‘ਮਿਲਾਵਟੀ ਮਿੱਠੇ’ ਦਾ ਜ਼ਹਿਰ
ਤਿਉਹਾਰ ਸਾਡੇ ਜੀਵਨ ’ਚ ਖੁਸ਼ੀ, ਉਤਸ਼ਾਹ, ਮੇਲ-ਜੋਲ ਤੇ ਰੌਣਕ ਲੈ ਕੇ ਆਉਂਦੇ ਹਨ। ਦਿਵਾਲੀ, ਦੁਸਹਿਰਾ, ਹੋਲੀ ਜਾਂ ਕੋਈ ਵੀ ਹੋਰ ਖੁਸ਼ੀ ਦਾ ਮੌਕਾ ਹੋਵੇ, ਮਠਿਆਈਆਂ ਤੋਂ ਬਿਨਾਂ ਤਿਉਹਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਠਿਆਈਆਂ ਦੇ ਬਿਨਾਂ ਵਧਾਈਆਂ ਦਾ ਲੈਣਾ-ਦੇਣਾ ਜਿਵੇਂ ਅਧੂਰਾ ਜਿਹਾ ਲੱਗਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਤਿਉਹਾਰਾਂ ਦੇ ਇਸ ਪਵਿੱਤਰ ਮਾਹੌਲ ਦੌਰਾਨ ਮਠਿਆਈਆਂ ’ਚ ਮਿਲਾਵਟ ਦੀ ਬਹੁਤ ਹੀ ਖ਼ਤਰਨਾਕ ਤੇ ਘਿਣਾਉਣੀ ਸੱਚਾਈ ਸਾਹਮਣੇ ਆ ਰਹੀ ਹੈ। ਬਾਜ਼ਾਰਾਂ ’ਚ ਵਿਕਣ ਵਾਲੀਆਂ ਮਠਿਆਈਆਂ, ਖੋਆ, ਪਨੀਰ ਤੇ ਰੰਗ-ਬਰੰਗੇ ਪਕਵਾਨ ਸਿਹਤ ਲਈ ਵਰਦਾਨ ਦੀ ਥਾਂ ਜ਼ਹਿਰ ਸਾਬਤ ਹੋ ਰਹੇ ਹਨ। ਅਜਿਹੇ ’ਚ ਸਾਨੂੰ ਬਾਜ਼ਾਰੂ ਮਠਿਆਈਆਂ ਤੋਂ ਸੁਚੇਤ ਹੋਣ ਤੇ ਪ੍ਰਹੇਜ਼ ਕਰਨ ਦੀ ਲੋੜ ਹੈ। ਤਿਉਹਾਰ ਦੇ ਦਿਨਾਂ ਦੌਰਾਨ ਬਾਜ਼ਾਰਾਂ ’ਚ ਮਠਿਆਈਆਂ ਦੀ ਮੰਗ ਅਸਮਾਨ ਛੂਹਣ ਲੱਗਦੀ ਹੈ। ਇਸ ਨੂੰ ਪੂਰਾ ਕਰਨ ਲਈ ਲਾਲਚੀ ਤੇ ਅਨੈਤਿਕ ਵਪਾਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਨਹੀਂ ਝਿਜਕਦੇ। ਖੋਆ ਜੋ ਕਿ ਬਹੁਤ ਸਾਰੀਆਂ ਮਠਿਆਈਆਂ ਦੀ ਜਾਨ ਹੁੰਦਾ ਹੈ। ਉਸ ’ਚ ਕੈਮੀਕਲ, ਯੂਰੀਆ, ਸਟਾਰਚ, ਘਟੀਆ ਕਿਸਮ ਦਾ ਪਾਊਡਰ ਅਤੇ ਕਈ ਵਾਰ ਤਾਂ ਸਿੰਥੈਟਿਕ ਚਰਬੀ ਤੱਕ ਮਿਲਾਈ ਜਾਂਦੀ ਹੈ। ਅਸਲੀ ਦੁੱਧ ਦੀ ਬਜਾਏ ਡਿਟਰਜੈਂਟ ਤੇ ਰਸਾਇਣਕ ਘੋਲ਼ ਤਿਆਰ ਕਰ ਕੇ ਨਕਲੀ ਖੋਆ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਮਠਿਆਈਆਂ ਨੂੰ ਆਕਰਸ਼ਕ ਤੇ ਰੰਗ-ਬਿਰੰਗਾ ਬਣਾਉਣ ਲਈ ਖ਼ਤਰਨਾਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ’ਚੋਂ ਕਈ ਤਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੇ ਹਨ। ਚਾਂਦੀ ਦੇ ਵਰਕ ਦੀ ਜਗ੍ਹਾ ਸਸਤੇ ਐਲੂਮੀਨੀਅਮ ਦੇ ਵਰਕ ਲਗਾਏ ਜਾਂਦੇ ਹਨ, ਜੋ ਸਰੀਰ ਅੰਦਰ ਜਾ ਕੇ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ।
ਇਸ ਤਰ੍ਹਾਂ ਦੀ ਮਿਲਾਵਟੀ ਸਮੱਗਰੀ ਅਤੇ ਮਠਿਆਈਆਂ ਦੀ ਵਰਤੋਂ ਨਾਲ ਮਨੁੱਖੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਪੇਟ ਦੀਆਂ ਗੰਭੀਰ ਬਿਮਾਰੀਆਂ, ਫੂਡ ਪੋਇਜ਼ਨਿੰਗ, ਉਲਟੀਆਂ, ਦਸਤ, ਲਿਵਰ ਤੇ ਗੁਰਦਿਆਂ ਦਾ ਨੁਕਸਾਨ ਹੋਣਾ ਆਮ ਗੱਲ ਹੈ। ਬੱਚੇ ਤੇ ਬਜ਼ੁਰਗ ਇਨ੍ਹਾਂ ਮਿਲਾਵਟਾਂ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਰੋਗਾਂ ਤੋਂ ਬਚਾਅ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ। ਜੋ ਖੁਸ਼ੀਆਂ ਅਸੀਂ ਆਪਣੇ ਪਰਿਵਾਰ ਨਾਲ ਤਿਉਹਾਰ ਮਨਾ ਕੇ ਸਾਂਝੀਆਂ ਕਰਨੀਆਂ ਹੁੰਦੀਆਂ ਹਨ, ਉਹ ਹਸਪਤਾਲਾਂ ਦੇ ਚੱਕਰ ਕੱਟਣ ’ਚ ਬਦਲ ਜਾਂਦੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਮਠਿਆਈ ਅਸੀਂ ਆਪਣੇ ਸਨੇਹੀਆਂ ਨੂੰ ਮੂੰਹ ਮਿੱਠਾ ਕਰਵਾਉਣ ਲਈ ਦੇ ਰਹੇ ਹਾਂ, ਜੇਕਰ ਉਹੀ ਉਨ੍ਹਾਂ ਦੀ ਬੀਮਾਰੀ ਦਾ ਕਾਰਨ ਬਣ ਜਾਵੇ, ਤਾਂ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ? ਸਰਕਾਰ ਤੇ ਸਿਹਤ ਵਿਭਾਗ ਵੱਲੋਂ ਤਿਉਹਾਰਾਂ ਦੇ ਦਿਨਾਂ ’ਚ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਨਕਲੀ ਮਠਿਆਈਆਂ ਜ਼ਬਤ ਵੀ ਕੀਤੀਆਂ ਜਾਂਦੀਆਂ ਹਨ ਪਰ ਸਿਰਫ਼ ਸਰਕਾਰੀ ਕਾਰਵਾਈ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਜਦੋਂ ਤੱਕ ਆਮ ਲੋਕ ਖ਼ੁਦ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਮਿਲਾਵਟਖੋਰਾਂ ਦੇ ਹੌਸਲੇ ਬੁਲੰਦ ਰਹਿਣਗੇ। ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਬਾਜ਼ਾਰ ਦੀ ਚਮਕ-ਦਮਕ ਅਤੇ ਸਸਤੇ ਭਾਅ ਵਾਲੀਆਂ ਚੀਜ਼ਾਂ ਦੇ ਲਾਲਚ ’ਚ ਆ ਕੇ ਆਪਣੀ ਸਿਹਤ ਨੂੰ ਦਾਅ ਉੱਤੇ ਨਾ ਲਗਾਈਏ। ਜੇਕਰ ਮਠਿਆਈ ਖਾਣੀ ਹੀ ਹੈ, ਤਾਂ ਕਿਸੇ ਭਰੋਸੇਯੋਗ ਅਤੇ ਨਾਮੀ ਹਲਵਾਈ ਤੋਂ ਹੀ ਖਰੀਦੋ ਜਾਂ ਫਿਰ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤਿਉਹਾਰਾਂ ਮੌਕੇ ਸ਼ੁੱਧ ਚੀਜ਼ਾਂ ਨਾਲ ਘਰ ਹੀ ਮਠਿਆਈਆਂ ਤਿਆਰ ਕੀਤੀਆਂ ਜਾਣ।
Share this content:



Post Comment