ਮਹਿਲਾਵਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਖ਼ਿਲਾਫ ਹੋਵੇਗੀ ਕਾਨੂੰਨੀ ਕਾਰਵਾਈ : ਵਿਜੇ
ਚੇਨਈ, 8 ਸਤੰਬਰ – ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੈ ਨੇ ਅੱਜ ਵਿਰੋਧੀ ਧਿਰ ਡੀ ਐੱਮ ਕੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਨਿੱਜੀ ਹਮਲੇ, ਦੋਹਰੇ ਅਰਥਾਂ ਵਾਲੀਆਂ ਟਿੱਪਣੀਆਂ ਜਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਮਾਮਲਿਆਂ ’ਚ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਧਾਨ ਸਭਾ ਵਿੱਚ ਗ੍ਰਹਿ ਵਿਭਾਗ ਦੀਆਂ ਗ੍ਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਦਾ ਜਵਾਬ ਦਿੰਦਿਆਂ ਵਿਜੈ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਨਾਲ ਹੋਏ ਕਥਿਤ ਦੁਰਵਿਵਹਾਰ ਦਾ ਹਵਾਲਾ ਦਿੱਤਾ ਅਤੇ ਔਰਤਾਂ ਨਾਲ ਸਬੰਧਤ ਵਿਵਾਦਾਂ ਦਰਮਿਆਨ ਨਿੱਜੀ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਜਨਤਕ ਮਰਿਆਦਾ ਅਤੇ ਸਿਆਸੀ ਨੈਤਿਕਤਾ ਬਾਰੇ ਰੁਖ਼ ਸਪੱਸ਼ਟ ਕਰਨ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਦੋ ਪ੍ਰਮੁੱਖ ਮਹਿਲਾ ਹਸਤੀਆਂ: ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਅਤੇ ਅਦਾਕਾਰਾ ਤ੍ਰਿਸ਼ਾ ਦਾ ਹਵਾਲਾ ਦਿੱਤਾ। ਇਨ੍ਹਾਂ ਵਿੱਚੋਂ ਤ੍ਰਿਸ਼ਾ ਨੂੰ ਹਾਲ ਹੀ ਵਿੱਚ ਡੀ ਐੱਮ ਕੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ।
ਵਿਜੈ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਸਿਆਸਤ ਦੀ ਆੜ ’ਚ ਸਾਡੇ ਲੋਕਾਂ, ਮਹਿਲਾਵਾਂ ਜਾਂ ਕਿਸੇ ਵੀ ਹੋਰ ਸ਼ਖ਼ਸ ਦਾ ਵਿਅਕਤੀਗਤ ਅਪਮਾਨ ਕਰਨ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਅਜਿਹਾ ਨਾ ਕਰੋ। ਹਾਲ ਹੀ ਵਿੱਚ ਤਾਮਿਲਨਾਡੂ ’ਚ ਅਜਿਹਾ ਜਾਪਦਾ ਹੈ ਜਿਵੇਂ ਅਸ਼ਲੀਲਤਾ ਅਤੇ ਨਫ਼ਰਤ ਦੀ ਨਦੀ ਵਹਿ ਰਹੀ ਹੋਵੇ। ਮਹਿਲਾਵਾਂ ਖ਼ਿਲਾਫ਼ ਅਸ਼ਲੀਲ ਭਾਸ਼ਾ, ਮਾਣਹਾਨੀਕਾਰਕ ਟਿੱਪਣੀਆਂ ਅਤੇ ਦੋਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਗ਼ਲਤ ਹੈ। ਮੁੱਖ ਮੰਤਰੀ ਦਾ ਬਿਆਨ ਡੀ ਐੱਮ ਕੇ ਨੇਤਾ ਉਦੈਨਿਧੀ ਸਟਾਲਿਨ ਦੀ ਉਸ ਘਟਨਾ ਦੇ ਕੁੱਝ ਹਫ਼ਤਿਆਂ ਮਗਰੋਂ ਆਇਆ ਹੈ, ਜਿਸ ਵਿੱਚ ਉਨ੍ਹਾਂ ਕਾਵੇਰੀ ਮੁੱਦੇ ’ਤੇ ਪ੍ਰਦਰਸ਼ਨ ਦੌਰਾਨ ਅਦਾਕਾਰਾ ਤ੍ਰਿਸ਼ਾ ਦੇ ਸੰਦਰਭ ’ਚ ਕੀਤੀ ਗਈ ਦੋਹਰੇ ਅਰਥ ਵਾਲੀ ਟਿੱਪਣੀ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਥਾਣੇ ਤੋਂ ਜ਼ਮਾਨਤ ਮਿਲ ਗਈ ਸੀ।
Share this content:



Post Comment