦੀ ਹੈ।ਅਜਿਹਾ ਕਰਨ ਕਾਰਨ ਹਰ ਪੈਦਲ ਸੜਕ ਪਾਰ ਕਰਨ ਵਾਲਾ/ਵਾਲੀ ਆਪਣਾ ਇੱਕ ਹੱਥ ਉਪਰ ਨੂੰ ਚੁੱਕ ਕੇ ਗੱਡੀ ਵਾਲੇ ਦਾ ਧੰਨਵਾਦ ਕਰਦੈ। ਕਈ ਤਾਂ 2-3 ਵਾਰ ਹੱਥ ਉਪਰ ਨੂੰ ਚੁੱਕਦੇ ਹਨ। ਅਸੀਂ ਉਸ ਵਕਤ ਬਹੁਤ ਭਾਵੁਕ ਹੋ ਗਏ ਜਦ ਇਕ ਦਿਵਅੰਗ ਵਿਅਕਤੀ,ਜਿਸ ਦਾ ਸਰੀਰ ਕਈ ਥਾਂ ਤੋਂ ਮੁੜਿਆ ਸੀ, ਉਸ ਦੇ ਅੰਗ ਝੋਲੇ ਖਾਂਦੇ ਰਹੇ ਸਨ ਤੇ ਉਹ ਝਟਕੇ ਜਿਹੇ ਲੈ ਕੇ ਤੁਰ ਰਿਹਾ ਸੀ,ਨੇ ਆਪਣੇ ਹਿਲ ਰਹੇ ਹੱਥ ਨੂੰ ਬੜੀ ਹੀ ਮੁਸ਼ਕਿਲ ਨਾਲ ਉਪਰ ਉਠਾ ਕੇ  ਗੱਡੀ ਚਲਾਉਂਦੇ ਸਾਡੇ  ਬੇਟੇ ਸਿਮਰਨ ਦਾ 2-3 ਵਾਰ ਧੰਨਵਾਦ ਕੀਤਾ।

ਪੈਦਲ ਤਾਂ ਪੈਦਲ,ਓਧਰ ਤਾਂ ਸੜਕ ਪਾਰ ਕਰਨ ਵਾਲੇ ਪੰਖੇਰੂਆਂ ਤਕ ਨੂੰ ਰਾਹ ਦਿਤੇ ਜਾਣ ਦੀ ਪ੍ਰਾਥਿਮਕਤਾ ਦਿਤੀ ਜਾਂਦੀ ਹੈ! ਇਹ ਗੱਲ ਅਸੀਂ ਆਪ ਦੇਖੀ ਹੈ।

ਸਾਨੂੰ ਨਾਲ ਹੀ ਆਪਣੇ ਮੁਲਕ ਵਿਚ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਗੱਲ ਯਾਦ ਆ ਗਈ। ਸਾਡੇ ਤਾਂ ਏਧਰ ਕੋਈ ਆਪਣੇ ਬਲਬੂਤੇ ਸੜਕ ਪਾਰ ਕਰ ਜਾਏ ਤਾਂ ਕਰ ਜਾਏ,ਨਹੀਂ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ! ਗੱਡੀਆਂ ਦੀ ਘੜਮਸ ਤੇ ਤੇਜ਼ ਰਫਤਾਰੀ ਕਾਰਨ ਜੇ ਸੜਕ ਪਾਰ ਕਰਨ ਲਗਿਆ ਤੁਹਾਡੀਆਂ ਬੁੱਚੀਆਂ ਨਹੀਂ ਪੈਂਦੀਆਂ ਤਾਂ ਸਮਝੋ ਤੁਸੀਂ ਚੰਗੇ ਲੇਖ ਲਿਖਾ ਕੇ ਆਏ ਹੋ!ਵਡੇ ਸ਼ਹਿਰਾਂ ਵਿਚ ਜ਼ੈਬਰਾ ਕਰਾਸਿੰਗ ਸਾਡੇ ਵੀ ਹਨ ਪਰ ਮੰਨਦੇ ਕਰਮਾਂ ਵਾਲੇ ਹੀ ਹਨ।ਸਾਡੇ ਤਾਂ ਜੇ ਕੋਈ ਸਾਡੇ ਵਰਗਾ ਗਰੀਬੜਾ ਸੜਕ ਪਾਰ ਕਰਨ ਵਿਚ ਸਫਲ ਹੋ ਜਾਏ ਤਾਂ ਲੋਕ ਵਧਾਈਆਂ ਦਿੰਦੇ ਹਨ!

ਸਾਈਕਲਾਂ ਵਾਲਿਆਂ ਲਈ ਵੱਖਰੇ ਟਰੈਕ ਹਨ।ਇਹਨਾਂ ਉਪਰ ਹਰਾ ਰੰਗ ਕੀਤਾ ਹੁੰਦੈ।ਦਿਹਾਤੀ ਇਲਾਕਿਆਂ ਵਿਚ,ਜਿਥੇ ਸੜਕਾਂ ਘਟ ਚੌੜੀਆਂ ਹਨ,ਸੜਕ ਉਪਰ ਸਾਈਕਲ ਦੀ ਤਸਵੀਰ ਬਣਾਈ ਹੁੰਦੀ ਹੈ ਤਾਂ ਕਿ ਗੱਡੀ ਚਾਲਕਾਂ ਨੂੰ ਪਤਾ ਲਗ ਸਕੇ ਕਿ ਉਸ ਸੜਕ ਤੇ ਸਾਈਕਲਾਂ ਵਾਲੇ ਵੀ ਚਲਦੇ ਹਨ।

ਓਧਰ ਹਾਰਨ ਬਹੁਤ ਘਟ ਸੁਨਣ ਨੂੰ ਮਿਲੇ,ਬਲਕਿ ਬਹੁਤ ਹੀ ਘਟ ਸੁਨਣ ਨੂੰ ਮਿਲੇ। ਅਸੀਂ 32 ਦਿਨ ਕੈਨੇਡਾ ਦੇ ਵਡੇ ਪ੍ਰਾਂਤਾਂ ਓਨਟਾਰੀਉ ਅਤੇ ਐੇਲਬਰਟਾ ਦੇ ਵਡੇ-ਛੋਟੇ ਸ਼ਹਿਰਾਂ ਟੋਰਾਂਟੋ,ਬਰੈਂਪਟਨ,ਕੈਲਗਰੀ,ਕਿਚਨਰ,ਮਿਸੀਸਾਗਾ,ਨਾਇਗਰਾ,ਓਕਲੈਂਡ ਆਦਿ ਅਤੇ ਦਿਹਾਤੀ ਇਲਾਕਿਆਂ ‘ਚ ਸੈਂਕੜੇ ਕਿਲੋ ਮੀਟਰ ਦਾ ਸੈਰ-ਸਫਰ ਕੀਤਾ ਪਰ ਸਿਰਫ ਦੋ ਵਾਰ ਹਾਰਨ ਵਜਦਾ ਸੁਣਿਆਂ।ਉਹ ਵੀ ਉਦੋਂ ਜਦ ਮੂਹਰਲੀ ਗੱਡੀ ਵਾਲੇ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ।ਓਧਰ ਹਾਰਨ ਵਜਣਾ ਗਾਲੀ ਸਮਝਿਆ ਜਾਂਦੈ। ਸਾਡੇ ਇਧਰ ਹਾਰਨ ਗੱਡੀ ਚਾਲਕਾਂ ਲਈ ਮਨੋਰੰਜਨ ਦਾ ਸਾਧਨ ਹੈ,ਮਿਯੂਜ਼ਿਕ ਵਜਦਾ ਰਹਿੰਦੈ,ਬੌਲੀਵੁਡ/ਪੌਲੀਵੁਡ ਦੇ ਗਾਣਿਆਂ ਦੀਆਂ ਧੁਨਾਂ ਤੇ ਮੋਬਾਈਲ ਦੀਆਂ ਰਿੰਗਟੋਨਾਂ ਵਾਂਗ।ਕਈ ਤਾਂ ਲੌਢੂਵਾਲ ਤੋਂ ਲੁਧਿਆਣੇ ਤਕ ਹਾਰਨ ਤੋਂ ਹੱਥ ਹੀ ਨਹੀਂ ਚੁਕਦੇ ਤੇ ਪੌਂ ਪੌਂ ਤੇ ਭੌਂ ਭੌਂ ਨਾਲ ਸੁਰ-ਸਾਜ਼ਾਂ ਸੰਗ ਸਵੈ ਦਾ ਵੀ ਤੇ ਸਾਡਾ ਵੀ ਸੰਗਮ ਕਰਵਾਉਂਦੇ ਰਹਿੰਦੇ ਹਨ!

ਪਾਰਕ ਬਹੁਤ ਹਨ ਤੇ ਬਹੁਤ ਹੀ ਸਾਫ ਹਨ।ਥਾਂ ਥਾਂ ਫੁੱਲ-ਬੂਟੇ ਹਨ। ਬਰੈਂਪਟਨ ਦੀ ਤਾਂ ਟੈਗਲਾਈਨ ਹੀ ਫੁੱਲਾਂ ਦਾ ਸ਼ਹਿਰ ਹੈ ਅਤੇ ਕੈਲਗਰੀ ਦੀ ਜੰਗਲੀ ਗੁਲਾਬਾਂ ਦਾ ਸ਼ਹਿਰ! ਹਰਿਆਵਲ ਹੀ ਹਰਿਆਵਲ ਹੈ।ਬਿਰਖਾਂ-ਬੂਟਿਆਂ,ਜੰਗਲਾਂ ਦੀ ਭਰਮਾਰ।ਖੇਤਾਂ ਵਿਚ ਵੀ ਦਰਖਤਾਂ ਦੇ ਝੁਰਮਟ ਹਨ ਝਿੜੀਆਂ ਦੇ।

ਸੜਕਾਂ ਉਪਰ ਵੀ ਰੱਜ ਕੇ ਸਫਾਈ ਹੈ।ਸੜਕਾਂ ਚਕਾ-ਚੱਕ ਹਨ,ਚੌੜੀਆਂ-ਚਗਲੀਆਂ।ਦਿਹਾਤੀ ਇਲਾਕਿਆਂ,ਜੰਗਲੀ ਖੇਤਰਾਂ ਦੀਆਂ ਸੜਕਾਂ ਬੇਸ਼ਕ ਕੁਝ ਭੀੜੀਆਂ ਹਨ ਪਰ ਹਨ ਮਲਾਈ ਵਰਗੀਆਂ।‘ਟਰੇਲਾਂ’(ਪਗ-ਡੰਡੀਆਂ) ਵੀ ਸਾਫ-ਸੁਥਰੀਆਂ।ਸੜਕਾਂ ਤੇ ਕੋਈ ਅਵਾਰਾ ਪਸ਼ੂ ਜਾਂ ਕੁੱਤਾ ਨਹੀਂ ਦਿਸਦਾ।ਸੈਰ-ਸਪਾਟੇ ਦੇ ਸਥਾਨਾਂ,ਝੀਲਾਂ,ਜੰਗਲਾਂ-ਬੇਲਿਆਂ,ਫਾਰਮਲੈਂਡਾਂ, ਸੜਕਾਂ,ਕਨਜ਼ਰਵੇਸ਼ਨ ਦੇ ਇਲਾਕਿਆਂ ਵਿਚ ਮਜਾਲ ਹੈ ਕਿਧਰੇ ਕਾਗਜ਼ ਦਾ ਟੁਕੜਾ ਵੀ ਦਿਸ ਪਵੇ!

ਬੁਢਾਪਾ ਬੜਾ ਸੁਰੱਖਿਅਤ ਹੈ।ਸਾਡੇ ਬਜ਼ੁਰਗਾਂ ਨੂੰ ਕੈਨੇਡਾ ਸਰਕਾਰ ਸਾਂਭਦੀ ਹੈ ਪੈਨਸ਼ਨਾਂ ਦੇ ਕੇ,ਮੁਫਤ ਯਾਤਰਾ ਅਤੇ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਕੇ। ਇਹ ਸਮਾਜਿਕ ਸੁਰੱਖਿਆ ਹੀ ਹੈ ਜਿਸ ਕਾਰਨ ਸਾਡੇ ਓਧਰਲੇ ਬਜ਼ੁਰਗ ਇੱਕ ਸਨਮਾਨਜਨਕ (‘ਡਿਗਨੀਫਾਈਡ’) ਬੁਢਾਪਾ ਹੰਢਾ ਰਹੇ ਹਨ। ਕੁਝ ਕਰਮਾਂ ਵਾਲੇ ਬੱਚੇ ਹੋਣਗੇ ਜੋ ਆਪਣੇ ਬਜ਼ੁਰਗਾਂ ਦੀ ਦੇਖ-ਭਾਲ ਕਰਦੇ ਹੋਣਗੇ,ਵਰਨਾਂ ਜੇ ਉਪਰੋਕਤ ਸਹੂਲਤਾਂ,ਖਾਸ ਕਰਕੇ ਪੈਨਸ਼ਨ ਤੇ ਮੁਫਤ ਸਿਹਤ ਸੇਵਾਵਾਂ,ਨਾਂ ਹੋਣ ਤਾਂ ਸਾਨੂੰ ਨਹੀਂ ਲਗਦਾ ਕਿ 10% ਔੋਲਾਦਾਂ ਵੀ ਆਪਣੇ ਬਜ਼ੁਰਗਾਂ ਦੀ ਝਾਲ ਝੱਲ ਸਕਣ!

ਕੈਨੇਡੀਅਨ ਕੌਫੀ ਆਸਰੇ ਜੀਊਂਦੇ ਹਨ!ਠੰਡ ਦੇ ਝੰਬੇ,ਫੁੱਟ 2 ਲੰਮੇ ਗਲਾਸ ਭਰ ਭਰ ਕੌਫੀ ਪੀਂਦੇ ਹਨ ਤੇ ਕਈ ਕਈ ਵਾਰ ਪੀਂਦੇ ਹਨ।‘ਟਿੰਮ ਹਾਰਟਨਜ਼’ ਦੀ ਕੌਫੀ ਉਹਨਾਂ ਦੀ ਆਦਤ ਬਣ ਚੁਕੀ,ਸਮਝੋ ਇੱਕ ਨਸ਼ਾ।ਕਿਸੇ ਵੀ ਮਹਿਮਾਨ ਨੂੰ ਟਿੰਮ ਲਿਜਾਏ ਬਿਨਾਂ ਉਸ ਦੀ ਹਾਜ਼ਰੀ ਨਹੀਂ ਪੈਂਦੀ,ਜਾਣੀ ਉਸ ਦਾ ਸ਼ਗਨ/ਜਸ਼ਨ ‘ਟਿੰਮ ਅੰਕਲ’ ਦੇ ਗਿਆਂ ਹੀ ਪੂਰਾ ਹੁੰਦੈ।ਟਿੰਮ ਹੋਰਟਨਜ਼ ਕੈਨੇਡਾ ਦੀ ਬਹੁ-ਕੌਮੀ ਕੌਫੀ ਅਤੇ ਰੈਸਟੋਰੈਂਟਾਂ ਦੀ ਹਰਮਨ-ਪਿਆਰੀ ਚੇਨ ਹੈ। ਕਈ ਹੋਰ ਥਾਂਵਾਂ ਦੀ ਕੌਫੀ ਵੀ ਪੀਂਦੇ ਹਨ।

ਹੁਣ ਜ਼ਰਾ ਕੁਝ ਖੱਟੀਆਂ ਹੋ ਜਾਣ।

ਕੈਨੇਡਾ ਦਾ ਅਰਥਚਾਰਾ ਮੰਦਵਾੜੇ ਦਾ ਸ਼ਿਕਾਰ ਹੈ।ਬੇਰੁਜ਼ਗਾਰੀ ਅਤੇ ਅਪਰਾਧ ਦਰ ਵਧ ਰਹੇ ਹਨ।ਮੰਦਵਾੜੇ ਨੇ ਵਿਸ਼ਵ ਭਰ ਦੇ ਮੁਲਕਾਂ ਨੂੰ ਪ੍ਰਭਾਵਤ ਕੀਤਾ ਹੈ ਪਰ ਕੈਨੇਡਾ ਵਿਰੁਧ ਅਮਰੀਕਾ ਵਲੋਂ ਟੈਰਿਫ ਲਗਾਏ ਜਾਣ ਅਤੇ ਇਸ ਉਪਰੰਤ ਕੈਨੇਡਾ-ਅਮਰੀਕਾ ਦੇ ਸਬੰਧ ਅਣਸੁਖਾਵੇਂ ਹੋਣ ਕਾਰਨ ਇਸ ਦੀ ਆਰਥਿਕਤਾ ਉਪਰ ਵਧੇਰੇ ਅਸਰ ਹੋਇਆ ਹੈ।ਬੇਰੁਜ਼ਗਾਰੀ ਵਧੀ ਹੈ।ਸਾਡੇ ਇਧਰੋਂ ਸਟੱਡੀ ਵੀਜ਼ੇ ਉਪਰ ਗਏ ਵਿਦਿਆਰਥੀ ਬਹੁਤ ਹਿੱਟ ਹੋਏ ਹਨ।ਉਹਨਾਂ ਦਾ ਕੰਮ ਤੇ ਘਟ ਉਜਰਤਾਂ ਦੇ ਕੇ ਸੋਸ਼ਣ ਕੀਤਾ ਜਾਂਦਾ ਹੈ।ਇਸ ਵਿਚ ਸਾਡੇ ਆਪਣੇ ਲੋਕ ਵੀ ਘਟ ਨਹੀਂ ਕਰਦੇ।

ਜਿਹੜੇ ਨੌਜਵਾਨ ਸਰਦੇ-ਪੁਜਦੇ ਘਰਾਂ ਚੋਂ ਗਏ ਹਨ ਉਹ ਤਾਂ ਘਰੋਂ ਪੈਸੇ ਮੰਗਵਾ ਲੈਂਦੇ ਹਨ ਪਰ ਜਿਹੜੇ ਸਧਾਰਨ ਘਰਾਂ ਚੋਂ ਗਏ ਹਨ ਉਹਨਾਂ ਨੂੰ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ।ਸਰਫਾਖੋਰੀ ਕਰ ਰਹੇ ਇਹ ਨੌਜਵਾਨ ਛੋਟੇ ਛੋਟੇ ਬੇਸਮੈਂਟਾਂ(ਤਹਿਖਾਨਿਆਂ) ਵਿਚ ਕੁੱਕੜਾਂ ਵਾਂਗ ਤੂੜੇ ਹੋਏ 4-4,5-5 ਰਹਿ ਰਹੇ ਹਨ।ਨਾਂ ਚੜ੍ਹਦੇ ਸੂਰਜ ਦਾ ਪਤਾ ਤੇ ਨਾਂ ਹੀ ਛੁਪਦੇ ਸੂਰਜ ਦਾ।ਜੇ ਕੋਈ ਇਕੱਲਾ ਰਹਿ ਰਿਹੈ ਤਾਂ ਜਾਂ ਤਾਂ ਖੁੱਡੇ ਜਿਹੇ ਵਰਗੇ ਬੇਸਮੈਂਟ ਵਿਚ ਰਹਿੰਦੈ ਅਤੇ ਜਾਂ ਫਿਰ ਘਰ ਦਿਆਂ ਦੀ ਆਰਥਕ ਸਹਾਇਤਾ ਨਾਲ ਖੁਲ਼੍ਹੇ-ਡੁਲੇ ਘਰ ਜਾਂ ਤਹਿਖਾਨੇ ਵਿਚ। ਕਈ ਥਾਂ ਲੜਕੇ-ਲੜਕੀਆਂ ਇਕੱਠੇ  ਰਹਿੰਦੇ ਹਨ,ਜੋ ਬੜੀ ਅਲੋਚਨਾ ਦਾ ਸਬਬ ਬਣਦੇ ਹਨ,ਖਾਸ ਕਰਕੇ ਲੜਕੀਆਂ।

ਓਧਰਲਾ  ਮੀਡੀਆ ਵੀ ਇਸ ਪੱਖ ਨੂੰ ਬਹੁਤ ਉਛਾਲਦਾ ਹੈ।

ਕਿਰਸ ਕਰਨ ਹਿਤ ਸਧਾਰਨ ਘਰਾਂ ਦੇ ਵਿਦਿਆਰਥੀ/ਸੰਘਰਸ਼ੀਲ ਪਰਵਾਸੀ ਸਸਤੇ ਭਾਅ ਦੀਆਂ ਦੁਕਾਨਾਂ ਤੋਂ ਸੌਦਾ ਲੈਂਦੇ ਹਨ,ਡਿਸਕਾਊਂਟ ਵਾਲੀ ਸ਼ਾਪਿੰਗ ਨੂੰ ਪਹਿਲ ਦਿੰਦੇ ਹਨ,ਸੈਕੰਡ ਹੈਂਡ(ਪੁਰਾਣੀਆਂ) ਵਸਤਾਂ ਖ੍ਰੀਦਦੇ ਹਨ।

ਜੁਰਮ ਬਹੁਤ ਵਧ ਗਏ ਹਨ।ਸੈਰ ਕਰਦੇ ਜਾਂ ਗੁਰਦਵਾਰੇ/ਮੰਦਿਰ ਜਾਣ ਵਾਲੇ ਬਜ਼ੁਰਗ ਟਾਰਗੈਟ ਕੀਤੇ ਜਾ ਰਹੇ ਹਨ।ਸਾਡੇ ਵਾਂਗ ਓਧਰ ਵੀ ਸੋਨੇ ਦੀਆਂ ਮੁੰਦੀਆਂ, ਚੈਨੀਆਂ, ਮੋਬਾਈਲ ਆਦਿ ਖੋਹਣ ਦੀਆਂ ਘਟਨਾਵਾਂ ਵਾਪਰਨ ਲਗ ਪਈਆਂ ਹਨ।ਚੋਰੀਆਂ ਵੀ ਹੋਣ ਲਗ ਪਈਆਂ ਹਨ।ਇਕ 45 ਸਾਲ ਤੋਂ ਬਰੈਂਪਟਨ ਰਹਿਣਵਾਲੇ ਦੁਆਬੀਏ ਬਜ਼ੁਰਗ ਨੇ ਕਿਹਾ ਕਿ ਹੁਣ ਏਧਰ ਵੀ ਘਰ ਖੁਲ੍ਹੇ ਛਡ ਕੇ ਜਾਣ ਦਾ ਜ਼ਮਾਨਾਂ ਨਹੀਂ ਰਿਹਾ।ਉਸ ਅਨੁਸਾਰ ਪਿਛਲੇ 4 ਕੁ ਸਾਲਾਂ ਤੋਂ ਹਾਲਾਤ ਵਿਗੜ ਰਹੇ ਹਨ।

‘ਕਾਰ-ਜੈਕਿੰਗ’(ਕਾਰ-ਖੋਹਣ/ ਲੁੱਟਣ) ਦੇ ਕੇਸ ਵਧ ਰਹੇ ਹਨ।ਗੈਂਗ ਗਤੀਵਿਧੀਆਂ ਵੀ ਵਧ ਰਹੀਆਂ ਹਨ, ਹੁੱਲੜਬਾਜ਼ੀ ਵੀ ਤੇ ਨਸ਼ੇੜੀ ਵੀ।ਆਪਣੇ ਵਾਂਗ ਓਧਰ ਵੀ ਕਈ ਖਾਂਦੇ-ਪੀਂਦੇ ਕਾਰੋਬਾਰੀਆਂ ਨੂੰ ਨਿਸ਼ਾਨਾਂ ਬਣਾਇਆ ਜਾਣ ਲਗੈ।

ਆਪਾਂ ਸਾਰਿਆਂ ਨੂੰ ਪਤੈ ਕਿ ਕਿਵੇਂ ਸਰੀ(ਬੀ.ਸੀ.) ਵਿੱਚ ਇੱਕ ਭਾਰਤੀ ਕਲਾਕਾਰ ਦੇ ਕੈਫੇ ਉਪਰ ਇਕ ਮਹੀਨੇ ਵਿਚ ਦੋ ਵਾਰ ਗੋਲੀਆਂ ਚਲੀਆਂ।

ਕੈਸਲਮੋਰ(ਬਰੈਂਪਟਨ) ਇਲਾਕੇ ਵਿਚ ਇਕ ਟਰੱਕਿੰਗ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਇਸ ਦੀ ਤਾਜ਼ਾ ਉਦਾਹਰਨ ਹੈ। ਇਸ ਤੋਂ ਪਹਿਲਾਂ ਇਸੇ ਇਲਾਕੇ ਵਿਚ ਇਕ ਗੁਰਸਿੱਖ ਕਾਰੋਬਾਰੀ ਦੇ ਘਰ ਤੇ ਗੋਲੀਆਂ ਚਲੀਆਂ ਸਨ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਪਈ।

ਕੁਝ ਸਾਡੇ ਲੋਕ ਵੀ ਟ੍ਰੈਫਿਕ ਨਿਯਮ ਤੋੜਨ ਲਗ ਪਏ ਹਨ। ਉੱਚੀ ਆਵਾਜ਼ ਵਿਚ ਡੀ.ਜੇ. ਜਾਂ ਗਾਣੇ ਲਾ ਕੇ ਗੱਡੀਆਂ ਡ੍ਰਾਈਵ ਕਰਦੇ ਹਨ। ਇਸ ਨਾਲ ਸਮੁੱਚਾ ਪੰਜਾਬੀ ਭਾਈਚਾਰਾ ਬਦਨਾਮ ਹੁੰਦਾ ਹੈ।

ਕਦੀ ਕਦੀ ਨਸਲੀ ਵਿਤਕਰਾ ਦੇਖਣ ਨੂੰ ਵੀ ਮਿਲਦੈ। ਸਾਨੂੰ ਖੁਦ ਹਵਾਈ ਅੱਡੇ ਉਪਰ ਇਸ ਦਾ ਆਭਾਸ ਹੋਇਆ ਜਦ ਸਾਡੇ ਵਾਰ ਵਾਰ ਇੱਕ ਗੋਰੇ ਕੋਲੋਂ ਕੁਝ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਨਾਕਾਮ ਰਹੀ। ਸੁਰੱਖਿਆ ਵਿਚ ਤਾਇਨਾਤ ਇਹ ਗੋਰਾ ਬਸ ਆਕੜ ਕੇ ਖੜਾ ਰਿਹਾ,ਜਵਾਬ ਨਾਂ ਦਿਤਾ। ਹਾਂ,ਇੱਕ ਹੋਰ ਜਣੇ ਨੇ ਸਹਾਇਤਾ ਕੀਤੀ।

ਇਕ ਦਿਨ ਇਕ ਗੋਰਾ ਮੁੰਡਾ-ਕੁੜੀ ‘ਈ-ਸਕੂਟਰ’ ਉਪਰ ਸੜਕ ਤੇ ਮਸਤੀਆਂ ਕਰਦੇ ਜਾ ਰਹੇ ਸਨ ਅਤੇ ਆਪ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਬਾਵਜੂਦ ਦੂਸਰੇ ਪਰਵਾਸੀ ਗੱਡੀ ਚਾਲਕ ਨੂੰ ਗਾਲੀ ਕਢਣ ਦੇ ਨਾਲ ਨਾਲ ਉਸ ਵਿਰੁਧ ਨਸਲੀ ਟਿੱਪਣੀ ਵੀ ਕਰ ਗਏ ।

ਹਨ ਤਾਂ ਇਹ ਛੁਟ-ਪੁਟ ਘਟਨਾਵਾਂ ਪਰ ਇਹਨਾਂ ਵਿਚ ਪਰਵਾਸੀਆਂ ਪ੍ਰਤੀ ਨਫਰਤ ਦੀ ਭਾਵਨਾਂ ਪ੍ਰਬਲ ਦਿਸਦੀ ਹੈ। ਕੈਨੇਡਾ ਸਰਕਾਰ ਵੀ ਹੁਣ ਵੀਜ਼ਾ ਸ਼ਰਤਾਂ ਸਖਤ ਕਰ ਰਹੀ ਹੈ ਤਾਂ ਕਿ ਵਧ ਰਹੇ ਪਰਵਾਸ ਨੂੰ ਠੱਲ੍ਹ ਪਾਈ ਜਾ ਸਕੇ। ਵਰਕ ਪਰਮਿਟ,ਵਿਜ਼ਿਟਰ ਵੀਜ਼ਾ,ਸਟੱਡੀ ਵੀਜ਼ਾ ਦੇਣ ਲਈ ਪਹਿਲੇ ਵਾਲੀ ਗੱਲ ਨਹੀਂ ਰਹੀ। ਵੀਜ਼ਾ ਦੇਣ ਤੋਂ ਨਾਂਹ ਕਰਨ(ਰਿਫਿਯੂਜ਼ਲ ਰੇਟ) ਦੇ ਮਾਮਲੇ 2-3 ਗੁਣਾਂ ਵਧ ਗਏ ਹਨ। ਇੱਕ ਤਾਜ਼ਾ ਉਦਾਹਰਨ ਦਿੰਦੇ ਹਾਂ। ਸਾਡੇ ਭਰਾ-ਭਰਜਾਈ ਨੂੰ ਜੁਲਾਈ ਵਿੱਚ ਉਹਨਾਂ ਦੀ ਕੈਲਗਰੀ ਵਿਚ ਵਸਦੀ ਬੇਟੀ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਵੀਜ਼ਾ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਗਈ,ਜਦ ਕਿ ਸਾਡੀ ਭਰਜਾਈ ਕੁਝ ਸਾਲ ਪਹਿਲਾਂ ਆਪਣੀ ਬੇਟੀ ਕੋਲ ਕੁਝ ਮਹੀਨੇ ਰਹਿ ਆਈ ਹੈ।

ਵਧ ਰਹੇ ਪਰਵਾਸ ਦਾ ਵਿਰੋਧ ਸਿਰਫ ਗੋਰੇ ਹੀ ਨਹੀਂ ਕਰ ਰਹੇ,ਕਈ ਪੁਰਾਣੇ ਵਸੇ ਹੋਏ ਪੰਜਾਬੀ ਵੀ ਕਰ ਰਹੇ ਹਨ।ਉਹਨਾਂ ਅਨੁਸਾਰ ਵਧੇਰੇ ਪਰਵਾਸ ਕਾਰਨ ਕੈਨੇਡਾ ਦਾ ਮਹੌਲ ਖਰਾਬ ਹੋ ਰਿਹਾ ਹੈ। ਇੱਕ ਬਹੁਤ ਹੀ ਹੋਣਹਾਰ ਨੌਕਰੀ-ਪੇਸ਼ਾ ਲੜਕੀ ਨੇ ਦੁੱਖ ਪ੍ਰਗਟ ਕੀਤਾ ਕਿ ਹੁਣ ਕੈਨੇਡਾ ਵਿੱਚ ਵੀ ‘ਕੈਟ-ਕਾਲਜ਼’(ਸ਼ਰਾਰਤੀ ਸੀਟੀਆਂ) ਹੋਣ ਲਗ ਪਈਆਂ ਹਨ,ਜਦ ਕਿ ਪਹਿਲਾਂ ਇਹ ਭੈੜ ਨਹੀਂ ਸੀ। ਮੈਂ ਹੈਰਾਨ ਹੋ ਗਿਆ ਜਦ ਓਧਰ ਦੇ ਜੰਮੇ-ਪਲੇ ਕੁਝ ਪੰਜਾਬੀ ਬੱਚੇ ਆਪਣੀ ਨਿੱਜੀ ਗੱਲ-ਬਾਤ ਦੌਰਾਨ ਨਵੇਂ ਆਏ ਪੰਜਾਬੀ ਪਰਵਾਸੀਆਂ ਨੂੰ ‘ਪੇਂਡੂਜ਼’ ਅਤੇ ‘ਦੇਸੀਜ਼’(ਪੇਂਡੂ-ਗੰਵਾਰ) ਕਹਿ ਕੇ ਤ੍ਰਿਸਕਾਰਦੇ ਹਨ! ਕਮਾਲ ਤਾਂ ਇਹ ਹੈ ਕਿ ਇਹਨਾਂ ਬੱਚਿਆਂ ਦੇ ਮਾਂ-ਬਾਪ ਖੁਦ ਪਿੰਡਾਂ ਵਿਚੋਂ ਓਧਰ ਜਾ ਕੇ ਸੰਘਰਸ਼ੀਲ ਜੀਵਨ ਉਪਰੰਤ ਸੈਟਲ/ਸਫਲ ਹੋਏ ਹਨ।

ਹੋਰ ਤਾਂ ਹੋਰ, ਕਨਜ਼ਰਵੇਟਿਵ ਪਾਰਟੀ ਦੇ ਨੇਤਾ ਪੇਅਰੇ ਪੌਲੀਏਵਰ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜਿੰਨਾ ਚਿਰ ਕੈਨੇਡਾ ਵਿਚ ਹੇਠ ਲਿਖੀਆਂ 3 ਵਿਵਸਥਾਵਾਂ ਨਹੀਂ ਹੋ ਜਾਂਦੀਆਂ ਉਨਾ ਚਿਰ ਇਮੀਗਰੇਸ਼ਨ ਉਪਰ ਰੋਕ ਲਗਾ ਦੇਣੀ ਚਾਹੀਦੀ ਹੈ-1.ਨੌਕਰੀਆਂ ਵਿਚ ਵਾਧਾ,2. ਹੋਰ ਘਰਾਂ ਦੀ ਉਸਾਰੀ ਅਤੇ 3.ਡਾਕਟਰਾਂ ਦੀ ਗਿਣਤੀ ਵਿਚ ਵਾਧਾ।

ਕੈਨੇਡਾ ਦੀ ਆਬਾਦੀ ਇਸ ਵੇਲੇ 41 ਮਿਲੀਅਨ(4 ਕਰੋੜ 10 ਲਖ) ਹੈ।ਇਸ ਵਿਚ ਲੱਖਾਂ ਹੀ ਪਰਵਾਸੀ ਹਨ।ਵਧ ਰਿਹਾ ਪਰਵਾਸ ਕੈਨੇਡਾ ਦੀ ਆਪਣੀ ਡੈਮੋਗਰਾਫੀ ਤਾਂ ਬਦਲ ਹੀ ਰਿਹੈ,ਉਥੋਂ ਦੇ ਸਥਾਨਕ ਲੋਕਾਂ ਦੀਆਂ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਵੀ ਵਧਾ ਰਿਹੈ। ਐਸ ਵੇਲੇ ਓਧਰ ਬੇਯਕੀਨੀ ਵਾਲਾ ਦੌਰ ਹੈ। ਜੀਵਨ-ਨਿਰਵਾਹ ਬਹੁਤ ਮਹਿੰਗਾ ਹੋ ਗਿਐ,ਘਰ ਬਨਾਉਣਾ ਖਾਲਾ ਜੀ ਦਾ ਵਾੜਾ ਨਹੀਂ ਰਿਹਾ,ਕੰਮ-ਕਾਜ ਟੁੱਟਵੇਂ ਹਨ। ਜਿਹੜੇ ਬਾਕਮਾਲ ਲਿਆਕਤ ਆਸਰੇ ਚੰਗੀ ਨੌਕਰੀ ਵਿਚ ਹਨ ਉਹ ਤਾਂ ਠੀਕ ਹਨ ਪਰ ਸਧਾਰਨ ਪਰਵਾਸੀ ਦਾ ਹਾਲ ਬਹੁਤਾ ਚੰਗਾ ਨਹੀਂ।

ਕਈ ਸਟੱਡੀ ਵੀਜ਼ਾ ਵਾਲੇ ਮੁੜ ਵੀ ਰਹੇ ਹਨ, ਕਈ ਮੁੜਨ ਦੀ ਸੋਚ ਰਹੇ ਹਨ ਪਰ ਸਾਡੇ ਏਧਰ ਹਾਲ ਹੋਰ ਵੀ ਮਾੜੇ ਹੋਣ ਕਾਰਨ ਦੁਬਿਧਾ ਵਿਚ ਫਸੇ ਹੋਏ ਹਨ ਕਿ ਕਿਧਰੇ ‘ਦੁਬਿਧਾ ਮੇਂ ਦੋਨੋਂ ਗਏ ਮਾਇਆ ਮਿਲੀ ਨਾਂ ਰਾਮ’ ਵਾਲੀ ਹਾਲਤ ਨਾਂ ਹੋ ਜਾਵੇ।

ਕੈਨੇਡਾ ਨੇ ਸਾਡੇ ਐਨੇ ਪੰਜਾਬੀ ਨੌਜਵਾਨਾਂ ਨੂੰ ਸਾਂਭਿਆਂ ਹੈ,ਅੱਛੀ ਗੱਲ ਹੈ।ਸਾਡੇ ਬਜ਼ੁਰਗਾਂ ਦੇ ਪਿਛਲੇਰੇ ਪਹਿਰ ਦੇ ਜੀਵਨ ਨੂੰ ਇਕ ਠਾਠ-ਬਾਠ ਪਰਦਾਨ ਕੀਤੀ ਹੈ,ਹੋਰ ਵੀ ਅੱਛੀ ਗੱਲ ਹੈ!

ਪਰ ਸਾਡਾ ਪੰਜਾਬ ਖਾਲੀ ਹੋਈ ਜਾ ਰਿਹੈ,ਇਹ ਮਾੜੀ ਗੱਲ ਹੈ।ਅਸੀਂ ਆਪਣੇ ਨੌਜਵਾਨਾਂ,ਟੈਲੈਂਟ,ਹੁਨਰ,ਅਕਲਮੰਦ ਲੋਕਾਂ ਨੂੰ ਸਾਂਭਣ ਵਿਚ ਅਸਫਲ ਰਹੇ ਹਾਂ,ਜੋ ਹੋਰ ਵੀ ਮਾੜੀ ਗੱਲ ਹੈ-

“ਵਾਹ,ਪੰਜਾਬਾ!ਸਾਂਭ ਨਾਂ ਸਕਿਉਂ,

ਅਕਲਾਂ ਵਾਲੇ, ਹੁਨਰੀ ‘ਭੇਜੇ’ !”

ਆਖਿਰ ਵਿਚ ਕੈਨੇਡਾ ਵਾਰੇ ਆਪਣੇ ਖੱਟੇ-ਮਿੱਠੇ ਅਨੁਭਵਾਂ ਨੂੰ ਸਮੇਟਦੇ ਹੋਏ ਅਸੀਂ ਇਹੀ ਕਹਾਂਗੇ ਕਿ ਕੈਨੇਡਾ ਐਨਾਂ ਅਲੋਕਾਰ ਜਾਂ ਅਸਧਾਰਨ ਦੇਸ਼ ਵੀ ਨਹੀਂ ਕਿ ਉਥੇ ਜਾਣ ਲਈ ਅੱਡੀਆਂ ਚੁੱਕ ਚੁੱਕ ਫਾਹੇ ਲਏ ਜਾਣ ਅਤੇ ਨਾਂ ਹੀ ਉਹ ਐੇਨਾਂ ਆਮ ਦੇਸ਼ ਹੈ ਕਿ ਉਥੇ ਜਾਣ ਦੀ ਆਪਣੀ ਇੱਛਾ ਦੀ ਪੂਰਤੀ ਲਈ ਆਪਣੇ ਭੱਥੇ ਵਿਚਲੇ ਤੀਰ ਨਿਸ਼ਾਨੇ ਤੇ ਨਾਂ ਛਡੇ ਜਾਣ!

Jaswant-Singh-Gandam “’ਮੇਪਲ ਦੇ ਮੁਲਕ’(ਕਨੇਡਾ) ਦੀ ਪਲੇਠੀ ਫੇਰੀ- ਕੁਝ ਖੱਟੇ-ਮਿੱਠੇ ਅਨੁਭਵ”/ਪ੍ਰੋ. ਜਸਵੰਤ ਸਿੰਘ ਗੰਡਮ

-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055

 

 

 

Share this content:

Post Comment