ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਦਰਸ਼ਨ ਸਿੰਘ ਆਸ਼ਟ ਦਾ ਅੰਤਰਰਾਸ਼ਟਰੀ ਮਾਤ – ਭਾਸ਼ਾ ਦਿਵਸ ‘ਤੇ ਵਿਸ਼ੇਸ਼ ਭਾਸ਼ਣ

ਪਟਿਆਲਾ, 21 ਫਰਵਰੀ – ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਐਵਾਰਡੀ ਅਤੇ ਸਟੇਟ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਡਾ. ਆਸ਼ਟ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ‘ਜੀ ਆਇਆਂ ਕਿਹਾ ।
ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ, ਵਰਤਮਾਨ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਜਾਬ ਸੂਬੇ, ਇਸ ਦੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਸ਼ਾਨਾ-ਮੱਤਾ ਇਤਿਹਾਸ ਰਿਹਾ ਹੈ। ਇਸ ਦੀ ਆਪਣੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਾਸਤ ਨੇ ਪੂਰੇ ਵਿਸ਼ਵ ਵਿੱਚ ਆਪਣੀ ਅਹਿਮ ਪਹਿਚਾਣ ਬਣਾਈ ਹੋਈ ਹੈ। ਉਹਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੀ ਭਾਸ਼ਾ ਨੂੰ ਪਿਆਰ ਕਰਦੀਆਂ ਹਨ, ਉਹਨਾਂ ਦਾ ਭਵਿੱਖ ਹਮੇਸ਼ਾ ਮਾਣਮੱਤਾ ਹੁੰਦਾ ਹੈ। ਉਹਨਾਂ ਕਿਹਾ ਕਿ ਵਰਤਮਾਨ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਮਹੱਤਵ ਨੂੰ ਸਮਝਦੇ ਹੋਏ ਇਸਦੇ ਵਿਕਾਸ ਲਈ ਹਰ ਪੱਖੋ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ।

ਉਹਨਾਂ ਨੇ ਵਿਦਿਆਰਥੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਬੰਧੀ ਕੁਝ ਸਵਾਲ ਵੀ ਕੀਤੇ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਉੱਤਰ ਦਿੱਤੇ। ਵਿਦਿਆਰਥੀਆਂ ਦੇ ਹੱਥਾਂ ਵਿਚ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਪੋਸਟਰ ਖਿੱਚ ਪਾ ਰਹੇ ਸਨ। ਇਸ ਮੌਕੇ ਵਿਦਿਅਰਥੀ ਖੁਸ਼ਮਨਪੀ੍ਤ ਕੌਰ, ਨੂਰਵਿੰਦਰ ਕੌਰ, ਅੰਸ਼ ਅਤੇ ਮਨਕਿਰਤ ਕੌਰ ਵੱਲੋਂ ਪੰਜਾਬੀ ਕਵਿਤਾਵਾਂ ਅਤੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਗਏ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਚਲਾਏ ਪੰਜਾਬੀ ਉਲੰਪਿਆਡ-2025 ਮੁਕਾਬਿਲਆਂ ਵਿੱਚ ਸ਼ਾਮਿਲ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਵਿੰਦਰ ਕੌਰ ਸਿੱਧੂ ਸਮਾਜ ਸੇਵਿਕਾ ਨੇ ਵੀ ਵਿਦਿਆਰਥੀਆਂ ਨੂੰ ਮਾਂ ਬੋਲੀ ਤੇ ਭਾਸ਼ਣ ਦਿੱਤਾ। ਸਕੂਲ- ਅਧਿਆਪਕਾ ਸ੍ਰੀਮਤੀ ਗੁਰਪ੍ਰੀਤ ਕੌਰ ਮੱਲ੍ਹੀ ਵੱਲੋਂ ਪ੍ਰਸਿੱਧ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ।ਇਸ ਮੌਕੇ ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਹਮੇਸ਼ਾ ਆਪਣੀ ਮਾਤ ਭਾਸ਼ਾ ਅਤੇ ਵਿਰਾਸਤ ਪ੍ਰਤੀ ਸਜਗ ਰਹਿਣ ਦੀ ਜਰੂਰਤ ਹੈ। ਇਸ ਮੌਕੇ ਇੰਚਾਰਜ ਸਕੂਲ ਅਤੇ ਸਟਾਫ ਵੱਲੋਂ ਡਾ. ਦਰਸ਼ਨ ਸਿੰਘ ਆਸ਼ਟ ਦਾ ਵਿਸ਼ੇਸ਼ ਸਨਮਾਨ ਵੀ ਕੀਤਾ । ਇਸ ਦੌਰਾਨ ਸਕੂਲ ਦਾ ਸਾਰਾ ਸਟਾਫ ਮੌਜੂਦ ਰਿਹਾ ।
Share this content:


Post Comment