ਮਿੰਨੀ ਕਹਾਣੀ/ਬਗਾਵਤ/ਦਿਲਜੀਤ ਸਿੰਘ ਕਾਹਲੋਂ
ਕਿੰਨਾ ਚਾਅ ਸੀ ਸਿੰਮੀ ਨੂੰ ਆਪਣੇ ਵਿਆਹ ਧਰੇ ਦਾ, ਭਾਵੇਂ ਮੰਗਣੀ 6ਮਹੀਨੇ ਪਹਿਲਾਂ ਹੋ ਗਈ ਸੀ।ਘਰਦਿਆਂ ਪੰਡਿਤ ਤੋਂ ਵਿਆਹ ਦੀ ਤਰੀਕ ਕਢਾਈ,9 ਚੇਤ ਨਿਕਲੀ। ਗਰੀਬੀ ਦਾਅਵੇ ਦਾ ਦਾਜ ਬਰੀ ਲੋੜ ਮੁਤਾਬਕ ਹੱਥੋ ਹੱਥੀਂ ਇਕੱਠਾ ਕਰ ਲਿਆ। ਆਪਣੇ ਸੁਪਨਿਆਂ ਦੇ ਸੌਦਾਗਰ ‘ਰਾਜੂ’ ਨੂੰ ਉਹ ਸਕੂਲ ਤੋਂ ਹੀ ਜਾਣਦੀ ਸੀ। ਦੋਵੇਂ +2 ਤੱਕ ਇਕੱਠੇ ਇੱਕੋ ਸਕੂਲ ਵਿੱਚ ਪੜ੍ਹਦੇ ਰਹੇ। ਰਾਜੂ ਵੀ ਨਾਲ ਦੇ ਪਿੰਡ ਹੀ ਰਹਿੰਦਾ ਸੀ ਤੇ ਰੋਜ਼ਾਨਾ ਉੱਥੋਂ ਤੁਰ ਕੇ ਸਿੰਮੀ ਦੇ ਪਿੰਡ ਦੇ ਸਕੂਲ ਪੜ੍ਹਨ ਆਉਂਦਾ ਸੀ। ਪੜ੍ਹਾਈ ਚਿ ਹੁਸ਼ਿਆਰ ਸੀ, ਭਾਵੇਂ ਘਰੋਂ ਹੱਥ ਤੰਗ ਸੀ ।ਆਪਣੇ ਮਾਂਬਾਪ ਦਾ ਇਕਲੌਤਾ ਪੁੱਤਰ ਬੜਾ ਮਿਹਨਤੀ,ਸਾਊ ਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ। ਘਰੇਲੂ ਹਾਲਤ ਕਮਜ਼ੋਰ ਹੋਣ ਕਰਕੇ ਕੇਵਲ ਬੀ.ਏ. ਤੱਕ ਹੀ ਪੜ੍ਹ ਸਕਿਆ ।ਬਾਅਦ ਵਿੱਚ ਛੇ ਕੁ ਮਹੀਨੇ ਲਾ ਕੇ ਕੰਪਿਊਟਰ ਦਾ ਕੋਰਸ ਕਰ ਲਿਆ ਤੇ ਟਾਈਪ ਵੀ ਸਿੱਖ ਲਈ।
ਫਿਰ ਨਾਲ ਲੱਗਦੇ ਸ਼ਹਿਰ ਦੀਆਂ ਕਚਹਿਰੀਆਂ ਚਿ ਆਪਣਾ ਕੰਮ ਸ਼ੁਰੂ ਕਰ ਲਿਆ। ਕਚਹਿਰੀਆਂ ਵਿੱਚ ਬਾਹਰ ਦਰੱਖਤ ਥੱਲੇ ਇੱਕ ਲੱਕੜੀ ਦਾ ਖੋਖਾ ਜਿਹਾ ਬਣਵਾ ਕੇ ,ਕੁਰਸੀ ਮੇਜ਼ ਰੱਖਕੇ ਆਪਣਾ ਸੋਹਣਾ ਕੰਮ ਚਲਾਈ ਜਾ ਰਿਹਾ ਸੀ;ਜਿਸ ਨਾਲ ਘਰ ਦਾ ਗੁਜ਼ਾਰਾ ਠੀਕ ਚੱਲਦਾ ਸੀ। ਅਰਜ਼ੀਨਵੀਸ ਬਣ ਗਿਆ ਅਤੇ ਲੋਕਾਂ ਦੇ ਫਾਰਮ ਵਗੈਰਾ ਭਰ ਛੱਡਣੇ , ਇਸ਼ਟਾਮ ਵੇਚ ਛੱਡਣੇ ਤੇ ਟਾਈਪ ਕਰ ਦੇਣੇ ਤੇ ਐਫੀਡੈਵਿਟ ਆਦਿ ਚੜ੍ਹਾ ਕੇ ਤਸਦੀਕ ਕਰਵਾ ਛੱਡਣੇ। ਚਾਰ ਛਿੱਲੜ ਜੋੜਕੇ ਇੱਕ ਪੁਰਾਣਾ ਜਿਹਾ ਵੈਸਪਾ ਸਕੂਟਰ ਵੀ ਲੈ ਲਿਆ, ਜਿਸ ਨਾਲ ਆਉਣ ਜਾਣ ਚਿ ਅਸਾਨੀ ਵੀ ਹੁੰਦੀ ਸੀ ਤੇ ਟਾਇਮ ਵੀ ਬੱਚ ਜਾਂਦਾ ਸੀ। ਸਿੰਮੀ ਕਿੰਨੀ ਖੁਸ਼ ਸੀ ਜਦੋਂ ਪਤਾ ਲੱਗਾ ਕਿ ਰਾਜੂ ਨੇ ਤਾਂ ਹੁਣ ਦਾਹੜੀ- ਕੇਸ ਵੀ ਰੱਖ ਲਏ ਤੇ ਪੱਗ ਬੰਨ੍ਹਣ ਲੱਗ ਪਿਆ। ਸਿੰਮੀ ਦੇ ਸੁਪਨਿਆਂ ਦਾ ਬਾਦਸ਼ਾਹ ਅਕਸਰ ਰਾਤਾਂ ਨੂੰ ਨੀਂਦ ਵਿਚ ਵੀ ਆਉਣ ਲੱਗ ਪਿਆ।
ਇੱਕ ਰਾਤ ਸਿੰਮੀ ਨੂੰ ਸਕੂਲ ਦੇ ਸਲਾਨਾ ਫੰਕਸ਼ਨ ਵਾਲੇ ਦਿਨ ਸਟੇਜ ਉੱਪਰ ਰਾਜੂ ਨਾਲ ਪਾਏ ਭੰਗੜੇ ਦਾ ਸੀਨ ਸੁਪਨੇ ਵਿੱਚ ਆਉਣ ਨਾਲ ਮੁੜ ਸਕੂਲ ਦੇ ਸੁਹਾਵਣੇ ਦਿਨ ਯਾਦ ਆ ਗਏ ।ਇੱਕ ਬਹੁਤ ਹੀ ਪਿਆਰਾ ਗੀਤ ਉਸ ਭੰਗੜੇ ਵਿੱਚ ਗਾਇਆ ਗਿਆ ਸੀ, ਜਿਸਦੇ ਬੋਲ ਹਮੇਸ਼ਾ ਵਾਂਗ ਅੱਜ ਵੀ ਉਸੇ ਲੈ-ਸੁਰ ਵਿੱਚ , ਉਵੇਂ ਹੀ ਤਰੋ-ਤਾਜ਼ਾ ਉਸਦੇ ਕੰਨਾਂ ਵਿੱਚ ਗੂੰਜ ਰਹੇ ਸਨ। ਜਿਸਦੇ ਬੋਲ ਸਿੰਮੀ ਦੇ ਨਾਮ ਨਾਲ ਵੀ ਮੈਚ ਕਰਦੇ ਸਨ। ਜਦੋਂ ਵੀ ਕਦੇ ਰਾਜੂ ਦੀ ਯਾਦ ਆਉਣੀ ਤਾਂ ਉਹ ਗਾਣਾ ਫੋਨ ਉੱਪਰ ਚਾਲੂ ਕਰ ਲੈਣਾ ਤੇ ਬੱਸ ਉਹੀ ਭੰਗੜੇ ਵਾਲਾ ਸੀਨ ਅੱਖਾਂ ਸਾਹਮਣੇ ਆ ਜਾਣਾ । ਗਾਣੇ ਦੇ ਬੋਲ ਸਨ : “ਬੱਲੇ ਸਿੰਮੀਏ ਨੀ ਛਾਵਾ ਸਿੰਮੀਏ – – ਕਿਹਨੇ ਤੈਨੂੰ ਦਿੱਤੀਆਂ ਨੇ ਛੱਲੇ ਮੁੰਦੀਆਂ ? ਨੀ ਤੂੰ ਕਿਹਦੇ ਕੋਲੋਂ ਨੱਥ ਘੜਵਾਈ ਸਿੰਮੀਏ ?” ਜਿਦਾਂ ਜਿਦਾਂ ਵਿਆਹ ਦੇ ਦਿਨ ਦਿਨ ਨੇੜੇ ਆਉਂਦੇ ਗਏ ਸਿੰਮੀ ਦੇ ਚੇਹਰੇ ਉੱਪਰ ਨਿਖਾਰ ਤੇ ਖੁਸ਼ੀ ਨਜ਼ਰ ਆਉਣ ਲੱਗ ਪਈ । ਜੋ ਉੱਸਦੇ ਸੁਹੱਪਣ ਨੂੰ ਹੋਰ ਵੀ ਚਾਰ ਚੰਦ ਲਗਾਉਣ ਲੱਗੇ। ਵਿਆਹ ਤੋਂ ਦਸ ਕੁ ਦਿਨ ਪਹਿਲਾਂ ਰਾਜੂ ਕਹਿਣ ਲੱਗਾ ਮੇਰੀ ਵੀ ਇੱਕ ਡਿਮਾਂਡ ਆ, ਪੂਰੀ ਕਰਨੀ ਪਊ।
ਸੁਣਕੇ ਪਹਿਲਾਂ ਤਾਂ ਸਾਰੇ ਹਿੱਲ ਜਿਹੇ ਗਏ, ਸੋਚਿਆ ਮੰਗੂ ਹੁਣ ਬੁੱਲਟ ਮੋਟਰਸਾਈਕਲ। ਖੋਦਿਆ ਪਹਾੜ ਨਿਕਲਿਆ ਚੂਹਾ!ਕਹਿੰਦਾ, ਵਿਆਹ ਤੇ ਲਾਲ ਸੂਟ ਪਾਵੇ, ਨਿਆਣਿਆਂ ਵਾਂਗ ਇੱਕੋ ਰੱਟ ਲਾ ਲਈ ।ਚਲੋ ,ਚਾਂਈਂ ਚਾਂਈਂ ਵਿਆਹ ਹੋ ਗਿਆ ,ਤੇ ਪਿਆਰ ਮੁਹੱਬਤ ਚਿ ਸੋਹਣੇ ਦਿਨ ਲੰਘਣ ਲੱਗੇ। ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।ਇਹ ਖੁਸ਼ੀ ਭਰੇ ਦਿਨ ਬਹੁਤਾ ਚਿਰ ਨਾ ਟਿਕ ਸਕੇ। ਅਚਾਨਕ ਭਾਣਾ ਕੀ ਵਰਤਿਆ ਇੱਕ ਦਿਨ! ਕਚਿਹਰੀਉਂ ਵਾਪਿਸ ਆਉਂਦਿਆਂ ਸਕੂਟਰ ਦਾ ਮੋਹਰਲਾ ਚੱਕਾ ਖੁੱਲ੍ਹ ਗਿਆ ਤੇ ਰਾਜੂ ਉੱਥੇ ਹੀ ਢਹਿ ਢੇਰੀ ਹੋ ਗਿਆ ਤੇ ਜ਼ਿੰਦਗੀ ਦੀ ਲੀਲ੍ਹਾ ਖ਼ਤਮ। ਅਜੇ ਲਾਲ ਚੂੜੇ ਦਾ ਰੰਗ ਫਿੱਕਾ ਵੀ ਨਹੀਂ ਸੀ ਪਿਆ ਕਿ ਚੂੜਾ ਭੰਨ ਦਿੱਤਾ ਗਿਆ ਤੇ ਸੂਟ ਉਤਾਰਕੇ ਚਿੱਟਾ ਸੂਟ ਪਵਾ ਦਿੱਤਾ ਗਿਆ ਤੇ ਸਿਰ ਉੱਤੇ ਚਿੱਟੀ ਚੁੰਨੀ ਲੈ ਲਈ ਗਈ ।ਸਾਰੀਆਂ ਸਧਰਾਂ ਤੇ ਅਰੁਮਾਨਾ ਦਾ ਗਲਾ ਘੁੱਟਿਆ ਗਿਆ ਤੇ ਸੁਪਨੇ ਮਿੱਟੀ ਵਿੱਚ ਮਿਲ ਗਏ ।
ਸਿੰਮੀ ਵਿਚਾਰੀ ਡਾਵਾਂਡੋਲ ਗੁੰਮ-ਸੁੰਮ ਇਵੇਂ ਤੱਕ ਰਹੀ ਸੀ ਜਿਵੇਂ ਰੱਬ ਤੇ ਗਿਲਾ ਕਰ ਰਹੀ ਹੋਵੇ! ਅਜੇ ਹਫਤਾ ਵੀ ਨਹੀਂ ਸੀ ਲੰਘਿਆ , ਤੇ ਨਾ ਕਿਸੇ ਨੇ ਸਿਵਾ ਠੰਡਾ ਹੋਣ ਦਾ ਇੰਤਜ਼ਾਰ ਕੀਤਾ। ਘਰ ਵਿੱਚ ਕਾਨਾਫੂਸੀ ਤੇ ਘੁਸਰ-ਮੁਸਰ ਹੋਣ ਲੱਗ ਪਈ ਕਿ ਇਹਨੂੰ ਦੇਬੀ (ਰਾਜੂ ਦੇ ਚਾਚੇ ਦਾ ਪੁੱਤ -ਭਰਾਅ)ਦੇ ਬਿਠਾ ਦੇਈਏ। ਦੇਬੀ ਸਿਰੇ ਦਾ ਨਸ਼ਈ, ਥੋੜਾ ਬਹੁਤ ਖੇਤੀ ਦਾ ਕੰਮ ਕਰ ਲੈਣਾ ਤੇ ਪਸ਼ੂਆਂ ਨੂੰ ਪੱਠੇ ਦੱਠੇ ਪਾ ਛੱਡਣੇ ਤੇ ਢਾਣੀ ਚਿ ਤਾਸ਼ ਖੇਡ ਛੱਡਣੀ; ਨਖੱਟੂ ਸਾਰੇ ਜ਼ਮਾਨੇ ਦਾ। ਇਹ ਗੱਲ ਸਿੰਮੀ ਦੇ ਕੰਨੀਂ ਵੀ ਪੈ ਗਈ। ਸੁਣਕੇ ਬੜੀ ਪਰੇਸ਼ਾਨ ਹੋਈ ਤੇ ਸੋਚੀਂ ਪੈ ਗਈ ਕਿ ਇਸ ਨਿਖੱਟੂ ਨਾਲ ਕਿਵੇਂ ਜ਼ਿੰਦਗੀ ਕੱਢੇਗੀ । ਆਖ਼ਰ ਮੰਨ ਹੀ ਮੰਨ ਵਿੱਚ ਸੋਚਦੀ ਰਹਿੰਦੀ ਤੇ ਹਮੇਸ਼ਾ ਆਪਣੇ ਹੀ ਖਿਆਲਾਂ ਵਿੱਚ ਡੁੱਬੀ ਰਹਿੰਦੀ। ਇੱਕ ਦਿਨ ਸੱਸ ਸਹੁਰੇ ਨੇ ਜੁਅਰਤ ਕਰਕੇ ਉਸਨੂੰ ਆਪਣਾ ਫੈਸਲਾ ਦੱਸ ਦਿੱਤਾ। ਉਸਦੇ ਉੱਪਰ ਤਾਂ ਨਾ ਜਾਣੋ ਜਿਵੇਂ ਪਹਾੜ ਹੀ ਡਿੱਗ ਪਿਆ ਹੋਵੇ। ਅਖੀਰ ਵਿੱਚ ਆਪਣਾ ਮੰਨ ਹੀ ਬਣਾ ਲਿਆ ਕਿ ਆਪਣੇ ਆਪ ਨਾਲ ਇਤਨਾ ਧੱਕਾ ਨਹੀਂ ਹੋਣ ਦਿਆਂਗੀ।
ਇੱਕ ਦਿਨ ਅਚਾਨਕ ਦੁੱਖ ਦੀ ਮਾਰੀ ਨੇ ਸੱਭ ਸਾਹਮਣੇ ਆਪਣਾ ਫੈਸਲਾ ਦੱਸਣ ਦੀ ਹਿੰਮਤ ਕਰ ਹੀ ਲਈ। ਸੱਸ ਸਹੁਰੇ ਵਲੋਂ ਬੜਾ ਜ਼ੋਰ ਪਾਉਣ ਦੇ ਬਾਵਜੂਦ ਵੀ ਨਾ ਮੰਨੀ ਤੇ ਸਾਫ ਆਖ ਦਿੱਤਾ ਕਿ ਮੈਂ ਇਸ ਨਰਕ ਵਿੱਚ ਨਹੀਂ ਪੈਣਾ। ਆਪਣੇ ਭਵਿੱਖ ਬਾਰੇ ਖੁੱਦ ਸੋਚਾਂਗੀ ਤੇ ਆਉਣ ਵਾਲੀ ਜ਼ਿੰਦਗੀ ਬਾਰੇ ਫੈਸਲਾ ਖੁੱਦ ਆਪ ਹੀ ਲਵਾਂਗੀ। ਆਪਣੇ ਪੇਕੇ ਘਰ ਚਲੀ ਜਾਵਾਂਗੀ ਤੇ ਰਹਿੰਦੀ ਜ਼ਿੰਦਗੀ ਉੱਥੇ ਹੀ ਕੱਟ ਲਵਾਂਗੀ। ਇੱਕ ਦਿਨ ਗੁੱਸੇ ਵਿੱਚ ਆਈ ਨੇ ਆਪਣਾ ਚਿੱਟਾ ਸੂਟ ਲਾਹ ਕੇ ਵਗਾ ਕੇ ਮਾਰਿਆ ਤੇ ਸਫਿਆਨੇ ਰੰਗ ਵਾਲਾ ਸੂਟ ਪਾ ਲਿਆ। ਆਪਣਾ ਅਟੈਚੀ ਚੁੱਕਿਆ ਤੇ ਆਪਣੇ ਮਾਂ-ਬਾਪ ਦੀ ਸਹਿਮਤੀ ਨਾਲ ਆਪਣੇ ਪੇਕੇ ਘਰ ਰਵਾਨਾ ਹੋ ਗਈ। ਉੱਥੇ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਹੋ ਗਿਆ। ਪੜ੍ਹਾਈ ਪੂਰੀ ਹੋਣ ਉਪਰੰਤ ਘਰਦਿਆਂ ਨੇ ਉਸਦਾ ਵਿਆਹ ਕਿਸੇ ਚੰਗੇ ਪੜ੍ਹੇ ਲਿਖੇ ਸ਼ਰੀਫ ਤੇ ਲੋੜਵੰਦ ਪਰਿਵਾਰ ਵਿੱਚ ਕਰ ਦਿੱਤਾ ਤੇ ਪ੍ਰਾਹੁਣਾ ਵੀ ਸਰਕਾਰੀ ਜੌਬ ਕਰਦਾ ਸੀ।
ਕਿੰਨੀ ਖੁਸ਼ ਸੀ ਸਿੰਮੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ। ਹੁਣ ਸਿੰਮੀ ਨੇ ਵੀ ਆਪਣੀ ਯੋਗਤਾ ਮੁਤਾਬਕ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਤੇ ਤੱਦ ਤੱਕ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਜਿੰਦਗੀ ਵਿੱਚ ਅਚਾਨਕ ਆਏ ਧੁੰਦ ਦੇ ਬੱਦਲ ਉਸਦੀ ਹਿੰਮਤ ਅੱਗੇ ਬਹੁਤਾ ਚਿਰ ਨਾ ਟਿਕ ਸਕੇ, ਤੇ ਸਮੇਂ ਦੇ ਚੱਕਰ ਨੇ ਸੱਭ ਸਾਫ ਕਰ ਦਿੱਤੇ । ਇੱਕ ਦਿਨ ਅਜਿਹਾ ਆਇਆ ਕਿ ਉਸਦੀ ਨਵੀਂ ਜਿੰਦਗੀ ਦੇ ਚੜ੍ਹਦੇ ਸੂਰਜ ਵਿੱਚੋਂ ਨਿਕਲ ਰਹੀਆਂ ਆਸ ਦੀਆਂ ਕਿਰਨਾਂ ਉਸਨੂੰ ਪ੍ਰਤੱਖ ਨਜ਼ਰ ਆਈਆਂ। ਬਹੁਤ ਖੁਸ਼ ਰਹਿੰਦੀ ਤੇ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ; ਜਿਸਨੇ ਉਸਦੀ ਲੀਹੋਂ ਉੱਤਰੀ ਗੱਡੀ ਨੂੰ ਮੁੜ ਟਰੈਕ ਉੱਪਰ ਲੈ ਆਂਦਾ।
ਆਪਣੇ ਆਪਤੇ ਵੀ ਮਾਣ ਮਹਿਸੂਸ ਕਰਦੀ ਸੀ ਕਿ ਉਸਨੇ ਕਿਵੇਂ ਦਲੇਰੀ ਕਰਕੇ ਆਪਣੀ ਜ਼ਿੰਦਗੀ ਦਾ ਫ਼ੈਸਲਾ ਖੁੱਦ ਲੈਣ ਦਾ ਸਾਹਸ ਕੀਤਾ। ਕਿਵੇਂ ਉਸ ਕੰਡਿਆਂ ਭਰੇ ਰਾਹ ਤੋਂ ਹਮੇਸ਼ਾ ਲਈ ਕਿਨਾਰਾ ਕਰਦਿਆਂ ਇੱਕ ਫੁੱਲਾਂ ਭਰੇ ਰਾਹ ਨੂੰ ਅਪਣਾਇਆ ; ਜਿੱਥੇ ਹੁਣ ਹਮੇਸ਼ਾ ਸੁੱਖ ਤੇ ਖੁਸ਼ੀਆਂ ਦੀ ਸੁਗੰਧ ਹੀ ਆਏਗੀ। ਹੁਣ ਦੋਵੇਂ ਜੀਅ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ; ਹਰ ਵੇਲੇ ਉਸਦਾ ਸ਼ੁਕਰਾਨਾ ਕਰਦੇ ਤੇ ਆਪਣੇ ਜੀਵਨ ਦੇ ਪੰਧ ਉੱਪਰ ਬੜੇ ਸੁਚਾਰੂ ਢੰਗ ਨਾਲ ਖੁਸ਼ੀ ਖੁਸ਼ੀ ਕਦਮ ਰੱਖਦੇ ਹੋਏ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵੱਧਦੇ ਗਏ। ਸਿੰਮੀ ਖੁਸ਼ੀ ਵਿੱਚ ਫੁੱਲੀ ਨਾ ਸਮਾਈ ਜਦੋਂ ਇੱਕ ਦਿਨ ਉੱਨਾਂ ਦੇ ਵਿਹੜੇ ਵਿੱਚ ਨਿੱਕੇ ਬੱਚੇ ਦੀਆਂ ਕਿਲਕਾਰੀਆਂ ਸੁਣਨ ਨੂੰ ਮਿਲ ਰਹੀਆਂ ਸਨ । ਸਾਰੇ ਆਂਢੀ-ਗੁਆਂਢੀ ਸਖੇ-ਸੰਬੰਧੀ ਤੇ ਰਿਸ਼ਤੇਦਾਰ ਵਧਾਈਆਂ ਦੇਣ ਤੁਰੇ ਆ ਰਹੇ ਸਨ ਅਤੇ ਘਰ ਦੀਆਂ ਕੰਧਾਂ ਵਿੱਚੋਂ ਪ੍ਰਮਾਤਮਾ ਦੇ ਸ਼ੁਕਰਾਨੇ ਵੱਜੋਂ ਇੱਕ ਬਹੁਤ ਹੀ ਰਸਭਿੰਨੀ ਅਵਾਜ਼ “ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਿਰ ਕਰੇ”ਗੂੰਜਦੀ ਹਰ ਕੋਈ ਮਹਿਸੂਸ ਕਰ ਰਿਹਾ ਸੀ॥

Share this content:

Post Comment