Loading Now

ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ : ਯੁੱਧਵੀਰ/ਡਾ. ਪ੍ਰਿਤਪਾਲ ਸਿੰਘ ਮਹਿਰੋਕ

ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ : ਯੁੱਧਵੀਰ/ਡਾ. ਪ੍ਰਿਤਪਾਲ ਸਿੰਘ ਮਹਿਰੋਕ

ਕਹਾਣੀਕਾਰ ਲਾਲ ਸਿੰਘ ਦਸੂਹਾ ਸਮਕਾਲ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਗਿਣਿਆ ਜਾਣ ਵਾਲਾ ਮਾਣਮੱਤਾ ਹਸਤਾਖਰ ਹੈ।ਉਸਨੇ ਪੰਜਾਬੀ ਸਾਹਿਤ ਨੂੰ 9 ਮੁੱਲਵਾਨ ਤੇ ਮਿਆਰੀ ਕਹਾਣੀ ਸੰਗ੍ਰਹਿ ਭੇਂਟ ਕੀਤੇ ਹਨ ਜਿਨ੍ਹਾਂ ਵਿੱਚ ਮਾਰਖੋਰੇ‘,’ਬਲੌਰ‘, ‘ਧੁੱਪ ਛਾਂ‘,’ਕਾਲੀ ਮਿੱਟੀ‘,’ਅੱਧੇ ਅਧੂਰੇ‘,’ਗੜ੍ਹੀ ਬਖ਼ਸ਼ਾ ਸਿੰਘ‘,’ਸੰਸਾਰ‘,’ਯੁੱਧਵੀਰ‘ ਅਤੇ ਬੇਸਮਝੀਆਂ‘ (ਸਵੈ ਜੀਵਨਕ ਕਹਾਣੀਆਂ)ਸ਼ਾਮਲ ਹਨ। ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਇਨ੍ਹਾਂ ਉੱਚ-ਪੱਧਰੀ ਕਹਾਣੀ ਸੰਗ੍ਰਹਿਆਂ ਦੀ ਵਡਮੁੱਲੀ ਦੇਣ ਨਾਲ ਪੰਜਾਬੀ ਕਹਾਣੀ ਸਾਹਿਤ ਨੂੰ ਅਮੀਰ ਵੀ ਬਣਾਇਆ ਹੈ ਤੇ ਸਾਹਿਤ ਦੇ ਇਸ ਰੂਪ ਨੂੰ ਮਾਣ ਮਹਿਸੂਸ ਕਰਨ ਵਾਲੇ ਮੁਕਾਮ ਤੱਕ ਵੀ ਪਹੁੰਚਾਇਆ ਹੈ। ਲਾਲ ਸਿੰਘ ਇਕ ਚੇਤੰਨ ਤੇ ਯੁੱਗਾਨਕੂਲ ਕਹਾਣੀਕਾਰ ਹੈ।ਪੇਂਡੂ ਸਮਾਜਚਾਰੇ ਤੇ ਅਰਥਚਾਰੇ ਨਾਲ ਜੁੜਦੀਆਂ ਬਹੁ-ਪਰਤੀ ਸਮੱਸਿਆਵਾਂ ਦੇ ਧਰਾਤਲ ਤੇ ਉਸਰਦੀਆਂ ਉਸਦੀਆਂ ਕਹਾਣੀਆਂ ਵਿੱਚ ਮਾਨਵੀ ਪੱਖ ਪ੍ਰਮੁੱਖ ਸੁਰ ਵਿੱਚ ਉਘੜਦਾ ਹੈ ਤੇ ਉਹ ਭਾਵੀ ਮਨੁੱਖ ਦੇ ਜੀਵਨ ਨੂੰ ਸੁਹਣੇਰਾ ਬਣਾਉਣ ਦੀਆਂ ਜ਼ਾਮਨ ਹੋਣ ਦਾ ਦਮ ਭਰਦੀਆਂ ਹਨ। ਉਹ ਮਾਨਵਤਾ ਦੇ ਨਿਰੰਤਰ ਵਿਕਾਸ ਤੇ ਮਨੁੱਖ ਲਈ ਬਿਹਤਰ ਜੀਵਨ ਹਾਲਤਾਂ ਵਾਲੇ ਜੀਵਨ ਵਿੱਚ ਵਿਸ਼ਵਾਸ ਰੱਖਦਾ ਹੈ।

ਯੁੱਧਵੀਰ‘ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਮਹਾਂਮਾਰੀ‘ ਸਾਧਾਰਨ ਲੋਕਾਂ ਦੀ ਧਾਰਮਿਕ ਆਸਥਾ ਦਾ ਫਾਇਦਾ ਉਠਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਕੇਉਨ੍ਹਾਂ ਨੂੰ ਮੌਕਾ ਪ੍ਰਸਤ ਰਾਜਨੀਤੀ ਦੀ ਗੰਦਲੀ ਖੇਡ ਵਿੱਚ ਧਕੇਲਣ ਦੀਆਂ ਕੋਝੀਆਂ ਕੁਚਾਲਾਂ ਨਾਲ ਜਾ ਜੁੜਦੀ ਹੈ। ਇਹ ਕਹਾਣੀ ਪੇਂਡੂ ਸਮਾਜਚਾਰੇ ਨੂੰ ਸੁਚੇਤ ਕਰਦੀ ਹੈ ਕਿ ਜੇ ਸਮਾਂ ਰਹਿੰਦਿਆਂ ਰਾਜਸੀ ਸ਼ਤਰੰਜ ਦੀਆਂ ਚਾਲਾਂ ਖੇਡਣ ਵਾਲਿਆਂ ਨੂੰ ਪਛਾਣਿਆ ਨਾ ਗਿਆ ਤੇ ਉਨ੍ਹਾਂ ਨੂੰ ਕੋਰਾ ਜਵਾਬ ਨਾ ਦਿੱਤਾ ਗਿਆ ਤਾਂ ਖੇਡ ਵਿਗੜ ਜਾਵੇਗੀ ਤੇ ਲੋਕ ਕਿਸੇ ਅਣਕਿਆਸੀ ਅਣਹੋਣੀ ਦੀ ਭੇਂਟ ਚੜ੍ਹ ਜਾਣਗੇ।ਰਾਜਸੀ ਲੋਕਾਂ ਵੱਲੋਂ ਸਮੇਂ ਸਮੇਂਮੌਕੇ ਮੁਤਾਬਕ ਲੋਕਾਂ ਨੂੰ ਵਰਤਣ ਦੀਆਂ ਕੋਝੀਆਂ ਕੁਚਾਲਾਂ ਨੇ ਇਸ ਦੇਸ਼ ਦੇ ਰਾਜਸੀ ਚਰਿੱਤਰ ਨੂੰ ਬਹੁਤ ਹੱਦ ਤੱਕ ਬੇਨਕਾਬ ਤਾਂ ਕੀਤਾ ਹੈ ਪਰ ਉਨ੍ਹਾਂ ਦੀ ਢੀਠਤਾਈ ਵੀ ਸਿਰ ਚੜ੍ਹ ਬੋਲਦੀ ਹੈ।ਵੇਖਣ ਵਿੱਚ ਆਉਂਦਾ ਹੈ ਕਿ ਸਿਆਸਤ ਵਿੱਚ ਧਰਮ ਦੀ ਦਖ਼ਲਅੰਦਾਜ਼ੀ ਦਾ ਚਲਨ ਵਧਦਾ ਜਾ ਰਿਹਾ ਹੈ।ਧਰਮ ਦੇ ਨਾਮ ਉਪਰ ਸਿਆਸਤ ਕੀਤੀ ਜਾਂਦੀ ਹੈ। ਕੁਝ ਅਗਾਂਹਵਧੂ ਲੋਕ ਵੀ ਹਨ ਜੋ ਜਾਤ/ਧਰਮ ਤੋਂ ਉਪਰ ਉੱਠ ਕੇ ਰਾਜਨੀਤੀ ਵਿੱਚ ਕੁੱਦਦੇ ਹਨਲੋਕਾਂ ਵਾਸਤੇ ਮਿਸਾਲ ਬਣਦੇ ਹਨ ਤੇ ਆਪਣੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ।ਬਹੁਤੀਆਂ ਹਾਲਤਾਂ ਵਿੱਚ ਸਾਧਾਰਨ ਮਨੁੱਖ ਬੇਵੱਸ ਹੈ।ਸਮਾਜਿਕ/ ਸੱਭਿਆਚਾਰਕ ਇਕਸੁਰਤਾਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਲੋੜ ਤੇ ਬਲ ਦਿੰਦੀ ਇਹ ਕਹਾਣੀ ਸਮਾਜਿਕ ਜਾਗਰੂਕਤਾ ਲਿਆਉਣ ਦਾ ਮਹੱਤਵਪੂਰਨ ਸੁਨੇਹਾ ਦਿੰਦੀ ਹੈ।ਲਾਲ ਸਿੰਘ ਦਸੂਹਾ ਦੀਆਂ ਕਹਾਣੀਆਂ ਲੁੱਟੇ-ਥੁੜ੍ਹੇ ਲੋਕਾਂ ਦੇ ਹੱਕ ਵਿੱਚ ਭੁਗਤਣ ਤੇ ਉਨ੍ਹਾਂ ਦੀ ਤਰਫ਼ਦਾਰੀ ਕਰਨ ਦੇ ਸੂਤਰ ਨਾਲ ਜੁੜਦੀਆਂ ਹਨ। ਉਸਦੀਆਂ ਕਹਾਣੀਆਂ ਵਿਚਲਾ ਸੰਘਰਸ਼ਸ਼ੀਲ ਵਿਅਕਤੀ ਬਹੁਤੀਆਂ ਹਾਲਤਾਂ ਵਿੱਚ ਜੇਤੂ ਬਣ ਕੇ ਨਿਕਲਦਾ ਹੈ।

ਯੁੱਧਵੀਰ‘ ਕਹਾਣੀ ਪ੍ਰਾਰੰਭ ਹੁੰਦੀ ਹੈ ਤਾਂ ਨੀਂਦ ਦੀ ਝਪਕੀ ਲੈਂਦਾ,ਸੋਚਾਂ ਦੀ ਧਾਰਾ ਵਿੱਚ ਵਹਿ ਰਿਹਾ ਗੁਰਮੀਤ ਅੱਬੜਵਾਹੇ ਉੱਠਦਿਆਂ ਜਾਗੋ-ਮੀਟੀ ਵਿੱਚ ਹੀ ਸੋਚਾਂ ਦੀ ਲੜੀ ਜੋੜਦਿਆਂ ਆਪਣੀ ਪਤਨੀ ਰਤਨੀ ਵੱਲੋਂ ਲਿਖੇ ਤੇ ਪਹਿਲਾਂ ਪੜ੍ਹੇ ਖ਼ੁਦਕੁਸ਼ੀ ਨੋਟ ਨੂੰ ਮੁੜ ਦੁਹਰਾਅ ਰਿਹਾ ਹੈ। ਗੁਰਮੀਤ ਦੇ ਬਾਪ ਦੇ ਅਵੈੜੇ,ਅੜੀਅਲ ਤੇ ਹੈਂਕੜ ਵਾਲੇ ਸੁਭਾਅ ਕਾਰਨ ਘਰ ਵਿੱਚ ਤਣਾਓ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਘਰ ਅਤੇ ਵੈਲਡਿੰਗ ਵਾਲੀ ਦੁਕਾਨ ਤੇ ਉਹ ਕਾਮਿਆਂ ਦੀ ਤੇ ਹਰ ਕਿਸੇ ਦੀ ਝਾੜ-ਝੰਭ ਕਰਦਾ ਰਹਿੰਦਾ ਹੈ।ਗੁਰਮੀਤ ਦਾ ਬਾਪ ਉਸਨੂੰ ਅੱਠਵੀਂ ਜਮਾਤ ਪਾਸ ਕਰਨ ਪਿੱਛੋਂ ਨੌਂਵੀਂ ਜਮਾਤ ਵਿੱਚੋਂ ਹੀ ਪੜ੍ਹਨੋਂ ਹਟਾ ਲੈਂਦਾ ਹੈ ਤੇ ਆਪਣੇ ਨਾਲ ਵੈਲਡਿੰਗ ਦੇ ਕੰਮ ਵਿੱਚ ਲਗਾ ਲੈਂਦਾ ਹੈ।ਕੁਝ ਸਮੇਂ ਬਾਅਦ ਉਹ ਉਸਦਾ ਵਿਆਹ ਕਰ ਦਿੰਦਾ ਹੈ।ਘਰ ਵਿੱਚ ਝੰਜਟ-ਝਮੇਲਾ ਹੋਰ ਵਧਦਾ ਜਾਂਦਾ ਹੈ।ਘਰ ਦੇ ਅਸਹਿਜ ਮਾਹੌਲ ਕਾਰਨ ਹੀ ਗੁਰਮੀਤ ਨੂੰ ਡੁਬੱਈ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ।ਘਰ ਵਿਚਲੇ ਕਲਾ-ਕਲੇਸ਼ ਕਾਰਨ ਹੀ ਗੁਰਮੀਤ ਦੀ ਪਤਨੀ ਰਤਨੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੁੰਦੀ ਹੈ।ਪਿਤਾ ਤੇ ਪੁੱਤਰ ਦਾ ਅਤੇ ਨੂੰਹ ਤੇ ਸਹੁਰੇ ਦਾ ਦਵੰਦਾਤਮਕ ਰਿਸ਼ਤਾਘਰੇਲੂ ਕਲੇਸ਼ ਅਤੇ ਘਰ ਦਾ ਸਾਹ-ਘੁੱਟਵਾਂ ਮਾਹੌਲ ਰਤਨੀ ਦੀ ਮੌਤ ਦਾ ਕਾਰਨ ਬਣਨ ਵਾਲੇ ਪਹਿਲੂ ਹਨ।ਗੁਰਮੀਤ ਦੇ ਸਹੁਰੇ ਪਿੰਡੋਂ ਆਏ ਕੁਝ ਮੋਹਤਬਰ ਬੰਦਿਆਂ ਵਿੱਚੋਂ ਇਕ ਰਸਦੇ ਵਸਦੇ ਘਰਾਂ ਨੂੰ ਉਜਾੜਨ ਵਾਲੇ ਲੋਕਾਂ‘ ਖ਼ਿਲਾਫ਼ ਕੁਝ ਕਰਨ‘ ਲਈ ਕਹਿੰਦਾ ਹੈ ਤਾਂ ਉਹ ਅਵਾਕ ਰਹਿ ਜਾਂਦਾ ਹੈ। ਰੋ ਰਹੇ ਬਾਲਾਂ (ਯੁੱਧਵੀਰਾਂ) ਦੀਆਂ ਅੱਖਾਂ ਵਿੱਚੋਂ ਡਿੱਗਦੇ ਅੱਥਰੂਆਂ ਵਿਚਲੀ ਰੋਸ ਦੀ ਨਮੀ ਵੀ ਬਹੁਤ ਕੁਝ ਕਹਿ ਰਹੀ ਹੈ।ਸਮਾਜ ਦੇ ਨਿਮਨ ਵਰਗ ਨੂੰ ਜਾਗਰੂਕ ਕਰਦੀ ਇਹ ਕਹਾਣੀ ਬਹੁਤ ਕੁਝ ਕਹਿੰਦੀ ਹੈ,ਕਈ ਪ੍ਰਸ਼ਨ ਉਠਾਉਂਦੀ ਹੈ।ਆਪਣੀ ਹੋਂਦ-ਹਸਤੀ ਨੂੰ ਬਚਾਈ ਰੱਖਣ ਦਾ ਸਵਾਲ ਸਭ ਤੋਂ ਵੱਧ ਕਠਿਨ ਵੀ ਹੈ ਤੇ ਮਹੱਤਵਪੂਰਨ ਵੀ! ਮਨੁੱਖ ਨੂੰ ਉਸਦੀ ਜੀਵਨ ਦੀਆਂ ਵਿਸੰਗਤੀਆਂ ਚੈਨ ਨਹੀਂ ਲੈਣ ਦਿੰਦੀਆਂ।ਮਨੁੱਖੀ ਜੀਵਨ ਦੇ ਹੋ ਰਹੇ ਵਿਗਠਨ ਦਾ ਸੰਕਟ ਉਸਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ।ਇਹ ਕਹਾਣੀ ਮਨੁੱਖ ਨੂੰ ਆਤਮ ਚਿੰਤਨ ਕਰਨ ਲਈ ਪ੍ਰੇਰਦੀ ਹੈ। ਕਹਾਣੀਕਾਰ ਲਾਲ ਸਿੰਘ ਨੇ ਮਨੁੱਖ ਦੀ ਮਾਨਸਿਕਤਾ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ,ਸਗੋਂ ਸਮਕਾਲੀ ਸਮਾਜ ਵਿੱਚ ਵਿਆਪਕ ਮਾਨਸਿਕਤਾ ਦੀਆਂ ਤਹਿਆਂ ਨੂੰ ਫਰੋਲਣ ਤੇ ਉਨ੍ਹਾਂ ਨੂੰ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ।

ਕਾਲੀ-ਕਿਤਾਬ‘ ਕਹਾਣੀ ਦੇਸ਼ ਦੇ ਭ੍ਰਿਸ਼ਟ ਪ੍ਰਬੰਧਕੀ ਢਾਂਚੇ ਅਤੇ ਉਸਤੋਂ ਵੀ ਬਦਤਰ ਸਿਸਟਮ ਤੇ ਪ੍ਰਸ਼ਨ ਉਠਾਉਂਦੀ ਹੈ।ਇਮਾਨਦਾਰ ਤੇ ਸੂਖਮਭਾਵੀ ਵਿਅਕਤੀ ਇਸ ਵਿਵਸਥਾ ਤੰਤਰ/ਭ੍ਰਿਸ਼ਟ ਤੰਤਰ ਸਾਹਵੇਂ ਲਾਚਾਰ ਹੋ ਜਾਂਦਾ ਹੈ। ਉਸਦੀ ਕੋਈ ਪੇਸ਼ ਨਹੀਂ ਚੱਲਦੀ।ਫਿਰ ਵੀ ਉਹ ਲੜਾਈ ਲੜ ਰਿਹਾ ਹੈ।ਡਾਹਢੇ ਦਾ ਸੱਤੀਂ ਵੀਹੀਂ ਸੌ‘ ਅਨੁਸਾਰ ਜ਼ੋਰਾਵਰ ਲੋਕ ਸਾਧਾਰਨ ਲੋਕਾਂ ਦੇ ਕੰਮ ਦੀ ਕੋਈ ਕਦਰ ਨਹੀਂ ਕਰਦੇ,ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰਦੇ ਹਨ।ਕਈ ਵਾਰ ਬੇਕਦਰੀ ਵਾਲਾ ਦਫਤਰੀ ਮਾਹੌਲ ਤੇ ਨਿਰਮੋਹਿਆ ਸਮਾਜਿਕ ਮਾਹੌਲ ਮਨੁੱਖ ਨੂੰ ਕੱਖੋਂ ਹੌਲ਼ਿਆਂ ਕਰ ਦਿੰਦੇ ਹਨ।ਇਥੇ ਵੀ ਜਦੋਂ ਮਨੁੱਖ ਦੀ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਅਸਰਅੰੰਦਾਜ਼ ਹੁੰਦੀ ਹੈ ਤਾਂ ਜ਼ਿੰਦਗੀ ਦਾ ਸੁਖਾਵਾਂ ਪਹਿਲੂ ਉਜਾਗਰ ਹੁੰਦਾ ਹੈ।

ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-1(ਮੈਂ)‘ ਕਹਾਣੀ ਪੂੰਜੀਵਾਦ ਦੇ ਪਾਸਾਰੇ ਨਾਲ ਮਨੁੱਖੀ ਵਿਵਹਾਰ ਵਿੱਚ ਵਾਪਰਦੇ ਅਣਕਿਆਸੇ ਪਰਿਵਰਤਨ ਦੀ ਚੀਸ ਵਿੱਚੋਂ ਉਪਜਦੀ ਹੈ।ਸਮੇਂ ਦੇ ਫੇਰ-ਬਦਲ ਨਾਲ ਪਰਿਵਰਤਨ ਵਾਪਰਨਾ ਹੀ ਹੁੰਦਾ ਹੈ। ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਹਨ।ਮਨੁੱਖ ਵਿਯੋਗਿਆ ਜਾਂਦਾ ਹੈ।ਮਨੁੱਖ ਲਈ ਆਪਣੇ ਅੰਦਰਲੇ ਮਨੁੱਖ ਨੂੰ ਜੀਵਤ ਰੱਖ ਸਕਣਾ ਵੀ ਇਕ ਚੁਣੌਤੀ ਬਣ ਜਾਂਦੀ ਹੈ।ਵਿਸ਼ਵੀਕਰਨ ਦੇ ਇਸ ਦੌਰ ਵਿੱਚ ਲੇਖਕ ਜੇ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਰਚਨਾ ਕਰਦਾ ਹੈ ਤਾਂ ਉਹ ਆਪਣਾ ਅਸਲ ਫ਼ਰਜ਼ ਨਿਭਾ ਰਿਹਾ ਹੋਵੇਗਾ।ਵਿਕਾਊ ਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਲੇਖਕ ਕਹਾਣੀਕਾਰ ਲਾਲ ਸਿੰਘ ਦੀ ਰਚਨਾ ਦ੍ਰਿਸ਼ਟੀ ਦੇ ਚੌਖਟੇ ਵਿੱਚ ਫਿਟ ਨਹੀਂ ਬੈਠਦੇ।ਹਾਲਤਾਂ ਅਕਸਰ ਮਨੁੱਖ ਦਾ ਮੋਹ ਭੰਗ ਕਰ ਦਿੰਦੀਆਂ ਹਨ।ਪੁਰਾਣਾ ਪੇਂਡੂ ਸੱਭਿਆਚਾਰ ਮਾਣ ਮਹਿਸੂਸ ਕਰਨ ਵਾਲੀਆਂ ਸਮਾਜਿਕ/ਸਦਾਚਾਰਕ ਕੀਮਤਾਂ ਅਤੇ ਆਪਣੇਪਨ ਦੀਆਂ ਭਾਵਨਾਵਾਂ ਨਾਲ ਜੁੜਿਆ ਰਿਹਾ ਹੈ,ਜਦ ਕਿ ਹੁਣਵਾਂ ਮਨੁੱਖ ਬੇਗਾਨਗੀ,ਇਕੱਲਤਾ ਤੇ ਕੋਰੇ-ਕਰਾਰੇਪਨ ਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ। ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ।ਕਹਾਣੀ ਦੇ ਦੂਜੇ ਭਾਗ ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2(ਤਾਰੀ)‘ ਵਿੱਚ ਤਾਰੀ ਅਠਾਰਾਂ ਸਾਲਾਂ ਬਾਅਦ ਆਪਣੇ ਪਿੰਡ ਪਰਤਦਾ ਹੈ।ਤਾਰੀ ਜਿਨ੍ਹਾਂ ਚੁਣੌਤੀਆਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦਾ ਹੈ,ਕਹਾਣੀਕਾਰ ਉਨ੍ਹਾਂ ਦਾ ਬਿਰਤਾਂਤ ਸਿਰਜਦਾ ਹੈ।ਕਹਾਣੀ ਦੇ ਪਹਿਲੇ ਭਾਗ ਵਿੱਚ ਉਸਦਾ ਦੋਸਤ ਅਰਜਨ ਉਸਨੂੰ ਉਸਦੇ ਮਨੋ-ਸੰਕਟ ਵਿੱਚੋਂ ਕੱਢਣ ਦਾ ਯਤਨ ਕਰਦਾ ਹੈ ਤਾਂ ਇਥੇ ਪੂੰਜੀ ਆਧਾਰਿਤ ਤਰੱਕੀ ਮਾਡਲ ਦਾ ਹਿੱਸਾ ਬਣ ਚੁੱਕਿਆ ਉਸਦਾ ਜਮਾਤੀ ਪੰਡਤ ਰਾਮ ਰਤਨ ਉਸਨੂੰਉਸ ਵਾਂਗ,ਉਸ ਵੱਲੋਂ ਅਪਣਾਏ ਮਾਡਲ ਦਾ ਹਿੱਸਾ ਬਣਨ ਲਈ ਕਹਿੰਦਾ ਹੈ ਪਰ ਉਹ ਸ਼ਹਿਰ ਜਾ ਕੇ ਕਿਸੇ ਕਾਰਖਾਨੇ ਵਿੱਚ ਨੌਕਰੀ ਕਰਨ ਦੇ ਆਪਣੇ ਇਰਾਦੇ ਨੂੰ ਤਰਜੀਹ ਦਿੰਦਾ ਹੈ। ਕਹਾਣੀਕਾਰ ਨੌਜਵਾਨ ਵਰਗ ਨੂੰ ਸੱਦਾ ਦਿੰਦਾ ਹੈ ਕਿ ਉਹ ਨਿਹਾਲਪੁਰ ਵਰਗੇ ਸਿਹਤਮੰਦ ਮਾਨਵੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਪਿੰਡ ਦੀਆਂ ਰਵਾਇਤਾਂ ਤੇ ਭਾਈਚਾਰਕ ਸਾਂਝ ਨੂੰ ਜੀਉਂਦਿਆਂ ਰੱਖਣ !  ਮਨੁੱਖੀ ਕਿਰਦਾਰ ਤੇ ਵਿਵਹਾਰ ਵਿੱਚ ਵਾਪਰਦਾ ਪਰਿਵਰਤਨ ਬਹੁਤੀ ਵਾਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ,ਜਿਸਨੂੰ ਚੇਤੰਨ ਤੇ ਸਮੇਂ ਦੀ ਨਬਜ਼ ਪਛਾਣਨ ਵਾਲਾ ਕਹਾਣੀਕਾਰ ਲਾਲ ਸਿੰਘ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ।

ਰੂ-ਬ-ਰੂ‘ ਕਹਾਣੀ ਖਰਾ ਸੱਚ ਕਹਿਣ ਦੀ ਜੁਰਅਤ ਕਰਦੀ ਹੈ।ਇਕ ਰੂ-ਬਰੂ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਹਾਣੀਕਾਰ ਲੇਖਕਾਂ ਨੂੰ ਲੱਚਰਤਾ ਤੋਂ ਬਚਣ ਲਈ ਕਹਿੰਦਾ ਹੈ।ਸਸਤੀ ਪ੍ਰਸਿੱਧੀ ਤੇ ਸ਼ੁਹਰਤ ਹਾਸਲ ਕਰਨ ਲਈ ਇਸਨੂੰ ਸ਼ੌਰਟ ਕੱਟ ਰਸਤਾ‘ ਨਹੀਂ ਬਣਾਇਆ ਜਾਣਾ ਚਾਹੀਦਾ। ਲੇਖਕ ਲੋਕ ਹਿਤੂ ਹੋਣਾ ਚਾਹੀਦਾ ਹੈ।ਸਰਕਾਰੀ ਸਰਪ੍ਰਸਤੀ ਹਾਸਲ ਕਰਕੇ ਵਕਤੀ ਵਾਹ ਵਾਹ‘ ਤਾਂ ਖੱਟੀ ਜਾ ਸਕਦੀ ਹੈ ਪਰ ਲੋਕ ਮਕਬੂਲੀਅਤ ਪ੍ਰਾਪਤ ਲੇਖਕ ਨਹੀਂ ਬਣਿਆ ਜਾ ਸਕਦਾ। ਲੇਖਕ ਦੀ ਪ੍ਰਤੀਬੱਧਤਾ ਸਮਾਜ ਪ੍ਰਤੀ ਹੋਣੀ ਚਾਹੀਦੀ ਹੈ ਨਾ ਕਿ ਸੱਤਾ ਪ੍ਰਤੀ !

ਸੱਥ‘ ਕਹਾਣੀ ਵੀ ਇਕ ਤੀਬਰ ਸਮਾਜਿਕ ਸਮੱਸਿਆ ਵਿੱਚੋਂ ਪ੍ਰਗਟ ਹੁੰਦੀ ਚਿੰਤਾ ਵਿੱਚੋਂ ਉਪਜਦੀ ਹੈ। ਗ਼ੈਰ-ਮਨੁੱੱਖੀ ਸਮਾਜਿਕ ਚਲਨ ਜਿੰਦਰ ਵਰਗੀਆਂ ਔਰਤਾਂ ਦੀ ਜਾਨ ਲੈਣ ਦਾ ਕਾਰਨ ਬਣਦਾ ਹੈ।ਕਿਸੇ ਵੀ ਸਮਾਜ ਵਾਸਤੇ ਇਹ ਚਿੰਤਾ ਦਾ ਵਿਸ਼ਾ ਤਾਂ ਹੈ ਹੀ,ਚਿੰਤਨ ਕਰਨ ਦਾ ਵਿਸ਼ਾ ਵੀ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਅਜਿਹੀਆਂ ਅਣਹੋਣੀਆਂ ਦੇ ਕਾਰਨ,ਉਪਾਅ ਅਤੇ ਹੱਲ ਲੱਭਣ ਉਪਰ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ  ਵਾਪਰਨੋ ਘਟ ਸਕਣ।ਸਾਧਾਰਨ ਸੋਚ ਵਾਲੇ ਵਿਅਕਤੀ ਨੂੰ ਵੀ ਇਹ ਕਹਾਣੀ ਹੋਰ ਗਹਿਰਾਈ ਨਾਲ ਕੁਝ ਸੋਚਣ ਲਈ ਪ੍ਰੇਰਿਤ ਵੀ ਕਰਦੀ ਹੈ ਤੇ ਸੇਧ ਵੀ ਪ੍ਰਦਾਨ ਕਰਦੀ ਹੈ।

ਇਹ ਲਾਲ ਸਿੰਘ ਦਸੂਹਾ ਦੀ ਕਹਾਣੀ ਕਲਾ ਦਾ ਕਮਾਲ ਹੈ ਕਿ ਉਹ ਜ਼ਿੰਦਗੀ ਦੇ ਸੱਚ ਤੋਂ ਗਲਪ ਦਾ ਸੱਚ ਬਣ ਕੇ ਪ੍ਰਗਟ ਹੁੰਦੀਆਂ ਆਪਣੀਆਂ ਕਹਾਣੀਆਂ ਦੀ ਤਸਵੀਰਕਸ਼ੀ ਕਰਦਿਆਂ ਕਿਸੇ ਉਚੇਚ ਤੋਂ ਕੰਮ ਨਹੀਂ ਲੈਂਦਾ।ਉਸਦੀਆਂ ਕਹਾਣੀਆਂ ਜਦੋਂ ਜੀਵਨ ਦੇ ਸੱਚ ਤੋਂ ਗਲਪ ਦਾ ਸੱਚ ਬਣਦੀਆਂ ਹਨ ਤਾਂ ਉਸਦੀ ਯਥਾਰਥ ਨੂੰ ਚਿਤਰਣ ਦੀ ਦ੍ਰਿਸ਼ਟੀ ਤੇ ਸਮਰੱਥਾ ਦਾ ਹੁਨਰ ਵੇਖਣ ਵਾਲਾ ਹੁੰਦਾ ਹੈ। ਦੁਨਿਆਵੀ ਸੱਚ ਨੂੰ ਗਲਪ ਦੇ ਵਿੱਚ ਉਹ ਬੜੀ ਸਫਲਤਾ ਨਾਲ ਢਾਲ ਸਕਿਆ ਹੈ।ਆਪਣੀਆਂ ਕਹਾਣੀਆਂ ਵਿੱਚ ਉਹ ਇਸ ਦਿਸਦੀ ਦੁਨੀਆ ਦੇ ਸਮਾਨਾਂਤਰ ਇਕ ਵੱਖਰਾ ਕਹਾਣੀ ਜਗਤ ਵਸਾ ਲੈਂਦਾ ਹੈ।ਇਹ ਉਸਦੀ ਕਹਾਣੀ ਕਲਾ ਦਾ ਵਿਸ਼ੇਸ਼ ਤੇ ਵਿਲੱਖਣ ਪਹਿਲੂ ਹੋ ਨਿਬੜਦਾ ਹੈ। ਕਹਾਣੀਕਾਰ ਲਾਲ ਸਿੰਘ ਪੰਜਾਬ ਦੇ ਲੋਕ ਜੀਵਨ ਦਾ ਨਿਕਟ ਅਨੁਭਵ ਰੱਖਦਾ ਹੈ।ਉਹ ਸਮਝਦਾ ਹੈ ਕਿ ਉੱਤਮ ਸਮਾਜ ਦੀ ਸਿਰਜਣਾ ਮਨੁੱਖ ਦੇ ਸਿਧਾਂਤਾਂ ਉਪਰ ਟਿਕੇ ਹੋਣ,ਇਮਾਨਦਾਰੀ ਉਪਰ ਪਹਿਰਾ ਦੇਣ,ਮਿਹਨਤ/ਸੰਘਰਸ਼ ਕਰਨ ਅਤੇ ਆਪਣੇ ਕਾਰਜ ਪ੍ਰਤੀ ਪ੍ਰਤੀਬੱਧ ਹੋਣ ਉਪਰ ਨਿਰਭਰ ਕਰਦੀ ਹੈ। ਆਪਣੇ ਵਿਚਾਰਾਂ ਦੀ ਅਭਿਵਿਅਕਤੀ ਲਈ ਲੇਖਕ ਆਪਣੇ ਪਾਤਰਾਂ ਨੂੰ ਮਾਧਿਅਮ ਬਣਾਉਂਦਾ ਹੈ।ਅਜਿਹੇ ਮੌਕਿਆਂ ਤੇ ਵੀ ਲੇਖਕ ਆਪਣੀ ਸਿਰਜਣਾਤਮਿਕ ਸਮਰੱਥਾ ਤੇ ਗਲਪ ਕਲਾ ਦਾ ਲੋਹਾ ਮੰਨਵਾਉਂਦਾ ਨਜ਼ਰ ਆਉਂਦਾ ਹੈ। ਸਮਾਜਿਕ ਸਿਸਟਮ ਦੀ ਮਿਸ਼ਰਤ ਅਰਥ ਵਿਵਸਥਾ ਦੇ ਸੰਦਰਭ ਵਿੱਚ ਸਮਾਜ ਵਿੱਚ ਔਰਤ ਦੀ ਸਥਿਤੀ,ਘਰੇਲੂ ਕਲੇਸ਼ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਤੇ ਸੀਮਾਵਾਂ,ਜੀਵਨ ਦੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ,ਘਰਾਂ ਦੀ ਆਰਥਕ ਮੰਦਹਾਲੀਸ਼ੋਸ਼ਣਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਉਨ੍ਹਾਂ ਦੇ ਰੂਪਾਂਤਰਣ ਆਦਿ ਨੂੰ ਕਹਾਣੀਕਾਰ ਲਾਲ ਸਿੰਘ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ।

ਉਹ(ਅਤੇ ਉਸਦੇ ਪਾਤਰ ਵੀ) ਕਠੋਰ ਅਤੇ ਗ਼ੈਰ-ਮੁਆਫ਼ਿਕ ਹਾਲਤਾਂ ਵਿੱਚ ਵੀ ਜ਼ਿੰਦਗੀ ਜਿਉਣ ਅਤੇ ਮਾਣਨ ਵਿੱਚ ਵਿਸ਼ਵਾਸ ਰੱਖਦਾ ਹੈ(ਰੱਖਦੇ ਹਨ)। ਕਹਾਣੀਕਾਰ ਭ੍ਰਿਸ਼ਟ ਸਮਾਜਿਕ/ਆਰਥਿਕ ਵਿਵਸਥਾ ਦਾ ਗਹਿਰਾ ਵਿਸ਼ਲੇਸ਼ਣ ਕਰਕੇ ਉਸਦੇ ਦੂਰ ਰਸ ਭਵਿੱਖੀ ਪ੍ਰਭਾਵਾਂ ਵੱਲ ਵੀ ਸੰਕੇਤ ਕਰਦਾ ਹੈ।ਜ਼ਿੰਦਗੀ ਪ੍ਰਤੀ ਗਹਿਰੀ ਅਤੇ ਵਿਆਪਕ ਸੂਝ ਦੇ ਝਲਕਾਰੇ ਉਸਦੀਆਂ ਕਹਾਣੀਆਂ ਵਿੱਚੋਂ ਸਹਿਜੇ ਹੀ ਮਿਲ ਜਾਂਦੇ ਹਨ। ਲਾਲ ਸਿੰਘ ਜਜ਼ਬਾਤੀ ਘਟਨਾਵਾਂ ਨੂੰ ਜੋੜ ਕੇ ਕਹਾਣੀ ਨਹੀਂ ਘੜਦਾ,ਸਗੋਂ ਬੁੱਧੀ ਤੇ ਵਿਵੇਕ ਨੂੰ ਟੁੰਬਣ ਵਾਲੀਆਂ ਘਟਨਾਵਾਂ,ਵਿਚਾਰਾਂ ਨੂੰ ਕਹਾਣੀ ਦੀ ਸਮੱਗਰੀ ਬਣਾਉਂਦਾ ਹੈ ਤੇ ਉਨ੍ਹਾਂ ਨੂੰ ਕਹਾਣੀ ਦੇ ਕਰਾਫ਼ਟ ਵਿੱਚ ਢਾਲਦਾ ਹੈ। ਉਹ ਪੁਰਾਣੇ ਪੇਂਡੂ ਭਾਈਚਾਰੇ ਵਿਚਲੇ ਮਾਨਵੀ  ਨਿੱਘ ਅਤੇ ਪਿਆਰ ਨੂੰ ਅਤੇ ਪਦਾਰਥਕ ਹਾਲਤਾਂ ਵਿੱਚ ਬਦਲ ਰਹੇ ਪੇਂਡੂ ਭਾਈਚਾਰੇ ਦੀ ਤਸਵੀਰ ਨੂੰ ਵੀ ਬਾਖੂਬੀ ਉਲੀਕਦਾ ਹੈ।ਕਹਾਣੀਕਾਰ ਲਾਲ ਸਿੰਘ ਘਟਨਾਵਾਂ ਦੀ ਚੋਣ ਆਪਣੇ ਅਨੁਭਵ ਵਿੱਚੋਂ ਕਰਦਾ ਹੈ ਜਾਂ ਆਪਣੀ ਚਿੰਤਨ ਸਮਰੱਥਾ ਦੁਆਰਾ ਅਜਿਹੀਆਂ ਘਟਨਾਵਾਂ ਦੀ ਸਿਰਜਣਾ ਕਰ ਲੈਂਦਾ ਹੈ,ਜਿਹੜੀਆਂ ਉਸਦੇ ਗਲਪ ਤੱਥ ਨੂੰ ਉਜਾਗਰ ਕਰਨ ਵਾਲੀਆਂ ਹੁੰਦੀਆਂ ਹਨ।ਇੰਜਉਹ ਕਹਾਣੀ ਦੇ ਤੀਬਰਪ੍ਰਭਾਵਸ਼ਾਲੀ ਤੇ ਤੀਖਣ ਪ੍ਰਭਾਵ ਦੀ ਸਿਰਜਣਾ ਕਰਨ ਵਿੱਚ ਕਾਮਯਾਬ ਹੁੰਦਾ ਹੈ।

ਲਾਲ ਸਿੰਘ ਦਸੂਹਾ ਸਾਹਿਤ ਤੇ ਸਮਾਜ ਪ੍ਰਤੀ ਆਪਣੀ ਸੁਹਿਰਦ ਜ਼ਿੰਮੇਵਾਰੀ ਨੂੰ ਸਮਝਦਾ ਹੈ।ਮਕਸਦ ਨੂੰ ਮੁੱਖ ਰੱਖ ਕੇ ਮਨੋਰਥਮੁਖੀ ਕਹਾਣੀ ਦੀ ਰਚਨਾ ਕਰਨ ਵਜੋਂ ਜਾਣੇ ਜਾਂਦੇ ਕਹਾਣੀਕਾਰ ਲਾਲ ਸਿੰਘ ਦਾ ਸਮਾਜ ਦੀਆਂ ਸਿਰਜਣਾਤਮਿਕ ਸ਼ਕਤੀਆਂ ਉਪਰ ਦਿੜ੍ਹ ਵਿਸ਼ਵਾਸ ਹੈ।ਉਸਦੀਆਂ ਕਹਾਣੀਆਂ ਲੋਕ-ਹਿਤੂ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹਹੱਲਾਸ਼ੇਰੀ,ਪ੍ਰੇਰਨਾ ਤੇ ਸਾਹਿਸ ਪ੍ਰਦਾਨ ਕਰਦੀਆਂ ਹਨ। ਇਹ ਕਹਾਣੀਆਂ ਪਾਠਕ ਦੇ ਮਨ ਨੂੰ ਛੂੰਹਦੀਆਂ ਹਨ ਤੇ ਸੋਚ ਨੂੰ ਜਗਾਉਂਦੀਆਂ ਹਨ।ਇਸੇ ਲਈ ਯੁੱਧਵੀਰ‘ ਪੁਸਤਕ ਨੂੰ ਮੈਂ ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ ਕਹਿੰਦਾ ਹਾਂ।ਇਨ੍ਹਾਂ ਕਹਾਣੀਆਂ ਦਾ ਇਹ ਹਾਂਦਰੂ ਪੱਖ ਵੀ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਉਹ ਜ਼ਿੰਦਗੀ ਦੇ ਰਹੱਸ ਨੂੰ ਸਮਝਣ ਅਤੇ ਇਸਦੇ ਡੂੰਘੇ ਅਰਥਾਂ ਦਾ ਬੋਧ ਕਰਾਉਣ ਵਿੱਚ ਸਹਾਈ ਹੁੰਦੀਆਂ ਹਨ। ਕਹਾਣੀਕਾਰ ਲਾਲ ਸਿੰਘ ਦਸੂਹਾ ਬਿਨਾਂ ਕਿਸੇ ਪ੍ਰਚਾਰ ਦੇ ਮੱਧਮ ਸੁਰ ਵਾਲੀ ਸਰਲ ਤੇ ਲੋਕ ਭਾਸ਼ਾ ਦੀ ਵਰਤੋਂ ਕਰਕੇ ਪਾਠਕ ਨਾਲ ਸਿੱਧਾ ਰਾਫ਼ਤਾ ਸਥਾਪਤ ਕਰ ਲੈਂਦਾ ਹੈ।ਸਹਿਜ,ਸਰਲ ਤੇ ਸੂਤਰਕ ਸ਼ੈਲੀ ਦੀ ਵਰਤੋਂ ਰਾਹੀਂ ਲੇਖਕ ਸਹਿਜ-ਸੁਭਾਵਿਕ ਲਹਿਜੇ ਰਾਹੀਂ ਆਪਣੀ ਗੱਲ ਕਹਿ ਜਾਂਦਾ ਹੈ।ਸੰਕੁਚਿਤ ਸ਼ੈਲੀ,ਤੀਬਰ ਚਰਿੱਤਰ ਵਿਕਾਸ,ਅਰਥ ਭਰਪੂਰ ਤੇ ਪ੍ਰਭਾਵਸ਼ਾਲੀ ਸੰਵਾਦ ਅਤੇ ਢੁੱਕਵੇਂ ਪ੍ਰਤੀਕ ਇਨ੍ਹਾਂ ਕਹਾਣੀਆਂ ਦੇ ਸਾਹਿਤਕ ਮੁੱਲ ਵਿੱਚ ਵਾਧਾ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਪ੍ਰਸਤੁਤ ਵਸਤੂ ਅਨੁਭਵ ਪ੍ਰਬੁੱਧ ਸਿਰਜਕ ਲਾਲ ਸਿੰਘ ਦਸੂਹਾ ਦੀ ਰਚਨਾਤਮਿਕ ਸਮਰੱਥਾ ਦਾ ਪ੍ਰਮਾਣ ਬਣਦਾ ਹੈ।

R-3-254x300 ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ : ਯੁੱਧਵੀਰ/ਡਾ. ਪ੍ਰਿਤਪਾਲ ਸਿੰਘ ਮਹਿਰੋਕ

ਡਾ.ਪ੍ਰਿਤਪਾਲ ਸਿੰਘ ਮਹਿਰੋਕ

185-ਵਸੰਤ ਵਿਹਾਰਡੀ.ਸੀ. ਰੈਜ਼ੀਡੈਂਸ ਰੋਡ,

ਹੁਸ਼ਿਆਰਪੁਰ –146 001

Share this content:

Post Comment