Loading Now

ਮਹਿਜ਼ 39 ਫ਼ੀਸਦ ਮੁਲਾਜ਼ਮਾਂ ਨਾਲ ਚੱਲ ਰਿਹੈ BBMB

ਮਹਿਜ਼ 39 ਫ਼ੀਸਦ ਮੁਲਾਜ਼ਮਾਂ ਨਾਲ ਚੱਲ ਰਿਹੈ BBMB

ਚੰਡੀਗੜ੍ਹ, 7 ਸਤੰਬਰ – ਦੇਸ਼ ਦੀਆਂ ਸਭ ਤੋਂ ਅਹਿਮ ਜਲ ਅਤੇ ਬਿਜਲੀ ਪ੍ਰਬੰਧਨ ਸੰਸਥਾਵਾਂ ਵਿੱਚ ਸ਼ੁਮਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ), ਆਪਣੀ ਮਨਜ਼ੂਰਸ਼ੁਦਾ ਮੁਲਾਜ਼ਮ ਸਮਰੱਥਾ ਦੇ 40 ਫ਼ੀਸਦੀ ਤੋਂ ਵੀ ਘੱਟ ਨਾਲ ਕੰਮ ਕਰ ਰਿਹਾ ਹੈ। ਮੁਲਾਜ਼ਮਾਂ ਦੀ ਭਾਰੀ ਘਾਟ ਇਸ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਅਹਿਮ ਡੈਮਾਂ, ਪਣਬਿਜਲੀ ਸਟੇਸ਼ਨਾਂ ਅਤੇ ਟਰਾਂਸਮਿਸ਼ਨ ਢਾਂਚੇ ਦੀ ਸਾਂਭ-ਸੰਭਾਲ ਬਾਰੇ ਚਿੰਤਾਵਾਂ ਵਧਾ ਰਹੀ ਹੈ। ਸਟਾਫ ਦੇ ਇਸ ਸੰਕਟ ਦੇ ਹੋਰ ਵਿਆਪਕ ਸਿੱਟੇ ਵੀ ਨਿਕਲ ਸਕਦੇ ਹਨ। ਸੂਤਰਾ ਮੁਤਾਬਕ ਮੁਲਾਜ਼ਮਾਂ ਦੀ ਗਿਣਤੀ ਵਿੱਚ ਲਗਾਤਾਰ ਆ ਰਹੀ ਕਮੀ ਕਾਰਨ, ਬੀ ਬੀ ਐੱਮ ਬੀ ਦੇ ਆਪਣੇ ਅਮਲੇ ਵੱਲੋਂ ਕੀਤੇ ਜਾ ਰਹੇ ਕੁਝ ਕੰਮਾਂ ਨੂੰ ਭਵਿੱਖ ਵਿੱਚ ਆਊਟਸੋਰਸ ਕਰਨਾ ਪੈ ਸਕਦਾ ਹੈ। ਬੀ ਬੀ ਐੱਮ ਬੀ ਦੀ ਸਾਲਾਨਾ ਰਿਪੋਰਟ 2024-25 ਵਿੱਚ ਸ਼ਾਮਲ ਅੰਕੜਿਆਂ ਅਨੁਸਾਰ, ਸੰਸਥਾ ਕੋਲ ਮੁਲਾਜ਼ਮਾਂ ਦੀਆਂ ਕੁੱਲ 12,071 ਮਨਜ਼ੂਰਸ਼ੁਦਾ ਅਸਾਮੀਆਂ ਸਨ, ਜਿਸ ਦੇ ਮੁਕਾਬਲੇ 2024-25 ਵਿੱਚ ਸਿਰਫ਼ 5,035 ਮੁਲਾਜ਼ਮ ਤਾਇਨਾਤ ਸਨ। ਇਸ ਦਾ ਮਤਲਬ ਹੈ ਕਿ ਕੁੱਲ ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 61.1 ਫ਼ੀਸਦੀ ਅਸਾਮੀਆਂ ਖ਼ਾਲੀ ਸਨ।

ਹਾਲਾਂਕਿ, ਬੀ ਬੀ ਐੱਮ ਬੀ ਉਸ ਵੇਲੇ ਆਪਣੀ ਮਨਜ਼ੂਰਸ਼ੁਦਾ ਸਮਰੱਥਾ ਦੇ ਸਿਰਫ਼ 41.7 ਫ਼ੀਸਦੀ ਮੁਲਾਜ਼ਮਾਂ ਨਾਲ ਕੰਮ ਕਰ ਰਿਹਾ ਸੀ। ਸਾਲਾਂ ਦੌਰਾਨ ਮੁਲਾਜ਼ਮਾਂ ਦੀ ਗਿਣਤੀ ਵਿੱਚ ਲਗਾਤਾਰ ਨਿਘਾਰ ਆਇਆ ਹੈ। ਬੀ ਬੀ ਐੱਮ ਬੀ ਦੇ ਸਰੋਤਾਂ ਅਨੁਸਾਰ, ਬੀ ਬੀ ਐੱਮ ਬੀ ਦੇ ਮੁਲਾਜ਼ਮਾਂ ਦੀ ਗਿਣਤੀ ਜੋ 2020 ਵਿੱਚ 7,681 ਸੀ, 2025 ਵਿੱਚ ਘਟ ਕੇ 5,035 ਰਹਿ ਗਈ ਸੀ ਅਤੇ ਇਸ ਸਾਲ ਲਗਪਗ 300 ਸੇਵਾਮੁਕਤੀਆਂ ਤੋਂ ਬਾਅਦ ਹੁਣ ਇਹ ਘਟ ਕੇ ਲਗਪਗ 4,700 ਰਹਿ ਗਈ ਹੈ। ਇਹ ਘਾਟ ਵਿਸ਼ੇਸ਼ ਤੌਰ ’ਤੇ ਤਕਨੀਕੀ ਅਤੇ ਫੀਲਡ ਵਿੰਗਾਂ ਵਿੱਚ ਗੰਭੀਰ ਹੈ ਜੋ ਸੰਸਥਾ ਦੀਆਂ ਰਣਨੀਤਕ ਤੌਰ ’ਤੇ ਅਹਿਮ ਜਾਇਦਾਦਾਂ ਦੇ ਸੰਚਾਲਨ ਅਤੇ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹਨ। ਸਿੰਜਾਈ ਵਿੰਗ ਵਿੱਚ ਮਨਜ਼ੂਰਸ਼ੁਦਾ 6,882 ਅਸਾਮੀਆਂ ਵਿੱਚੋਂ ਸਿਰਫ਼ 2,988 ਮੁਲਾਜ਼ਮ ਹੀ ਤਾਇਨਾਤ ਸਨ, ਜਿਸ ਨਾਲ 56.6 ਫ਼ੀਸਦੀ ਅਸਾਮੀਆਂ ਖ਼ਾਲੀ ਰਹਿ ਗਈਆਂ। ਇਸੇ ਤਰ੍ਹਾਂ, ਬਿਜਲੀ (ਪਾਵਰ) ਵਿੰਗ ਕੋਲ 4,327 ਦੀ ਮਨਜ਼ੂਰਸ਼ੁਦਾ ਅਸਾਮੀਆਂ ਸਮਰੱਥਾ ਸੀ, ਜਿਸ ਦੇ ਮੁਕਾਬਲੇ ਸਿਰਫ਼ 1,611 ਮੁਲਾਜ਼ਮ ਹੀ ਕੰਮ ਕਰ ਰਹੇ ਸਨ। ਇਸੇ ਤਰ੍ਹਾਂ, ਬਿਜਲੀ ਵਿੰਗ ਵਿੱਚ 62.8 ਫ਼ੀਸਦੀ ਅਸਾਮੀਆਂ ਖ਼ਾਲੀ ਸਨ।

ਪੰਜਾਬ ਸਰਕਾਰ ਦੀ ਯੋਜਨਾ ਵੀ ਫਸੀ

ਮੁਲਾਜ਼ਮਾਂ ਦੀ ਘਾਟ ਨਾਲ ਨਜਿੱਠਣ ਸਬੰਧੀ ਪੰਜਾਬ ਦੀ ਯੋਜਨਾ ਫਸੀ ਹੋਈ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਵਿਸ਼ੇਸ਼ ਬੀ ਬੀ ਐੱਮ ਬੀ ਕੇਡਰ ਬਣਾਉਣ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਸੱਤ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਵੀ ਭਰਤੀ ਦੇ ਨੇਮਾਂ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ। ਸੂਬੇ ਦੀਆਂ ਬੀ ਬੀ ਐੱਮ ਬੀ ਵਿੱਚ ਕੋਟੇ ਦੀਆਂ ਲਗਪਗ 2,500 ਪੋਸਟਾਂ ਖ਼ਾਲੀ ਪਈਆਂ ਹਨ।

Share this content:

Post Comment